ਤਖਤਗੜ੍ਹ ਬਲਾਕ ਦੇ 22 ਸਕੂਲਾਂ ਦੀਆਂ 69 ਟੀਮਾਂ ਨੇ ਉਤਸ਼ਾਹ ਨਾਲ ਲਿਆ ਹਿੱਸਾ ਤਖਤਗੜ੍ਹ ਬਲਾਕ ਦੇ 22 ਸਕੂਲਾਂ ਦੀਆਂ 69 ਟੀਮਾਂ ਨੇ ਉਤਸ਼ਾਹ ਨਾਲ ਲਿਆ ਭਾਗ
Publish Date: Thu, 19 Nov 2026 06:12 PM (IST)
Updated Date: Thu, 19 Nov 2026 06:15 PM (IST)
ਦਿਨੇਸ਼ ਹੱਲਣ, ਪੰਜਾਬੀ ਜਾਗਰਣ ਨੂਰਪੁਰਬੇਦੀ : ਵਿਦਿਆਰਥੀਆਂ ਦੀ ਕਲਪਨਾ ਨੂੰ ਨਵੇਂ ਖੰਭ ਦੇਣ ਅਤੇ ਕਿਤਾਬੀ ਗਿਆਨ ਨੂੰ ਅਮਲੀ ਰੂਪ ਵਿੱਚ ਪੇਸ਼ ਕਰਨ ਦੇ ਉਦੇਸ਼ ਨਾਲ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪੀਐੱਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਨੂਰਪੁਰਬੇਦੀ ਵਿਖੇ ਬਲਾਕ ਪੱਧਰੀ ‘ਆਲ ਸਬਜੈਕਟਸ ਮੇਲਾ’ ਕਰਵਾਇਆ ਗਿਆ। ਇਸ ਦੌਰਾਨ ਤਖਤਗੜ੍ਹ ਬਲਾਕ ਦੇ 22 ਸਕੂਲਾਂ ਦੀਆਂ 69 ਟੀਮਾਂ ਨੇ ਵੱਖ-ਵੱਖ ਵਿਸ਼ਿਆਂ ਨਾਲ ਸਬੰਧਿਤ ਮਾਡਲ ਅਤੇ ਪ੍ਰੋਜੈਕਟ ਪੇਸ਼ ਕਰ ਕੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ। ਸਕੂਲ ਪ੍ਰਿੰਸੀਪਲ ਅਨਿਲ ਕੁਮਾਰ ਦੀ ਦੇਖਰੇਖ ਹੇਠ ਕਰਵਾਏ ਗਏ ਇਸ ਮੇਲੇ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਪਹੁੰਚੇ ਜ਼ਿਲ੍ਹਾ ਕਾਂਗਰਸ ਕਮੇਟੀ ਰੂਪਨਗਰ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕੀਤਾ। ਉਨ੍ਹਾਂ ਕਿਹਾ ਕਿ ਸਿੱਖਿਆ ਦਾ ਮਕਸਦ ਸਿਰਫ਼ ਪ੍ਰੀਖਿਆਵਾਂ ਪਾਸ ਕਰਨਾ ਨਹੀਂ, ਸਗੋਂ ਵਿਦਿਆਰਥੀਆਂ ਅੰਦਰ ਤਰਕਸ਼ੀਲ ਸੋਚ ਅਤੇ ਸਮੱਸਿਆਵਾਂ ਦੇ ਹੱਲ ਲੱਭਣ ਦੀ ਯੋਗਤਾ ਪੈਦਾ ਕਰਨਾ ਵੀ ਹੈ। ਅਜਿਹੇ ਮੇਲੇ ਬੱਚਿਆਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਅਤੇ ਆਤਮ-ਵਿਸ਼ਵਾਸ ਵਧਾਉਣ ਦਾ ਮੌਕਾ ਦਿੰਦੇ ਹਨ। ਵਿਸ਼ੇਸ਼ ਮਹਿਮਾਨ ਭਾਜਪਾ ਆਗੂ ਇਸ਼ੂਪਾਲ ਗੁੱਜਰ ਨੇ ਪ੍ਰਦਰਸ਼ਨੀਆਂ ਦਾ ਨਿਰੀਖਣ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਵੱਲੋਂ ਵਿਸ਼ਿਆਂ ਨੂੰ ਮਾਡਲਾਂ ਰਾਹੀਂ ਵਿਹਾਰਕ ਰੂਪ ਵਿੱਚ ਪੇਸ਼ ਕਰਨਾ ਉਨ੍ਹਾਂ ਦੀ ਮਿਹਨਤ ਅਤੇ ਰਚਨਾਤਮਕ ਸੋਚ ਦਾ ਪ੍ਰਤੀਕ ਹੈ। ਉਨ੍ਹਾਂ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਪ੍ਰਿੰਸੀਪਲ ਅਨਿਲ ਕੁਮਾਰ ਨੇ ਕਿਹਾ ਕਿ ਅਧਿਆਪਕਾਂ ਦੀ ਅਗਵਾਈ ਹੇਠ ਵਿਦਿਆਰਥੀਆਂ ਨੇ ਪੂਰੀ ਲਗਨ ਨਾਲ ਆਪਣੇ ਪ੍ਰੋਜੈਕਟ ਤਿਆਰ ਕੀਤੇ ਹਨ। ਉਨ੍ਹਾਂ ਸਮਾਗਮ ਵਿੱਚ ਪਹੁੰਚੇ ਮਹਿਮਾਨਾਂ ਅਤੇ ਸਮੂਹ ਅਧਿਆਪਕਾਂ ਦਾ ਧੰਨਵਾਦ ਕੀਤਾ। ਇਸ ਮੌਕੇ ਧਮਾਣਾ ਸਕੂਲ ਦੇ ਪ੍ਰਿੰਸੀਪਲ ਜਗਤਾਰ ਸਿੰਘ ਲੈਹੜੀਆਂ ਨੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡਦਿਆਂ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਅਹਿਮ ਹਨ। ਮੇਲੇ ਵਿੱਚ ਰੀਅਲ ਲਾਈਫ ਐਪਲੀਕੇਸ਼ਨ ਥੀਮ ਅਧੀਨ 41, ਆਰਟ ਇੰਟੀਗਰੇਟਿਡ ਲਰਨਿੰਗ ਅਤੇ ਇੰਡੀਅਨ ਐਥੋਸ ਥੀਮ ਅਧੀਨ 13-13 ਟੀਮਾਂ ਨੇ ਹਿੱਸਾ ਲਿਆ। ਜੂਨੀਅਰ ਵਰਗ ਦੇ ਰੀਅਲ ਲਾਈਫ ਐਪਲੀਕੇਸ਼ਨ ਵਿੱਚ ਧਮਾਣਾ ਪਹਿਲੇ, ਸਰਥਲੀ ਦੂਜੇ ਅਤੇ ਅਬਿਆਣਾ ਕਲਾਂ ਤੀਜੇ ਸਥਾਨ ’ਤੇ ਰਿਹਾ। ਆਰਟ ਇੰਟੀਗਰੇਟਿਡ ਲਰਨਿੰਗ ਵਿੱਚ ਸਰਥਲੀ, ਜਤੋਲੀ ਅਤੇ ਧਮਾਣਾ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਇੰਡੀਅਨ ਐਥੋਸ ਵਿੱਚ ਧਮਾਣਾ ਪਹਿਲੇ, ਪੀਐੱਮ ਸ਼੍ਰੀ ਨੂਰਪੁਰਬੇਦੀ ਦੂਜੇ ਅਤੇ ਟਿੱਬਾ ਟੱਪਰੀਆਂ ਤੀਜੇ ਸਥਾਨ ’ਤੇ ਰਿਹਾ। ਸੈਕੰਡਰੀ ਵਰਗ ਦੇ ਰੀਅਲ ਲਾਈਫ ਐਪਲੀਕੇਸ਼ਨ ਵਿੱਚ ਪੀਐੱਮ ਸ਼੍ਰੀ ਨੂਰਪੁਰਬੇਦੀ ਨੇ ਪਹਿਲੇ ਦੋਵੇਂ ਸਥਾਨ ਹਾਸਲ ਕੀਤੇ, ਜਦਕਿ ਤਖਤਗੜ੍ਹ ਤੀਜੇ ਸਥਾਨ ’ਤੇ ਰਿਹਾ। ਆਰਟ ਇੰਟੀਗਰੇਟਿਡ ਲਰਨਿੰਗ ਵਿੱਚ ਕਰਤਾਰਪੁਰ ਪਹਿਲੇ, ਭਉਵਾਲ ਦੂਜੇ ਅਤੇ ਚਨੌਲੀ ਬਸੀ ਤੀਜੇ ਸਥਾਨ ’ਤੇ ਰਿਹਾ। ਇੰਡੀਅਨ ਐਥੋਸ ਵਿੱਚ ਚਨੌਲੀ ਬਸੀ ਪਹਿਲੇ, ਬਜਰੂੜ ਦੂਜੇ ਅਤੇ ਧਮਾਣਾ ਤੀਜੇ ਸਥਾਨ ’ਤੇ ਰਿਹਾ। ਇਸ ਮੌਕੇ ਲੈਕਚਰਾਰ ਅਮਰਦੀਪ ਸਿੰਘ ਨੂਰਪੁਰਬੇਦੀ, ਰਜਨੀਸ਼ ਕੁਮਾਰ ਝੱਜ, ਮੇਘਨਾ ਨੂਰਪੁਰਬੇਦੀ ਅਤੇ ਸ੍ਰੇਸ਼ਟਾ ਨੂਰਪੁਰਬੇਦੀ ਨੇ ਜੱਜਾਂ ਦੀ ਭੂਮਿਕਾ ਨਿਭਾਈ। ਇਸ ਮੌਕੇ ਲੈਕਚਰਾਰ ਦਰਸ਼ਨ ਸਿੰਘ, ਮਾਸਟਰ ਅਰਜਨ ਸਿੰਘ, ਕੁਲਵਿੰਦਰ ਕੌਰ, ਰੋਹਿਤ ਕੁਮਾਰ, ਧਰਮਿੰਦਰ ਕੁਮਾਰ, ਬਰਿੰਦਰ ਕੁਮਾਰ, ਰਜਨੀ ਬਾਲਾ, ਗੁਰਪਾਲ ਕੌਰ, ਜਸਵੰਤ ਕੌਰ, ਭੀਮ ਖਾਨ, ਨੀਰਜ ਵਾਲਾ, ਗੁਰਿੰਦਰ ਕੌਰ ਅਤੇ ਰਵਿੰਦਰ ਕੌਰ ਸਮੇਤ ਵੱਖ-ਵੱਖ ਸਕੂਲਾਂ ਦੇ ਅਧਿਆਪਕ ਆਦਿ ਹਾਜ਼ਰ ਸਨ।