- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨੰਗਲ 'ਚ ਲੰਬੇ ਸਮੇਂ ਤੋਂ ਲਟਕਦੇ ਅੰਡਰਪਾਸ ਲਈ ਰੇਲਵੇ ਟੀਮ ਨੇ ਸ਼ੁਰੂ ਕੀਤਾ ਸਰਵੇ

ਪੰਜਾਬੀ ਜਾਗਰਣ ਟੀਮ, ਨੰਗਲ : ਨੰਗਲ ਸ਼ਹਿਰ ਵਾਸੀਆਂ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਅੰਡਰਪਾਸ ਦੀ ਮੰਗ ਨੂੰ ਹੁਣ ਬੂਰ ਪੈਂਦਾ ਨਜ਼ਰ ਆ ਰਿਹਾ ਹੈ। ਰੇਲਵੇ ਮੰਤਰਾਲੇ ਵੱਲੋਂ ਇਸ ਮੁੱਦੇ ’ਤੇ ਸਵੀਕ੍ਰਿਤੀ ਮਿਲਣ ਤੋਂ ਬਾਅਦ ਰੇਲਵੇ ਦੀ ਇੰਜੀਨੀਅਰਿੰਗ ਟੀਮ ਨੇ ਵਿਸ਼ੇਸ਼ ਤੌਰ ’ਤੇ ਨੰਗਲ ਪਹੁੰਚ ਕੇ ਸਰਵੇ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਇਸ ਮੌਕੇ ਪੰਜਾਬ ਭਾਜਪਾ ਦੇ ਉਪ ਪ੍ਰਧਾਨ ਡਾ. ਸੁਭਾਸ਼ ਸ਼ਰਮਾ ਨੇ ਸ਼ਹਿਰ ਵਾਸੀਆਂ ਵੱਲੋਂ ਰੇਲਵੇ ਦੇ ਸੈਕਸ਼ਨ ਇੰਜੀਨੀਅਰ ਸੰਦੀਪ ਅਤੇ ਸੈਕਸ਼ਨ ਇੰਜੀਨੀਅਰ ਭੋਲਾ ਦਾ ਨਿੱਘਾ ਸਵਾਗਤ ਕੀਤਾ। ਇਸ ਮੌਕੇ ਡਾ. ਸੁਭਾਸ਼ ਸ਼ਰਮਾ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਹੀ ਰੇਲਵੇ ਮੰਤਰਾਲੇ ਵੱਲੋਂ ਅੰਡਰਪਾਸ ਦਾ ਸਰਵੇ ਸ਼ੁਰੂ ਕਰਨ ਅਤੇ ਇਸ ਦੀ ਪ੍ਰਕਿਰਿਆ ਅੱਗੇ ਵਧਾਉਣ ਦੀ ਮਨਜ਼ੂਰੀ ਮਿਲੀ ਸੀ। ਉਨ੍ਹਾਂ ਉਮੀਦ ਜਤਾਈ ਕਿ ਰੇਲਵੇ ਦੀ ਇਹ ਟੀਮ ਜਲਦੀ ਤੋਂ ਜਲਦੀ ਤਕਨੀਕੀ ਫੀਜ਼ੀਬਿਲਟੀ ਰਿਪੋਰਟ ਤਿਆਰ ਕਰਕੇ ਜਮ੍ਹਾਂ ਕਰਵਾਏਗੀ, ਤਾਂ ਜੋ ਅੰਡਰਪਾਸ ਦੀ ਉਸਾਰੀ ਦਾ ਕੰਮ ਸ਼ੁਰੂ ਹੋ ਸਕੇ। ਉਨ੍ਹਾਂ ਇਸ ਪਹਿਲਕਦਮੀ ਲਈ ਕੇਂਦਰੀ ਰੇਲ ਮੰਤਰੀ, ਡੀਆਰਐੱਮ ਅਤੇ ਵਿਸ਼ੇਸ਼ ਤੌਰ ’ਤੇ ਸਮਾਂ ਕੱਢ ਕੇ ਨੰਗਲ ਪਹੁੰਚੀ ਰੇਲਵੇ ਟੀਮ ਦਾ ਧੰਨਵਾਦ ਕੀਤਾ।
ਮੌਕੇ ਦਾ ਜਾਇਜ਼ਾ ਲੈਂਦਿਆਂ ਡਾ. ਸੁਭਾਸ਼ ਸ਼ਰਮਾ ਨੇ ਰੇਲਵੇ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਕਿ ਜਦੋਂ ਇੱਥੇ ਫਲਾਈਓਵਰ ਬਣ ਰਿਹਾ ਸੀ ਤਾਂ ਉਸ ਸਮੇਂ ਡਿਜ਼ਾਈਨ ਦੇ ਅੰਦਰ ਅੰਡਰਪਾਸ ਸ਼ਾਮਲ ਸੀ ਅਤੇ ਇਸ ਦੀ ਮਨਜ਼ੂਰੀ ਵੀ ਹੋ ਚੁੱਕੀ ਸੀ। ਸ਼ਹਿਰ ਵਾਸੀਆਂ ਦੀਆਂ ਮੁਸ਼ਕਿਲਾਂ ਦਾ ਜ਼ਿਕਰ ਕਰਦਿਆਂ ਡਾ. ਸ਼ਰਮਾ ਨੇ ਕਿਹਾ ਕਿ ਅੰਡਰਪਾਸ ਨਾ ਹੋਣ ਕਾਰਨ ਲੋਕਾਂ ਨੂੰ 3 ਤੋਂ 4 ਕਿਲੋਮੀਟਰ ਦਾ ਲੰਬਾ ਚੱਕਰ ਲਾਉਣਾ ਪੈਂਦਾ ਹੈ। ਇੱਥੋਂ ਤੱਕ ਕਿ ਸ਼ਹਿਰ ਦਾ ਸ਼ਮਸ਼ਾਨਘਾਟ ਵੀ ਡੈਮ ਤੋਂ ਪਾਰ ਦੂਜੇ ਪਾਸੇ ਸਥਿਤ ਹੈ, ਜਿੱਥੇ ਜਾਣ ਲਈ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਹੇਠਲਾ ਰੇਲਵੇ ਫਾਟਕ ਲਗਭਗ ਬੰਦ ਹੀ ਰਹਿੰਦਾ ਹੈ ਕਿਉਂਕਿ ਇਸ ਰੂਟ ਤੋਂ 17-18 ਟਰੇਨਾਂ ਲੰਘਦੀਆਂ ਹਨ, ਜਿਸ ਕਾਰਨ ਇੱਥੇ ਲੰਬੇ-ਲੰਬੇ ਟ੍ਰੈਫਿਕ ਜਾਮ ਲੱਗ ਜਾਂਦੇ ਹਨ। ਮੌਕੇ ’ਤੇ ਹੋਈ ਗੱਲਬਾਤ ਦੌਰਾਨ ਡਾ. ਸੁਭਾਸ਼ ਸ਼ਰਮਾ ਨੇ ਰੇਲਵੇ ਅਧਿਕਾਰੀਆਂ ਨੂੰ ਸੁਝਾਅ ਦਿੱਤਾ ਕਿ ਉਹ ਪਹਿਲਾਂ ਇੱਕ-ਦੋ ਜਾਂ ਦੋ-ਤਿੰਨ ਦਿਨਾਂ ਵਿੱਚ 2-3 ਬਦਲਵੀਆਂ ਥਾਵਾਂ ਦਾ ਪ੍ਰਾਰੰਭਿਕ ਸਰਵੇ ਪੂਰਾ ਕਰ ਲੈਣ। ਇਸ ਤੋਂ ਬਾਅਦ ਇੱਕ ਸਮਾਂ ਤੈਅ ਕਰ ਕੇ ਸਥਾਨਕ ਦੁਕਾਨਦਾਰਾਂ, ਮਾਰਕੀਟ ਦੇ ਲੋਕਾਂ ਅਤੇ ਉਨ੍ਹਾਂ ਸਟੇਕਹੋਲਡਰਾਂ ਨੂੰ ਇੱਕ ਥਾਂ ਬੁਲਾਇਆ ਜਾਵੇਗਾ, ਜਿਨ੍ਹਾਂ ਨੂੰ ਪਿਛਲੀ ਵਾਰ ਕੋਈ ਇਤਰਾਜ਼ ਸੀ। ਉਨ੍ਹਾਂ ਕਿਹਾ ਕਿ ਸਾਰਿਆਂ ਦੇ ਸੁਝਾਅ ਸੁਣਨ ਅਤੇ ਆਪਸੀ ਸਹਿਮਤੀ ਬਣਾਉਣ ਤੋਂ ਬਾਅਦ ਹੀ ਅੰਡਰਪਾਸ ਦੀ ਥਾਂ ਬਾਰੇ ਅੰਤਿਮ ਪ੍ਰਸਤਾਵ ਤਿਆਰ ਕਰ ਕੇ ਰੇਲਵੇ ਮੰਤਰਾਲੇ ਨੂੰ ਸਿਫ਼ਾਰਸ਼ ਭੇਜੀ ਜਾਵੇ।
ਇਸ ਦੌਰਾਨ ਰੇਲਵੇ ਅਧਿਕਾਰੀ ਨੇ ਦੱਸਿਆ ਕਿ ਉਹ ਅੱਜ ਹੀ 2-3 ਬਦਲ ਲੱਭ ਕੇ ਪ੍ਰਾਰੰਭਿਕ ਸਰਵੇ ਸ਼ੁਰੂ ਕਰ ਰਹੇ ਹਨ। ਜਿਸ ਥਾਂ ’ਤੇ ਸ਼ਹਿਰ ਦੇ ਸਾਰੇ ਲੋਕ ਸਹਿਮਤ ਹੋਣਗੇ, ਉਸ ਲਈ ਐੱਸਡੀਐੱਮ ਨੂੰ ਲਿਖ ਕੇ ਐੱਨਓਸੀ ਲਈ ਜਾਵੇਗੀ ਅਤੇ ਸੂਬਾ ਸਰਕਾਰ ਨਾਲ ਮਿਲ ਕੇ ਅਗਲੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਵੇਗੀ। ਅਧਿਕਾਰੀ ਨੇ ਇਹ ਵੀ ਦੱਸਿਆ ਕਿ ਪ੍ਰੋਜੈਕਟ ਵਿੱਚ ਰੇਲਵੇ, ਬੀਬੀਐੱਮਬੀ ਅਤੇ ਸੂਬਾ ਸਰਕਾਰ ਨਾਲ ਜੁੜੇ ਜ਼ਮੀਨੀ ਮੁੱਦਿਆਂ ਨੂੰ ਸੁਲਝਾਉਣ ਤੋਂ ਬਾਅਦ ਰੇਲਵੇ ਆਪਣਾ ਤਕਨੀਕੀ ਕੰਮ ਪੂਰਾ ਕਰ ਲਵੇਗਾ। ਇਸ ਮੌਕੇ ਡਾ. ਸੁਭਾਸ਼ ਸ਼ਰਮਾ ਨੇ ਅਧਿਕਾਰੀਆਂ ਨੂੰ ਪੂਰੇ ਸਹਿਯੋਗ ਦਾ ਭਰੋਸਾ ਦਿਵਾਉਂਦਿਆਂ ਕਿਹਾ ਕਿ ਸਹਿਮਤੀ ਬਣਨ ਤੋਂ ਬਾਅਦ ਸੜਕ ਜੋੜਨ, ਬੀਬੀਐੱਮਬੀ ਨਾਲ ਗੱਲਬਾਤ ਕਰਨ ਅਤੇ ਸੂਬਾ ਸਰਕਾਰ ਦੇ ਪੱਧਰ ’ਤੇ ਡੀਸੀ ਨਾਲ ਤਾਲਮੇਲ ਕਰਨ ਦਾ ਕੰਮ ਉਹ ਖ਼ੁਦ ਕਰਵਾਉਣਗੇ ਤਾਂ ਜੋ ਜਲਦੀ ਤੋਂ ਜਲਦੀ ਜੇਸੀਬੀ ਮਸ਼ੀਨਾਂ ਲੱਗ ਕੇ ਅੰਡਰਪਾਸ ਦੀ ਉਸਾਰੀ ਸ਼ੁਰੂ ਹੋ ਸਕੇ। ਅਖੀਰ ਵਿੱਚ ਡਾ. ਸ਼ਰਮਾ ਨੇ ਰੇਲਵੇ ਟੀਮ ਦਾ ਮੁੜ ਧੰਨਵਾਦ ਕੀਤਾ।