ਸ੍ਰੀ ਕੀਰਤਪੁਰ ਸਾਹਿਬ ਅੰਬ ਵਾਲਾ ਚੌਕ ’ਚ ਲੀਕ ਹੋ ਰਹੀ ਪਾਣੀ ਦੀ ਪਾਈਪਲਾਈਨ ਲੋਕਾਂ ਲਈ ਸਿਰਦਰਦੀ ਬਣੀ ਸ੍ਰੀ ਕੀਰਤਪੁਰ ਸਾਹਿਬ ਅੰਬ ਵਾਲਾ ਚੌਂਕ ਵਿਖੇ ਪਿਛਲੇ ਇੱਕ ਮਹੀਨੇ ਤੋਂ ਵੀ ਵੱਧ ਸਮੇਂ ਤੋਂ ਲੀਕ
Publish Date: Thu, 19 Nov 2026 07:24 PM (IST)
Updated Date: Thu, 19 Nov 2026 07:24 PM (IST)
ਨਰਿੰਦਰ ਸੈਣੀ, ਪੰਜਾਬੀ ਜਾਗਰਣ ਸ੍ਰੀ ਕੀਰਤਪੁਰ ਸਾਹਿਬ : ਨਗਰ ਪੰਚਾਇਤ ਸ੍ਰੀ ਕੀਰਤਪੁਰ ਸਾਹਿਬ ਦੇ ਵਾਰਡ ਨੰਬਰ ਅੱਠ ਬਿਲਾਸਪੁਰ ਰੋਡ ਅੰਬ ਵਾਲੇ ਚੌਕ ਨਜ਼ਦੀਕ ਸਰਕਾਰੀ ਹਸਪਤਾਲ ਅਤੇ ਸਰਕਾਰੀ ਸਕੂਲ ਵੱਲ ਨੂੰ ਆਉਂਦੀ ਲਿੰਕ ਸੜਕ ਦੀ ਸਾਈਡ ’ਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਕੀਰਤਪੁਰ ਸਾਹਿਬ ਵੱਲੋਂ ਸ਼ਹਿਰ ਦੇ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਦੇਣ ਲਈ ਵਿਛਾਈ ਹੋਈ ਪਾਈਪ ਲਾਈਨ ਪਿਛਲੇ ਇੱਕ ਮਹੀਨੇ ਤੋਂ ਲੀਕ ਹੋ ਰਹੀ ਹੈ। ਸਥਾਨਕ ਦੁਕਾਨਦਾਰਾਂ ਹਰਪ੍ਰੀਤ ਸਿੰਘ, ਬਲਦੇਵ ਰਾਜ ਭੱਲਾ, ਨਕੁਲ ਨਾਗਪਾਲ, ਸ਼ਰਮਾ ਮੂੰਗਫਲੀ ਵਾਲਾ, ਤਰੁਣ ਭੱਲਾ ਆਦਿ ਨੇ ਦੱਸਿਆ ਕਿ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਸ਼ਹਿਰ ਦੇ ਲੋਕਾਂ ਨੂੰ ਸਾਫ-ਸੁਥਰਾ ਪੀਣ ਵਾਲਾ ਪਾਣੀ ਦੇਣ ਲਈ ਵਿਛਾਈ ਹੋਈ ਇਹ ਪਾਣੀ ਵਾਲੀ ਪਾਈਪ ਲਾਈਨ ਪਿਛਲੇ ਇੱਕ ਮਹੀਨੇ ਤੋਂ ਵੀ ਵੱਧ ਸਮੇਂ ਤੋਂ ਲੀਕ ਕਰ ਰਹੀ ਹੈ। ਇਸ ਸਬੰਧੀ ਸਾਡੇ ਵੱਲੋਂ ਪਹਿਲਾਂ ਵੀ 27 ਅਕਤੂਬਰ ਨੂੰ ਪ੍ਰਿੰਟ ਮੀਡੀਆ ਵਿੱਚ ਖ਼ਬਰ ਪ੍ਰਕਾਸ਼ਿਤ ਕਰਵਾਈ ਗਈ ਸੀ। ਦੀਵਾਲੀ ਦਾ ਤਿਉਹਾਰ ਲੰਘਣ ਤੋਂ ਬਾਅਦ ਕਰੀਬ ਇੱਕ ਹਫਤਾ ਪਹਿਲਾਂ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਕਰਮਚਾਰੀ ਪਾਈਪ ਦੀ ਲੀਕੇਜ ਨੂੰ ਠੀਕ ਕਰਨ ਲਈ ਆਏ ਸਨ ਅਤੇ ਉਨ੍ਹਾਂ ਵੱਲੋਂ ਜਿੱਥੋਂ ਪਾਣੀ ਲੀਕ ਕਰ ਰਿਹਾ ਸੀ, ਉੱਥੇ ਵੱਡਾ ਟੋਇਆ ਵੀ ਪੁੱਟਿਆ ਗਿਆ, ਜੋ ਕਿ ਕਾਫੀ ਡੂੰਘਾ ਹੈ, ਪਰ ਕਰਮਚਾਰੀ ਪਾਈਪ ਤੱਕ ਪਹੁੰਚ ਨਹੀਂ ਸਕੇ, ਜਿਸ ਤੋਂ ਬਾਅਦ ਉਨ੍ਹਾਂ ਨੇ ਮਿੱਟੀ ਦੀ ਪੁਟਾਈ ਕਰਨੀ ਬੰਦ ਕਰ ਦਿੱਤੀ ਅਤੇ ਕਿਹਾ ਕਿ ਇਹ ਜੇਸੀਬੀ ਮਸ਼ੀਨ ਨਾਲ ਪੁਟਾਈ ਹੋਣ ਵਾਲੀ ਹੈ। ਉਨ੍ਹਾਂ ਦੱਸਿਆ ਕਿ ਪੁੱਟਿਆ ਗਿਆ ਟੋਇਆ ਖੁੱਲ੍ਹਾ ਹੈ, ਜਿਸ ਵਿੱਚ ਪਾਣੀ ਭਰਿਆ ਹੋਇਆ ਹੈ, ਜਦੋਂ ਸਵੇਰੇ ਸ਼ਾਮ ਪੀਣ ਵਾਲੇ ਪਾਣੀ ਦੀ ਸਪਲਾਈ ਦਿੱਤੀ ਜਾਂਦੀ ਹੈ ਤਾਂ ਉਹ ਸਮੇਂ ਲੀਕ ਹੋ ਰਹੇ ਪਾਈਪ ਦਾ ਪਾਣੀ ਵੱਡੇ ਪੱਧਰ ’ਤੇ ਵਿਅਰਥ ਰੁੜ ਰਿਹਾ। ਉਨ੍ਹਾਂ ਦੱਸਿਆ ਕਿ ਪਹਿਲਾਂ ਟੋਏ ਨੂੰ ਕਿਸੇ ਚੀਜ਼ ਨਾਲ ਢੱਕਿਆ ਨਹੀਂ ਸੀ ਗਿਆ, ਜਿਸ ਕਾਰਨ ਇਸ ਵਿੱਚ ਕੋਈ ਵੀ ਵਿਅਕਤੀ ਡਿੱਗ ਕੇ ਸੱਟ ਲਗਵਾ ਸਕਦਾ ਸੀ, ਜਿਸ ਕਾਰਨ ਸਾਡੇ ਵੱਲੋਂ ਪੁਲਿਸ ਦਾ ਬੈਰੀਕੇਡ ਚੁੱਕ ਕੇ ਇਸ ਟੋਏ ਉੱਪਰ ਰੱਖਿਆ ਗਿਆ ਹੈ ਤਾਂ ਜੋ ਜਾਣੇ ਅਣਜਾਣੇ ਕੋਈ ਵਿਅਕਤੀ ਇਸ ਵਿੱਚ ਡਿੱਗ ਨਾ ਜਾਵੇ। ਸਥਾਨਕ ਲੋਕਾਂ ਨੇ ਅਸ਼ੰਕਾ ਪ੍ਰਗਟਾਈ ਕਿ ਜਦੋਂ ਪਿੱਛੋਂ ਪਾਣੀ ਦੀ ਸਪਲਾਈ ਬੰਦ ਹੁੰਦੀ ਹੈ ਤਾਂ ਟੋਏ ਵਿੱਚ ਖੜ੍ਹਾ ਗੰਦਾ ਪਾਣੀ ਪੀਣ ਵਾਲੇ ਪਾਣੀ ਦੀ ਪਾਈਪਲਾਈਨ ਅੰਦਰ ਜਾ ਸਕਦਾ ਅਤੇ ਇਸ ਪਾਣੀ ਦੀ ਵਰਤੋਂ ਕਰਕੇ ਲੋਕ ਬਿਮਾਰ ਵੀ ਹੋ ਸਕਦੇ ਹਨ। ਉਨ੍ਹਾਂ ਦੱਸਿਆ ਕਿ ਰੋਜ਼ਾਨਾ ਸੈਂਕੜੇ ਲੀਟਰ ਪਾਣੀ ਵਿਅਰਥ ਰੁੜ ਰਿਹਾ ਹੈ ਇਸ ਪਾਣੀ ਨਾਲ ਲਿੰਕ ਸੜਕ ਉੱਪਰ ਨਗਰ ਪੰਚਾਇਤ ਵੱਲੋਂ ਲਗਾਈਆਂ ਗਈਆਂ ਇੰਟਰਲੋਕ ਟਾਈਲਾਂ ਵੀ ਬੈਠ ਗਈਆਂ ਹਨ। ਸਾਡੇ ਵੱਲੋਂ ਕਈ ਵਾਰ ਨਗਰ ਪੰਚਾਇਤ ਦੇ ਅਧਿਕਾਰੀਆਂ ਅਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਕਰਮਚਾਰੀਆਂ ਨੂੰ ਜਲਦੀ ਤੋਂ ਜਲਦੀ ਪੀਣ ਵਾਲੇ ਪਾਣੀ ਦੇ ਪਾਈਪਲਾਈਨ ਦੀ ਲੀਕੇਜ ਨੂੰ ਠੀਕ ਕਰਨ ਦੀ ਮੰਗ ਕੀਤੀ ਹੈ, ਪਰ ਇਹ ਸਮੱਸਿਆ ਜਿਉਂ ਦੀ ਤਿਉਂ ਹੈ। ਦੁਕਾਨਦਾਰਾਂ ਨੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਜਲਦੀ ਤੋਂ ਜਲਦੀ ਲੀਕ ਕਰ ਰਹੀ ਪੀਣ ਵਾਲੇ ਪਾਣੀ ਦੀ ਪਾਈਪਲਾਈਨ ਨੂੰ ਠੀਕ ਕਰਵਾਇਆ ਜਾਵੇ ਅਤੇ ਪੁੱਟੇ ਗਏ ਟੋਏ ਨੂੰ ਬੰਦ ਕੀਤਾ ਜਾਵੇ। ਇਸ ਸਬੰਧੀ ਜਦੋਂ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਸ੍ਰੀ ਕੀਰਤਪੁਰ ਸਾਹਿਬ ਵਿਖੇ ਤਾਇਨਾਤ ਜੂਨੀਅਰ ਇੰਜੀਨੀਅਰ ਇੰਜੀਨੀਅਰ ਜਸਪ੍ਰੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਸਾਡੇ ਵੱਲੋਂ ਪਾਈਪ ਲਾਈਨ ਦੀ ਲੀਕੇਜ ਲੱਭਣ ਲਈ ਆਪਣੇ ਕਰਮਚਾਰੀ ਲਗਾ ਕੇ ਖੱਡਾ ਪੁੱਟਿਆ ਗਿਆ ਸੀ, ਪਰ ਸਾਨੂੰ ਪਾਈਪ ਦੀ ਲੀਕੇਜ ਨਹੀਂ ਲੱਭੀ। ਇਹ ਸਾਰਾ ਕੰਮ ਜੇਸੀਬੀ ਮਸ਼ੀਨ ਨਾਲ ਹੋਣ ਵਾਲਾ ਹੈ। ਠੇਕੇਦਾਰ ਦੇ ਜਰੀਏ ਹੀ ਇਹ ਕੰਮ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਜਿੱਥੇ ਪਾਈਪ ਲਾਈਨ ਲੀਕ ਹੋ ਰਹੀ ਹੈ ਉੱਥੇ ਵੱਡੇ ਪੱਧਰ ਦੇ ਲਿੰਕ ਸੜਕ ਦੀ ਪੁਟਾਈ ਹੋਵੇਗੀ ਤਾਂ ਜੋ ਪਾਈਪ ਲਾਈਨ ਦੀ ਲੀਕੇਜ ਨੂੰ ਲੱਭ ਕੇ ਉਸ ਨੂੰ ਠੀਕ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਸਾਡੇ ਵੱਲੋਂ ਠੇਕੇਦਾਰ ਨੂੰ ਕਿਹਾ ਜਾ ਚੁੱਕਿਆ ਹੈ, ਉਸ ਵੱਲੋਂ ਜਲਦ ਕੰਮ ਕਰਨ ਦੀ ਸੰਭਾਵਨਾ ਹੈ।