ਸੁਖਵਿੰਦਰ ਬੜਵਾ ਵੱਲੋਂ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੇ ਪਿੰਡ ਪਹੁੰਚਣ ਮੌਕੇ ਅਨੁਸ਼ਾਸਨ ਬਣਾਈ ਰੱਖਣ ਦੀ ਅਪੀਲ ਸੁਖਵਿੰਦਰ ਬੜਵਾ ਨੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੇ ਪਿੰਡ ਪਹੁੰਚਣ ਮੌਕੇ ਸੰਗਤ ਨੂੰ ਅਨੁਸ਼ਾਸਨ ਬਣਾਈ ਰੱਖਣ ਦੀ ਕੀਤੀ ਅਪੀਲ
Publish Date: Fri, 20 Nov 2026 04:31 PM (IST)
Updated Date: Fri, 20 Nov 2026 04:34 PM (IST)
ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ : ਅਕਾਲੀ ਦਲ ਵਾਰਿਸ ਪੰਜਾਬ ਦੇ ਹਲਕਾ ਰੋਪੜ ਨਾਲ ਸਬੰਧਤ ਆਗੂ ਸੁਖਵਿੰਦਰ ਸਿੰਘ ਬੜਵਾ ਨੇ ਸਮੂਹ ਸੰਗਤ, ਪਾਰਟੀ ਵਰਕਰਾਂ ਤੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੇ ਸਮਰਥਕਾਂ ਨੂੰ ਵਿਸ਼ੇਸ਼ ਅਪੀਲ ਕਰਦਿਆਂ ਕਿਹਾ ਕਿ ਅੱਜ ਪਿੰਡ ਜੱਲੂਪੁਰ ਖੇੜਾ ਵਿਖੇ ਪਹੁੰਚਣ ਸਮੇਂ ਪੂਰਨ ਅਨੁਸ਼ਾਸਨ, ਸੰਜਮ ਤੇ ਆਪਸੀ ਸਹਿਯੋਗ ਦਾ ਪ੍ਰਗਟਾਵਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਸ ਮੌਕੇ ਸੰਗਤ ਦੀ ਵੱਡੀ ਆਮਦ ਨੂੰ ਦੇਖਦਿਆਂ ਹਰ ਵਿਅਕਤੀ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਸਮੁੱਚੇ ਪ੍ਰਬੰਧਾਂ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ’ਚ ਆਪਣਾ ਯੋਗਦਾਨ ਪਾਵੇ। ਸੁਖਵਿੰਦਰ ਸਿੰਘ ਬੜਵਾ ਨੇ ਕਿਹਾ ਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਸਮੂਹ ਵਰਕਰਾਂ ਤੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੇ ਸਮਰਥਕਾਂ ਨੂੰ ਅਪੀਲ ਹੈ ਕਿ ਪ੍ਰਬੰਧਕਾਂ ਵੱਲੋਂ ਜਾਰੀ ਕੀਤੇ ਗਏ ਰੂਟ ਮੈਪ ਤੇ ਵਿਸ਼ੇਸ਼ ਹਦਾਇਤਾਂ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਜਾਵੇ। ਸੰਗਤ ਆਪਣੇ ਵਾਹਨ ਨਿਰਧਾਰਤ ਕੀਤੇ ਗਏ ਪਾਰਕਿੰਗ ਸਥਾਨਾਂ ਤੇ ਹੀ ਖੜ੍ਹੇ ਕਰੇ ਤਾਂ ਜੋ ਆਵਾਜਾਈ ’ਚ ਕਿਸੇ ਕਿਸਮ ਦੀ ਰੁਕਾਵਟ ਪੈਦਾ ਨਾ ਹੋਵੇ ਤੇ ਆਮ ਲੋਕਾਂ ਨੂੰ ਵੀ ਆਉਣ-ਜਾਣ ’ਚ ਕੋਈ ਮੁਸ਼ਕਲ ਪੇਸ਼ ਨਾ ਆਵੇ। ਉਨ੍ਹਾਂ ਕਿਹਾ ਕਿ ਲੰਗਰ ਦੀ ਸੇਵਾ ਸਮੇਤ ਹੋਰ ਸਾਰੇ ਪ੍ਰਬੰਧਾਂ ਦੌਰਾਨ ਵੀ ਸੰਗਤ ਵੱਲੋਂ ਪੂਰਾ ਸਹਿਯੋਗ ਦਿੱਤਾ ਜਾਵੇ ਤੇ ਕਿਸੇ ਵੀ ਤਰ੍ਹਾਂ ਦੀ ਜਲਦਬਾਜ਼ੀ ਜਾਂ ਅਵਿਵਸਥਾ ਤੋਂ ਗੁਰੇਜ਼ ਕੀਤਾ ਜਾਵੇ। ਸੇਵਾ, ਸੰਜਮ ਤੇ ਅਨੁਸ਼ਾਸਨ ਸਿੱਖੀ ਜੀਵਨ ਦੇ ਅਹਿਮ ਗੁਣ ਹਨ, ਜਿਨ੍ਹਾਂ ਨੂੰ ਅਮਲੀ ਰੂਪ ’ਚ ਦਰਸਾਉਣ ਦੀ ਲੋੜ ਹੈ। ਉਨ੍ਹਾਂ ਅੰਤ ’ਚ ਕਿਹਾ ਕਿ ਸਾਡੀ ਪਹਿਚਾਣ ਸਾਡਾ ਸੰਜਮ, ਸੂਝ-ਬੂਝ ਤੇ ਅਨੁਸ਼ਾਸਨ ਹੈ। ਇਸ ਲਈ ਸਮੂਹ ਸੰਗਤ ਆਪਸੀ ਪਿਆਰ, ਸ਼ਾਂਤੀ ਤੇ ਭਾਈਚਾਰਕ ਸਾਂਝ ਨੂੰ ਕਾਇਮ ਰੱਖਦਿਆਂ ਪ੍ਰਬੰਧਕਾਂ ਦਾ ਸਾਥ ਦੇਵੇ, ਤਾਂ ਜੋ 21 ਨਵੰਬਰ ਦਾ ਇਹ ਦਿਨ ਸ਼ਾਂਤਮਈ ਤੇ ਸੁਚੱਜੇ ਢੰਗ ਨਾਲ ਨੇਪਰੇ ਚੜ੍ਹ ਸਕੇ।