ਮੰਦਰ ’ਚ ਅੱਜ ਧੂਮਧਾਮ ਨਾਲ ਮਨਾਇਆ ਜਾਵੇਗਾ ‘ਹਾਰੇ ਕੇ ਸਹਾਰੇ’ ਦਾ ਜਨਮ ਉਤਸਵ ਨੰਗਲ ਦੇ ਅੱਡਾ ਮਾਰਕੀਟ ਸਥਿਤ ਸ੍ਰੀ ਬਾਲਾ ਜੀ ਖਾਟੂ ਸ਼ਿਆਮ ਮੰਦਰ ਵਿਖੇ ਅੱਜ ਧੂਮਧਾਮ
Publish Date: Thu, 19 Nov 2026 07:11 PM (IST)
Updated Date: Thu, 19 Nov 2026 07:13 PM (IST)
ਗੁਰਨਾਮ ਸਿੰਘ ਭੱਲੜੀ, ਪੰਜਾਬੀ ਜਾਗਰਣ ਨੰਗਲ : ਨੰਗਲ ਦੀ ਅੱਡਾ ਮਾਰਕੀਟ ਸਥਿਤ ਸ਼੍ਰੀ ਬਾਲਾ ਜੀ ਖਾਟੂ ਸ਼ਿਆਮ ਮੰਦਰ ਵਿਖੇ ਕਲਯੁੱਗ ਦੇ ਦੇਵਤਾ ਅਤੇ ਹਾਰੇ ਕੇ ਸਹਾਰੇ ਬਾਬਾ ਖਾਟੂ ਸ਼ਿਆਮ ਜੀ ਦਾ ਜਨਮ ਉਤਸਵ 20 ਨਵੰਬਰ ਨੂੰ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ। ਇਸ ਪਵਿੱਤਰ ਸਮਾਗਮ ਨੂੰ ਲੈ ਕੇ ਮੰਦਰ ਕੰਪਲੈਕਸ ਨੂੰ ਰੰਗ-ਬਿਰੰਗੇ ਫੁੱਲਾਂ ਅਤੇ ਆਕਰਸ਼ਕ ਲਾਈਟਾਂ ਨਾਲ ਸਜਾਇਆ ਗਿਆ ਹੈ, ਜਦਕਿ ਹੋਰ ਤਿਆਰੀਆਂ ਵੀ ਜ਼ੋਰਾਂ-ਸ਼ੋਰਾਂ ਨਾਲ ਜਾਰੀ ਹਨ। ਇਸ ਮੌਕੇ ਦਿਨ ਭਰ ਸਥਾਨਕ ਭਜਨ ਮੰਡਲੀਆਂ ਵੱਲੋਂ ਬਾਬਾ ਖਾਟੂ ਸ਼ਿਆਮ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਜਾਵੇਗਾ। ਉੱਥੇ ਹੀ ਰਾਤ ਦੇ ਸਮੇਂ ਨੰਗਲ ਦੇ ਪ੍ਰਸਿੱਧ ਗਾਇਕ ਚਾਹਤ ਕਲਿਆਣ ਅਤੇ ਭਗਵਾਨ ਸ਼੍ਰੀ ਕ੍ਰਿਸ਼ਨ ਦੀ ਨਗਰੀ ਵਰਿੰਦਾਵਨ ਤੋਂ ਵਿਸ਼ੇਸ਼ ਤੌਰ ’ਤੇ ਪਹੁੰਚ ਰਹੀ ਪ੍ਰਸਿੱਧ ਭਜਨ ਗਾਇਕਾ ਮੀਨੂੰ ਸ਼ਰਮਾ ਆਪਣੇ ਭਜਨਾਂ ਰਾਹੀਂ ਸੰਗਤਾਂ ਨੂੰ ਭਗਤੀ ਰਸ ਵਿੱਚ ਲੀਨ ਕਰਨਗੇ। ਮੰਦਰ ਪ੍ਰਬੰਧਕ ਕਮੇਟੀ ਅਨੁਸਾਰ ਸੰਧਿਆ ਆਰਤੀ ਉਪਰੰਤ ਕੇਕ ਕੱਟਣ ਦੀ ਰਸਮ ਅਦਾ ਕੀਤੀ ਜਾਵੇਗੀ। ਇਸ ਤੋਂ ਬਾਅਦ ਸੰਗਤਾਂ ਲਈ ਆਲੂ ਟਿੱਕੀ, ਫਰੂਟ ਚਾਟ, ਨਿਊਟਰੀ ਕੁਲਚੇ ਅਤੇ ਦੁੱਧ ਸਮੇਤ ਵੱਖ-ਵੱਖ ਪਕਵਾਨਾਂ ਦੇ ਲੰਗਰ ਲਗਾਏ ਜਾਣਗੇ। ਸਮਾਗਮ ਦੀ ਸਮਾਪਤੀ ਮੌਕੇ ਬਾਬਾ ਖਾਟੂ ਸ਼ਿਆਮ ਜੀ ਨੂੰ ਲਗਾਏ ਗਏ 56 ਪ੍ਰਕਾਰ ਦੇ ਭੋਗ ਦਾ ਪ੍ਰਸ਼ਾਦ ਵੀ ਸੰਗਤਾਂ ਵਿੱਚ ਵੰਡਿਆ ਜਾਵੇਗਾ। ਇਸ ਮੌਕੇ ਮੰਦਰ ਕਮੇਟੀ ਦੇ ਪ੍ਰਧਾਨ ਸੁਭਾਸ਼ ਚੋਪੜਾ ਤੋਂ ਇਲਾਵਾ ਰਾਜੇਸ਼ ਚੌਧਰੀ, ਸੰਜੀਵ ਪੁਰੀ, ਚਰਨਜੀਤ ਆਹੂਜਾ, ਸ਼ਾਮ ਸਿਧਵਾਨੀ, ਰਾਕੇਸ਼ ਭਾਟੀਆ, ਰਾਜ ਕੁਮਾਰ ਖੰਨਾ, ਰਾਜੂ ਪੁਰੀ, ਅਰੁਣ ਸ਼ਰਮਾ, ਦੀਪਕ ਕੁਮਾਰ, ਵਿਕਾਸ ਆਹੂਜਾ, ਰਿੱਕੀ ਸਹਿਗਲ ਅਤੇ ਰਿਸ਼ੂ ਕਪਿਲਾ ਸਮੇਤ ਹੋਰ ਸ਼ਰਧਾਲੂ ਵੀ ਮੌਜੂਦ ਸਨ।