ਏਆਈ ਟੈਕਨੋਲੋਜੀ ਮਨੁੱਖਤਾ ਲਈ ਵਰਦਾਨ ਜਾਂ ਸਰਾਪ? ਏਆਈ ਟੈਕਨੋਲੋਜੀ ਮਨੁੱਖਤਾ ਲਈ ਵਰਦਾਨ ਜਾਂ ਸਰਾਪ? ਨਿੱਜੀ ਡਾਟਾ ਸਾਂਝਾ ਕਰਨਾ ਭਵਿੱਖ ਵਿੱਚ ਬਣ ਸਕਦੈ ਵੱਡਾ ਖ਼ਤਰਾ
Publish Date: Fri, 20 Nov 2026 04:29 PM (IST)
Updated Date: Fri, 20 Nov 2026 04:31 PM (IST)
ਨਿੱਜੀ ਡਾਟਾ ਸਾਂਝਾ ਕਰਨਾ ਭਵਿੱਖ ’ਚ ਬਣ ਸਕਦੈ ਵੱਡਾ ਖ਼ਤਰਾ ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ : ਅੱਜ ਦਾ ਯੁੱਗ ਤਕਨੀਕੀ ਕ੍ਰਾਂਤੀ ਦਾ ਯੁੱਗ ਹੈ। ਇਨਸਾਨ ਨੇ ਆਪਣੀ ਬੁੱਧੀ ਤੇ ਵਿਗਿਆਨਕ ਸੋਚ ਦੇ ਦਮ ’ਤੇ ਅਜਿਹੀਆਂ ਕਾਢਾਂ ਕੱਢੀਆਂ ਹਨ, ਜਿਨ੍ਹਾਂ ਨੇ ਮਨੁੱਖੀ ਜੀਵਨ ਨੂੰ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਸੌਖਾਲਾ ਬਣਾ ਦਿੱਤਾ ਹੈ। ਇਨ੍ਹਾਂ ਕਾਢਾਂ ’ਚ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਸਭ ਤੋਂ ਵੱਧ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਸਿੱਖਿਆ, ਸਿਹਤ, ਵਪਾਰ, ਪੱਤਰਕਾਰੀ, ਖੇਤੀਬਾੜੀ ਤੇ ਸਰਕਾਰੀ ਕੰਮਕਾਜ ਸਮੇਤ ਲਗਭਗ ਹਰ ਖੇਤਰ ’ਚ ਏਆਈ ਦੀ ਵਰਤੋਂ ਤੇਜ਼ੀ ਨਾਲ ਵਧ ਰਹੀ ਹੈ। ਪਰ ਇਸ ਤਕਨੀਕ ਦੀ ਵਧਦੀ ਵਰਤੋਂ ਦੇ ਨਾਲ ਇੱਕ ਅਹਿਮ ਸਵਾਲ ਵੀ ਖੜ੍ਹਾ ਹੋ ਰਿਹਾ ਹੈ ਕਿ ਕੀ ਏਆਈ ਮਨੁੱਖਤਾ ਲਈ ਵਰਦਾਨ ਸਾਬਤ ਹੋਵੇਗੀ ਜਾਂ ਇਸ ਦੀ ਬੇਸਮਝ ਵਰਤੋਂ ਭਵਿੱਖ ’ਚ ਕਿਸੇ ਵੱਡੇ ਖ਼ਤਰੇ ਦਾ ਕਾਰਨ ਬਣ ਸਕਦੀ ਹੈ? ਅੱਜ ਲੋਕ ਆਪਣੀਆਂ ਨਿੱਜੀ ਤਸਵੀਰਾਂ, ਵੀਡੀਓਜ਼, ਆਧਾਰ ਕਾਰਡ, ਬੈਂਕਿੰਗ ਜਾਣਕਾਰੀ, ਮੋਬਾਈਲ ਨੰਬਰ, ਘਰੇਲੂ ਜਾਣਕਾਰੀ ਤੇ ਕਈ ਵਾਰ ਸਿਹਤ ਨਾਲ ਸਬੰਧਤ ਰਿਪੋਰਟਾਂ ਤੱਕ ਏਆਈ ਪਲੇਟਫਾਰਮਾਂ ’ਤੇ ਸਾਂਝੀਆਂ ਕਰ ਰਹੇ ਹਨ। ਲੋਕ ਬਿਨਾਂ ਇਹ ਜਾਣੇ ਕਿ ਉਨ੍ਹਾਂ ਵੱਲੋਂ ਦਿੱਤੀ ਗਈ ਜਾਣਕਾਰੀ ਕਿੱਥੇ ਤੇ ਕਿਸ ਮਕਸਦ ਲਈ ਵਰਤੀ ਜਾ ਸਕਦੀ ਹੈ, ਤਕਨੀਕ ’ਤੇ ਭਰੋਸਾ ਕਰ ਰਹੇ ਹਨ। ਦੂਜੇ ਪਾਸੇ ਸਾਈਬਰ ਅਪਰਾਧੀ ਵੀ ਏਆਈ ਦੀ ਮਦਦ ਨਾਲ ਨਕਲੀ ਆਵਾਜ਼ਾਂ, ਫਰਜ਼ੀ ਵੀਡੀਓਜ਼ ਤੇ ਡੀਪਫੇਕ ਤਸਵੀਰਾਂ ਤਿਆਰ ਕਰਕੇ ਲੋਕਾਂ ਨੂੰ ਠੱਗਣ ਦੇ ਨਵੇਂ ਤਰੀਕੇ ਅਪਣਾ ਰਹੇ ਹਨ। ਇਸ ਸਬੰਧੀ ਵੱਖ-ਵੱਖ ਖੇਤਰਾਂ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਏਆਈ ਦੀ ਵਰਤੋਂ ਕਰਨਾ ਗਲਤ ਨਹੀਂ, ਪਰ ਆਪਣੀ ਨਿੱਜੀ ਜਾਣਕਾਰੀ ਸਾਂਝੀ ਕਰਦੇ ਸਮੇਂ ਸਾਵਧਾਨੀ ਵਰਤਣੀ ਬੇਹੱਦ ਜ਼ਰੂਰੀ ਹੈ। ਇਸ ਸਬੰਧੀ ਨੰਬਰਦਾਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਵਰਿੰਦਰ ਚੌਧਰੀ ਨੇ ਕਿਹਾ ਏਆਈ ਨੇ ਸੂਚਨਾ ਤੇ ਤਕਨੀਕ ਦੇ ਖੇਤਰ ’ਚ ਨਵੀਆਂ ਸੰਭਾਵਨਾਵਾਂ ਪੈਦਾ ਕੀਤੀਆਂ ਹਨ, ਪਰ ਇਸ ਦੇ ਨਾਲ ਸਾਈਬਰ ਅਪਰਾਧਾਂ ਦਾ ਖ਼ਤਰਾ ਵੀ ਵਧਿਆ ਹੈ। ਲੋਕਾਂ ਨੂੰ ਕਿਸੇ ਵੀ ਏਆਈ ਪਲੇਟਫਾਰਮ ’ਤੇ ਆਪਣਾ ਪਾਸਵਰਡ, ਬੈਂਕ ਖਾਤੇ ਦੀ ਜਾਣਕਾਰੀ, ਓਟੀਪੀ, ਆਧਾਰ ਕਾਰਡ ਜਾਂ ਹੋਰ ਗੁਪਤ ਦਸਤਾਵੇਜ਼ ਸਾਂਝੇ ਨਹੀਂ ਕਰਨੇ ਚਾਹੀਦੇ। ਨਕਲੀ ਫੋਨ ਕਾਲਾਂ ਤੇ ਆਵਾਜ਼ਾਂ ਰਾਹੀਂ ਹੋਣ ਵਾਲੀ ਠੱਗੀ ਤੋਂ ਵੀ ਸੁਚੇਤ ਰਹਿਣ ਦੀ ਲੋੜ ਹੈ। ਸਰਕਾਰੀ ਸਕੂਲ ਰਾਏਪੁਰ ਵਿਖੇ ਨਿਯੁਕਤ ਬਤੋਰ ਸਾਇੰਸ ਅਧਿਆਪਕ ਮਾ ਜਗਜੀਤ ਸਿੰਘ ਸਰਥਲੀ ਨੇ ਕਿਹਾ ਏਆਈ ਵਿਦਿਆਰਥੀਆਂ ਲਈ ਗਿਆਨ ਦਾ ਇੱਕ ਵੱਡਾ ਸਰੋਤ ਬਣ ਸਕਦੀ ਹੈ। ਇਸ ਰਾਹੀਂ ਵਿਦਿਆਰਥੀ ਔਖੇ ਵਿਸ਼ਿਆਂ ਨੂੰ ਆਸਾਨੀ ਨਾਲ ਸਮਝ ਸਕਦੇ ਹਨ ਤੇ ਨਵੀਆਂ ਚੀਜ਼ਾਂ ਸਿੱਖ ਸਕਦੇ ਹਨ। ਪਰ ਵਿਦਿਆਰਥੀਆਂ ਨੂੰ ਇਸ ਦਾ ਪੂਰੀ ਤਰ੍ਹਾਂ ਨਿਰਭਰ ਹੋਣ ਦੀ ਬਜਾਏ ਆਪਣੀ ਸੋਚਣ ਤੇ ਸਮਝਣ ਦੀ ਸਮਰੱਥਾ ਵੀ ਵਿਕਸਿਤ ਕਰਨੀ ਚਾਹੀਦੀ ਹੈ। ਤਕਨੀਕ ਸਹਾਇਕ ਹੋਣੀ ਚਾਹੀਦੀ ਹੈ, ਮਨੁੱਖੀ ਬੁੱਧੀ ਦਾ ਬਦਲ ਨਹੀਂ। ਕਾਇਆਧਨ ਆਯੂਰਵੇਦਾ ਕੰਪਨੀ ਦੇ ਐਮਡੀ ਰਾਕੇਸ਼ ਕੁਮਾਰ ਕੋਲਾਪੁਰ ਨੇ ਕਿਹਾ ਕਿ ਅੱਜ ਸ਼ੋਸ਼ਲ ਮੀਡੀਆ ’ਤੇ ਕਿਸੇ ਵਿਅਕਤੀ ਦੀ ਤਸਵੀਰ ਜਾਂ ਵੀਡੀਓ ਨਾਲ ਛੇੜਛਾੜ ਕਰਕੇ ਉਸ ਦੀ ਸ਼ਖ਼ਸੀਅਤ ਨੂੰ ਨੁਕਸਾਨ ਪਹੁੰਚਾਇਆ ਜਾ ਸਕਦਾ ਹੈ। ਡੀਪਫੇਕ ਤਕਨੀਕ ਰਾਹੀਂ ਕਿਸੇ ਦੀ ਨਕਲੀ ਵੀਡੀਓ ਜਾਂ ਆਵਾਜ਼ ਤਿਆਰ ਕਰਕੇ ਸਮਾਜ ’ਚ ਗਲਤਫਹਿਮੀਆਂ ਪੈਦਾ ਕੀਤੀਆਂ ਜਾ ਸਕਦੀਆਂ ਹਨ। ਇਸ ਲਈ ਲੋਕਾਂ ਨੂੰ ਬਿਨਾਂ ਪੁਸ਼ਟੀ ਕੀਤੀ ਕਿਸੇ ਵੀ ਵੀਡੀਓ ਜਾਂ ਆਡੀਓ ’ਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਤੇ ਨਾ ਹੀ ਅਜਿਹੀ ਸਮੱਗਰੀ ਅੱਗੇ ਸਾਂਝੀ ਕਰਨੀ ਚਾਹੀਦੀ ਹੈ। ਇਸ ਸਬੰਧੀ ਐਡਵੋਕੇਟ ਗਗਨਦੀਪ ਸ਼ਰਮਾ ਨੇ ਦੱਸਿਆ ਕਿ ਡਿਜੀਟਲ ਯੁੱਗ ’ਚ ਨਿੱਜਤਾ ਦੀ ਸੁਰੱਖਿਆ ਹਰ ਨਾਗਰਿਕ ਲਈ ਬਹੁਤ ਮਹੱਤਵਪੂਰਨ ਹੈ। ਲੋਕਾਂ ਨੂੰ ਕਿਸੇ ਵੀ ਐਪ ਜਾਂ ਏਆਈ ਪਲੇਟਫਾਰਮ ਦੀਆਂ ਪ੍ਰਾਈਵੇਸੀ ਨੀਤੀਆਂ ਪੜ੍ਹਨੀਆਂ ਚਾਹੀਦੀਆਂ ਹਨ। ਆਪਣੀਆਂ ਨਿੱਜੀ ਤਸਵੀਰਾਂ, ਦਸਤਾਵੇਜ਼ਾਂ ਤੇ ਸੰਵੇਦਨਸ਼ੀਲ ਜਾਣਕਾਰੀ ਨੂੰ ਬਿਨਾਂ ਲੋੜ ਅਪਲੋਡ ਕਰਨ ਤੋਂ ਬਚਣਾ ਚਾਹੀਦਾ ਹੈ। ਜੇਕਰ ਕਿਸੇ ਦੀ ਜਾਣਕਾਰੀ ਦੀ ਗਲਤ ਵਰਤੋਂ ਹੁੰਦੀ ਹੈ ਤਾਂ ਉਸ ਨੂੰ ਸਬੰਧਤ ਸਾਈਬਰ ਅਪਰਾਧ ਸ਼ਿਕਾਇਤ ਪ੍ਰਣਾਲੀ ਤੱਕ ਪਹੁੰਚ ਕਰਨੀ ਚਾਹੀਦੀ ਹੈ। ਅੰਤ ’ਚ ਸਭ ਤੋਂ ਵੱਡਾ ਸਵਾਲ ਇਹੀ ਹੈ ਕਿ ਏਆਈ ਤੋਂ ਡਰਨਾ ਹੈ ਜਾਂ ਇਸ ਨੂੰ ਸਮਝਦਾਰੀ ਨਾਲ ਅਪਣਾਉਣਾ ਹੈ? ਅਸਲ ’ਚ ਤਕਨੀਕ ਨਾ ਆਪਣੇ ਆਪ ਵਰਦਾਨ ਹੈ ਤੇ ਨਾ ਹੀ ਸਰਾਪ। ਇਸ ਦੀ ਵਰਤੋਂ ਕਰਨ ਵਾਲੇ ਮਨੁੱਖ ਦੀ ਸਮਝ ਤੇ ਜ਼ਿੰਮੇਵਾਰੀ ਹੀ ਇਸ ਦਾ ਭਵਿੱਖ ਤੈਅ ਕਰਦੀ ਹੈ। ਲੋਕਾਂ ਨੂੰ ਇਹ ਗੱਲ ਸਮਝਣੀ ਹੋਵੇਗੀ ਕਿ ਇੰਟਰਨੈੱਟ ’ਤੇ ਸਾਂਝੀ ਕੀਤੀ ਗਈ ਹਰ ਜਾਣਕਾਰੀ ਉੱਪਰ ਆਪਣਾ ਪੂਰਾ ਕੰਟਰੋਲ ਹਮੇਸ਼ਾ ਨਹੀਂ ਰਹਿੰਦਾ। ਇਸ ਲਈ ਏਆਈ ਦੀ ਵਰਤੋਂ ਜ਼ਰੂਰ ਕਰੋ, ਪਰ ਆਪਣੀ ਨਿੱਜਤਾ, ਪਛਾਣ ਤੇ ਸੁਰੱਖਿਆ ਨੂੰ ਦਾਅ ’ਤੇ ਲਗਾ ਕੇ ਨਹੀਂ।