ਪਤਾਲਪੁਰੀ ਚੌਕ ’ਚ ਅਸਥਾਈ ਬੱਸ ਸਟੈਂਡ ’ਤੇ ਪਖਾਨੇ ਨਾ ਹੋਣ ਕਾਰਨ ਸਵਾਰੀਆਂ ਨੂੰ ਹੋ ਰਹੀ ਪਰੇਸ਼ਾਨੀ ਪਤਾਲਪੁਰੀ ਚੌਂਕ ਵਿਖੇ ਅਸਥਾਈ ਬੱਸ ਸਟੈਂਡ ’ਤੇ ਪਖਾਨੇ ਨਾ ਹੋਣ ਕਾਰਨ ਸਵਾਰੀਆਂ ਨੂੰ ਹੋ ਰਹੀ ਪਰੇਸ਼ਾਨੀ
Publish Date: Thu, 19 Nov 2026 06:00 PM (IST)
Updated Date: Thu, 19 Nov 2026 06:00 PM (IST)
ਜੰਗ ਬਹਾਦਰ ਸਿੰਘ, ਪੰਜਾਬੀ ਜਾਗਰਣ ਸ੍ਰੀ ਕੀਰਤਪੁਰ ਸਾਹਿਬ : ਸ੍ਰੀ ਕੀਰਤਪੁਰ ਸਾਹਿਬ ਦੇ ਲੋਕਾਂ ਨੂੰ ਬੱਸ ਸਟੈਂਡ ਦੀ ਸਹੂਲਤ ਤਾਂ ਕੀ ਮਿਲਣੀ ਸੀ, ਹੁਣ ਹਾਲਾਤ ਇਹ ਬਣ ਗਏ ਹਨ ਕਿ ਬੱਸਾਂ ਦੀ ਉਡੀਕ ਕਰਨ ਵਾਲੀਆਂ ਸਵਾਰੀਆਂ ਨੂੰ ਜਨਤਕ ਪਖਾਨਿਆਂ ਦੀ ਸਹੂਲਤ ਵੀ ਨਸੀਬ ਨਹੀਂ ਹੋ ਰਹੀ। ਜ਼ਿਕਰਯੋਗ ਹੈ ਕਿ ਨਗਰ ਪੰਚਾਇਤ ਕੀਰਤਪੁਰ ਸਾਹਿਬ ਵੱਲੋਂ ਫਲਾਈਓਵਰ ਦੇ ਨਜ਼ਦੀਕ ਜਿਸ ਥਾਂ ’ਤੇ ਸਵਾਰੀਆਂ ਬੱਸਾਂ ਦੀ ਉਡੀਕ ਕਰਦੀਆਂ ਹਨ, ਉੱਥੇ ਸਵੱਛ ਭਾਰਤ ਮੁਹਿੰਮ ਅਧੀਨ ਬਣਾਏ ਜਾ ਰਹੇ ਜਨਤਕ ਪਖਾਨਿਆਂ ਦਾ ਨਿਰਮਾਣ ਕਾਰਜ ਲੰਮੇ ਸਮੇਂ ਤੋਂ ਅਧੂਰਾ ਪਿਆ ਹੈ। ਇਹ ਮਾਮਲਾ ਹੁਣ ਲੋਕਾਂ ਲਈ ਪ੍ਰੇਸ਼ਾਨੀ ਦਾ ਕਾਰਨ ਬਣਿਆ ਹੋਇਆ ਹੈ। ਇਸ ਸਬੰਧੀ ਨਗਰ ਪੰਚਾਇਤ ਦੇ ਸਾਬਕਾ ਪ੍ਰਧਾਨ ਸੁਰਿੰਦਰ ਪਾਲ ਕੌੜਾ ਨੇ ਪ੍ਰਸ਼ਾਸਨ ਅਤੇ ਨਗਰ ਪੰਚਾਇਤ ਦੀ ਕਾਰਜਪ੍ਰਣਾਲੀ ’ਤੇ ਸਵਾਲ ਚੁੱਕਦਿਆਂ ਪਖਾਨਿਆਂ ਦਾ ਕੰਮ ਤੁਰੰਤ ਮੁਕੰਮਲ ਕਰਵਾਉਣ ਦੀ ਮੰਗ ਕੀਤੀ ਹੈ। ਸੁਰਿੰਦਰ ਪਾਲ ਕੌੜਾ ਨੇ ਕਿਹਾ ਕਿ ਸ੍ਰੀ ਕੀਰਤਪੁਰ ਸਾਹਿਬ ਵਿੱਚ ਪੁਰਾਣਾ ਬੱਸ ਸਟੈਂਡ ਕੌਮੀ ਮਾਰਗ ਦੇ ਚੌੜੀਕਰਨ ਕਾਰਨ ਖ਼ਤਮ ਹੋਣ ਤੋਂ ਬਾਅਦ ਅੱਜ ਤੱਕ ਲੋਕਾਂ ਨੂੰ ਬੱਸ ਸਟੈਂਡ ਵਰਗੀ ਮੁੱਢਲੀ ਸਹੂਲਤ ਨਹੀਂ ਮਿਲ ਸਕੀ। ਹੁਣ ਫਲਾਈਓਵਰ ਹੇਠਾਂ ਸਵਾਰੀਆਂ ਦੇ ਬੱਸਾਂ ਦੀ ਉਡੀਕ ਕਰਨ ਵਾਲੀ ਥਾਂ ’ਤੇ ਪਖਾਨਿਆਂ ਦੀ ਇਮਾਰਤ ਦਾ ਕੰਮ ਵੀ ਅਧੂਰਾ ਛੱਡ ਦਿੱਤਾ ਗਿਆ ਹੈ। ਰੋਜ਼ਾਨਾ ਵੱਡੀ ਗਿਣਤੀ ਵਿੱਚ ਔਰਤਾਂ, ਬਜ਼ੁਰਗਾਂ ਅਤੇ ਹੋਰ ਰਾਹਗੀਰਾਂ ਨੂੰ ਇਸ ਕਾਰਨ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਪ੍ਰਸ਼ਾਸਨ ਅਤੇ ਨਗਰ ਪੰਚਾਇਤ ’ਤੇ ਤੰਜ ਕੱਸਦਿਆਂ ਕਿਹਾ ਕਿ ਲੋਕਾਂ ਨੂੰ ਬੱਸ ਸਟੈਂਡ ਤਾਂ ਮਿਲਿਆ ਨਹੀਂ, ਉੱਪਰੋਂ ਜਿਹੜੀ ਜਨਤਕ ਪਖਾਨਿਆਂ ਦੀ ਸਹੂਲਤ ਮਿਲਣ ਦੀ ਉਮੀਦ ਸੀ, ਉਸ ਦਾ ਕੰਮ ਵੀ ਅੱਧ ਵਿਚਕਾਰ ਰੋਕ ਦਿੱਤਾ ਗਿਆ ਹੈ। ਸਾਬਕਾ ਪ੍ਰਧਾਨ ਨੇ ਕਿਹਾ ਕਿ ਕੁਝ ਅਧਿਕਾਰੀ ਇਸ ਜਨਤਕ ਹਿੱਤ ਦੇ ਕੰਮ ਨੂੰ ਨੇਪਰੇ ਨਹੀਂ ਚੜ੍ਹਨ ਦੇ ਰਹੇ, ਜਿਸ ਦਾ ਖ਼ਮਿਆਜ਼ਾ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਉਹਨਾਂ ਵੱਲੋਂ ਕਈ ਵਾਰ ਕਾਰਜ ਸਾਧਕ ਅਫਸਰ ਨਾਲ ਗੱਲ ਕਰਨੀ ਚਾਹੀ ਪਰ ਉਹਨਾਂ ਨਾਲ ਸੰਪਰਕ ਨਹੀਂ ਹੋਇਆ, ਉਨ੍ਹਾਂ ਪ੍ਰਸ਼ਾਸਨ ਅਤੇ ਨਗਰ ਪੰਚਾਇਤ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਲੋਕਾਂ ਦੀ ਸਹੂਲਤ ਦੇਖਦੇ ਹੋਏ । ਪਖਾਨਿਆਂ ਦਾ ਅਧੂਰਾ ਰਹਿੰਦਾ ਨਿਰਮਾਣ ਕਾਰਜ ਤੁਰੰਤ ਮੁਕੰਮਲ ਕਰਵਾ ਕੇ ਪਖਾਨਿਆਂ ਨੂੰ ਲੋਕਾਂ ਦੀ ਵਰਤੋਂ ਲਈ ਚਾਲੂ ਕੀਤਾ ਜਾਵੇ। ਇਲਾਕਾ ਵਾਸੀਆਂ ਅਤ ਰਾਹਗੀਰਾਂ ਦੀ ਵੀ ਮੰਗ ਹੈ ਕਿ ਇਸ ਕੰਮ ਨੂੰ ਜਲਦ ਤੋਂ ਜਲਦ ਪੂਰਾ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਕਿਸੇ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਇਸ ਸਬੰਧੀ ਕਾਰਜ ਸਾਧਕ ਅਫਸਰ ਨਾਲ ਫੋਨ ’ਤੇ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।