ਰੰਗ ਲਿਆ ਰਹੇ ਦਿਨੇਸ਼ ਚੱਢਾ ਦੇ ਉਪਰਾਲੇ ਨੂਰਪੁਰਬੇਦੀ ਦੀ ਵਿਕਾਸ ਤਸਵੀਰ ਬਦਲਣ ਲਈ ਵਿਧਾਇਕ ਦਿਨੇਸ਼ ਚੱਢਾ ਦੇ ਯਤਨ ਲਿਆ ਰਹੇ ਨੇ ਰੰਗ
Publish Date: Fri, 20 Nov 2026 05:14 PM (IST)
Updated Date: Fri, 20 Nov 2026 05:16 PM (IST)
ਸ਼ਹਿਰ ਨੂੰ ਮਿਲੀਆਂ ਕਈ ਅਹਿਮ ਸੌਗਾਤਾਂ ਕਮਿਊਨਿਟੀ ਸੈਂਟਰ ਤੋਂ ਲੈ ਕੇ ਇਨਡੋਰ ਸਟੇਡੀਅਮ ਤੱਕ ਵਿਕਾਸ ਕਾਰਜਾਂ ਦੀ ਝੜੀ ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ: ਖੇਤਰ ਦਾ ਮੁੱਖ ਕੇਂਦਰ ਬਿੰਦੂ ਨੂਰਪੁਰਬੇਦੀ ਸ਼ਹਿਰ ਦੀ ਵਿਕਾਸ ਯਾਤਰਾ ’ਤੇ ਨਜ਼ਰ ਮਾਰੀ ਜਾਵੇ ਤਾਂ ਪਿਛਲੇ ਸਮੇਂ ਦੌਰਾਨ ਇੱਥੇ ਕਈ ਅਜਿਹੇ ਬੁਨਿਆਦੀ ਢਾਂਚੇ ਨਾਲ ਜੁੜੇ ਕੰਮ ਹੋਏ ਹਨ, ਜਿਨ੍ਹਾਂ ਦੀ ਸ਼ਹਿਰ ਵਾਸੀਆਂ ਵੱਲੋਂ ਲੰਮੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਸੀ। ਇਨ੍ਹਾਂ ਕੰਮਾਂ ਨੂੰ ਅਮਲੀ ਰੂਪ ਦੇਣ ਲਈ ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਵੱਲੋਂ ਕੀਤੇ ਯਤਨ ਹੁਣ ਸ਼ਹਿਰ ਦੀ ਬਦਲਦੀ ਦਿੱਖ ਦੇ ਰੂਪ ’ਚ ਸਾਹਮਣੇ ਆ ਰਹੇ ਹਨ। ਸਿਆਸੀ ਦਾਅਵਿਆਂ ਤੋਂ ਵੱਖ ਹੋ ਕੇ ਜੇਕਰ ਵਿਕਾਸ ਕਾਰਜਾਂ ਦੀ ਗੱਲ ਕੀਤੀ ਜਾਵੇ ਤਾਂ ਸਿਹਤ, ਖੇਡਾਂ, ਸੜਕਾਂ, ਪੀਣ ਵਾਲੇ ਪਾਣੀ ਤੇ ਨਿਕਾਸੀ ਪ੍ਰਬੰਧਾਂ ਨਾਲ ਸਬੰਧਤ ਕਈ ਅਹਿਮ ਪ੍ਰੋਜੈਕਟ ਇਸ ਸਮੇਂ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਸ਼ਹਿਰ ’ਚ ਪੁਰਾਣੇ ਹਸਪਤਾਲ ਦੀ ਖੰਡਰਨੁਮਾ ਇਮਾਰਤ ਦੀ ਥਾਂ ਸੁੰਦਰ ਕਮਿਊਨਿਟੀ ਸੈਂਟਰ ਦੀ ਉਸਾਰੀ ਕਰਵਾਉਣਾ ਇੱਕ ਅਹਿਮ ਉਪਰਾਲਾ ਰਿਹਾ ਹੈ। ਇਸ ਨਾਲ ਸਬੰਧਤ ਮੁਹੱਲੇ ਦੇ ਲੋਕਾਂ ਨੂੰ ਸਮਾਜਿਕ ਤੇ ਸਾਂਝੇ ਸਮਾਗਮਾਂ ਲਈ ਬਿਹਤਰ ਸਹੂਲਤ ਮਿਲੀ ਹੈ। ਇਸੇ ਤਰ੍ਹਾਂ ਬਾਜ਼ਾਰ ਦੇ ਦੁਕਾਨਦਾਰਾਂ ਦੀ ਲੰਮੇ ਸਮੇਂ ਤੋਂ ਚੱਲੀ ਆ ਰਹੀ ਮੰਗ ਨੂੰ ਧਿਆਨ ’ਚ ਰੱਖਦਿਆਂ ਪੂਰੇ ਬਾਜ਼ਾਰ ’ਚ ਇੰਟਰਲਾਕ ਟਾਈਲਾਂ ਲਗਵਾਈਆਂ ਗਈਆਂ। ਕੰਨਿਆ ਸਕੂਲ ਵਾਲੀ ਸੜਕ ਨੂੰ ਵੀ ਇੰਟਰਲਾਕ ਟਾਈਲਾਂ ਨਾਲ ਨਵੀਂ ਦਿੱਖ ਦਿੱਤੀ ਗਈ। ਇਸ ਤੋਂ ਇਲਾਵਾ ਨੂਰਪੁਰਬੇਦੀ-ਰੂਪਨਗਰ ਸੜਕ ਤੋਂ ਬਾਜ਼ਾਰ ਵੱਲ ਜਾਂਦੇ ਗੰਦੇ ਨਾਲੇ ਨੂੰ ਪੱਕਾ ਕਰਵਾ ਕੇ ਉਸ ਦੇ ਨਾਲ ਸੁੰਦਰ ਸੜਕ ਦਾ ਨਿਰਮਾਣ ਕਰਵਾਇਆ ਗਿਆ, ਜਿਸ ਨਾਲ ਇਲਾਕੇ ਦੀ ਦਿੱਖ ’ਚ ਵੀ ਸੁਧਾਰ ਆਇਆ ਹੈ। ਖੇਡਾਂ ਦੇ ਖੇਤਰ ’ਚ ਵੀ ਵਿਧਾਇਕ ਦਿਨੇਸ਼ ਚੱਢਾ ਵੱਲੋਂ ਕੀਤੇ ਜਾ ਰਹੇ ਯਤਨ ਵਿਸ਼ੇਸ਼ ਮਹੱਤਵ ਰੱਖਦੇ ਹਨ। ਨੂਰਪੁਰਬੇਦੀ ਇਲਾਕੇ ’ਚ ਇਨਡੋਰ ਸਟੇਡੀਅਮ ਦੀ ਘਾਟ ਲੰਮੇ ਸਮੇਂ ਤੋਂ ਮਹਿਸੂਸ ਕੀਤੀ ਜਾ ਰਹੀ ਸੀ। ਹੁਣ ਨੂਰਪੁਰਬੇਦੀ-ਗੜ੍ਹਸ਼ੰਕਰ ਰੋਡ ’ਤੇ ਕਰੀਬ ਸਵਾ ਕਰੋੜ ਰੁਪਏ ਦੀ ਲਾਗਤ ਨਾਲ ਸ਼ਾਨਦਾਰ ਇਨਡੋਰ ਸਟੇਡੀਅਮ ਦੀ ਉਸਾਰੀ ਕਰਵਾਈ ਜਾ ਰਹੀ ਹੈ। ਇਸ ਸਹੂਲਤ ਨਾਲ ਬੱਚਿਆਂ ਤੇ ਨੌਜਵਾਨਾਂ ਨੂੰ ਬੈਡਮਿੰਟਨ ਸਮੇਤ ਹੋਰ ਇਨਡੋਰ ਖੇਡਾਂ ਲਈ ਬਿਹਤਰ ਮੌਕੇ ਮਿਲਣਗੇ। ਕੁੱਲ ਮਿਲਾ ਕੇ ਨੂਰਪੁਰਬੇਦੀ ਦੇ ਵਿਕਾਸ ਕਾਰਜਾਂ ’ਚ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਦੀ ਸਰਗਰਮੀ ਤੇ ਪੰਚਾਇਤ ਨਾਲ ਤਾਲਮੇਲ ਇੱਕ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆ ਰਹੇ ਹਨ। ਹੁਣ ਇਨ੍ਹਾਂ ਪ੍ਰੋਜੈਕਟਾਂ ’ਚੋਂ ਕਈ ਮੁਕੰਮਲ ਹੋ ਚੁੱਕੇ ਹਨ, ਜਦਕਿ ਕੁਝ ਉਸਾਰੀ ਜਾਂ ਸ਼ੁਰੂਆਤੀ ਪੜਾਅ ’ਚ ਹਨ। ਸ਼ਹਿਰ ਵਾਸੀਆਂ ਦੀਆਂ ਨਜ਼ਰਾਂ ਹੁਣ ਇਨ੍ਹਾਂ ਪ੍ਰੋਜੈਕਟਾਂ ਦੇ ਪੂਰੀ ਤਰ੍ਹਾਂ ਮੁਕੰਮਲ ਹੋਣ ’ਤੇ ਟਿਕੀਆਂ ਹਨ। ਜੇਕਰ ਇਹ ਯੋਜਨਾਵਾਂ ਨਿਰਧਾਰਤ ਸਮੇਂ ਅਨੁਸਾਰ ਨੇਪਰੇ ਚੜ੍ਹਦੀਆਂ ਹਨ ਤਾਂ ਨੂਰਪੁਰਬੇਦੀ ਨੂੰ ਆਉਣ ਵਾਲੇ ਸਮੇਂ ’ਚ ਖੇਡਾਂ, ਬੁਨਿਆਦੀ ਸਹੂਲਤਾਂ ਤੇ ਸੁੰਦਰਤਾ ਪੱਖੋਂ ਇੱਕ ਨਵੀਂ ਪਛਾਣ ਮਿਲ ਸਕਦੀ ਹੈ।