ਲਾਲ ਲਕੀਰ ਦੇ ਗਲਤ ਮੁਲਾਂਕਣ ਕਾਰਨ ਪਲਾਸੀ ਪਿੰਡ ਦੇ ਲੋਕਾਂ ’ਚ ਰੋਸ ਲਾਲ ਲਕੀਰ ਦੇ ਗਲਤ ਮੁਲਾਂਕਣ ਕਾਰਨ ਦੇ ਪਲਾਸੀ ਪਿੰਡ ਦੇ ਲੋਕਾਂ ’ਚ ਰੋਸ
Publish Date: Wed, 18 Nov 2026 06:38 PM (IST)
Updated Date: Wed, 18 Nov 2026 06:39 PM (IST)
ਇਤਰਾਜ਼ ਤੋਂ ਬਾਅਦ ਜਾਂਚ ਲਈ ਪੁੱਜੇ ਤਹਿਸੀਲਦਾਰ ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ, ਨੰਗਲ : ਨੇੜਲੇ ਪਿੰਡ ਪਲਾਸੀ ਵਿਖੇ ਮਾਲ ਵਿਭਾਗ ਵੱਲੋਂ ‘ਮੇਰਾ ਘਰ ਮੇਰੇ ਨਾਮ’ ਸਕੀਮ ਅਧੀਨ ਲਾਲ ਲਕੀਰ ਦੇ ਕੀਤੇ ਗਏ ਮੁਲਾਂਕਣ ਨੂੰ ਲੈ ਕੇ ਪਿੰਡ ਵਾਸੀਆਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਸਰਪੰਚ ਪਰਮਿੰਦਰ ਸਿੰਘ ਨੇ ਆਖਿਆ ਕਿ ਪਿੰਡ ਵਾਸੀਆਂ ਦਾ ਇਲਜ਼ਾਮ ਹੈ ਕਿ ਲਾਲ ਲਕੀਰ ਦੇ ਮੁਲਾਂਕਣ ਦੌਰਾਨ ਸਹੀ ਢੰਗ ਨਾਲ ਪੜਤਾਲ ਨਾ ਕੀਤੇ ਜਾਣ ਕਾਰਨ ਕਈ ਘਰਾਂ ਤੇ ਖਸਰਾ ਨੰਬਰਾਂ ਨੂੰ ਲੈ ਕੇ ਇਤਰਾਜ਼ ਪੈਦਾ ਹੋਏ ਹਨ। ਇਸ ਸਬੰਧੀ ਸ਼ਿਕਾਇਤ ਮਿਲਣ ’ਤੇ ਤਹਿਸੀਲਦਾਰ ਨੰਗਲ ਸੁਮਿਤ ਢਿੱਲੋਂ ਵਿਸ਼ੇਸ਼ ਤੌਰ ’ਤੇ ਪਿੰਡ ਪਲਾਸੀ ਵਿਖੇ ਇਜਲਾਸ ਵਿਚ ਪਹੁੰਚੇ ਜਿੱਥੇ ਪਿੰਡ ਵਾਸੀਆਂ ਨੇ ਉਨ੍ਹਾਂ ਦੇ ਸਾਹਮਣੇ ਆਪਣੀਆਂ ਸਮੱਸਿਆਵਾਂ ਰੱਖਦਿਆਂ ਮੰਗ ਕੀਤੀ ਕਿ ਜਿਨ੍ਹਾਂ ਘਰਾਂ ਤੇ ਖਸਰਾ ਨੰਬਰਾਂ ਨੂੰ ਲਾਲ ਲਕੀਰ ’ਚ ਸ਼ਾਮਲ ਕਰਨ ਜਾਂ ਇਸ ਦੇ ਮੁਲਾਂਕਣ ਨੂੰ ਲੈ ਕੇ ਇਤਰਾਜ਼ ਹਨ ਉਨ੍ਹਾਂ ਦੀ ਮੌਕੇ ’ਤੇ ਜਾ ਕੇ ਪੜਤਾਲ ਕੀਤੀ ਜਾਵੇ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਕੁਝ ਖਸਰਾ ਨੰਬਰਾਂ ਨੂੰ ਲਾਲ ਲਕੀਰ ’ਚ ਸ਼ਾਮਲ ਕਰ ਦਿੱਤਾ ਗਿਆ ਹੈ ਜਿਸ ਕਾਰਨ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਨ੍ਹਾਂ ਮੰਗ ਕੀਤੀ ਕਿ ਸਬੰਧਤ ਵਿਭਾਗ ਵੱਲੋਂ ਰਿਕਾਰਡ ਤੇ ਜ਼ਮੀਨੀ ਸਥਿਤੀ ਦੀ ਬਾਰੀਕੀ ਨਾਲ ਜਾਂਚ ਕਰਕੇ ਸਹੀ ਮੁਲਾਂਕਣ ਕੀਤਾ ਜਾਵੇ ਤਾਂ ਜੋ ਕਿਸੇ ਵੀ ਪਿੰਡ ਵਾਸੀ ਨਾਲ ਬੇਇਨਸਾਫ਼ੀ ਨਾ ਹੋਵੇ। ਇਸ ਮੌਕੇ ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਲਾਲ ਲਕੀਰ ਦੇ ਕਥਿਤ ਮੁਲਾਂਕਣ ਸਬੰਧੀ ਉਨ੍ਹਾਂ ਦੇ ਇਤਰਾਜ਼ਾਂ ਨੂੰ ਗੰਭੀਰਤਾ ਨਾਲ ਲਿਆ ਜਾਵੇ ਤੇ ਇਤਰਾਜ਼ ਵਾਲੇ ਘਰਾਂ ’ਤੇ ਖਸਰਾ ਨੰਬਰਾਂ ਦੀ ਸਹੀ ਜਾਂਚ ਕਰਵਾਈ ਜਾਵੇ ਤਾਂ ਜੋ ਲੋਕਾਂ ਨੂੰ ਇਨਸਾਫ਼ ਮਿਲ ਸਕੇ ਤੇ ਇਸ ਮਾਮਲੇ ਦਾ ਜਲਦ ਹੱਲ ਕੀਤਾ ਜਾਵੇ। ਇਸ ਮੌਕੇ ਤਹਿਸੀਲਦਾਰ ਨੰਗਲ ਸੁਮਿਤ ਢਿੱਲੋਂ ਨਾਲ ਫੋਨ ’ਤੇ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਮੇਰਾ ਘਰ ਮੇਰੇ ਨਾਮ ਅਧੀਨ ਇਹ ਕੰਮ ਚੱਲ ਰਿਹਾ ਹੈ ਜਿਸ ਕਾਰਨ ਪਿੰਡ ਵਾਸੀਆਂ ਦੇ ਇਤਰਾਜ ਸੁਣਨ ਤੋਂ ਬਾਅਦ ਹਲਕਾ ਪਟਵਾਰੀ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਦੁਬਾਰਾ ਦਰੁਸਤੀ ਕਰਕੇ ਰਿਪੋਰਟ ਦੇਣ ਤੇ ਫਿਰ ਤੋਂ ਪਿੰਡ ’ਚ ਇਜ਼ਲਾਸ ਕਰਕੇ ਪਿੰਡ ਵਾਸੀਆਂ ਦੀ ਸਮੱਸਿਆ ਦਾ ਹੱਲ ਕੀਤਾ ਜਾਵੇਗਾ। ਇਸ ਮੌਕੇ ਸਰਪੰਚ ਪਰਮਿੰਦਰ ਸਿੰਘ, ਨੰਬਰਦਾਰ ਸੁਰਿੰਦਰ ਸਿੰਘ, ਕਰਮ ਚੰਦ, ਤਰਸੇਮ ਲਾਲ, ਮਾਸਟਰ ਪਰਮਜੀਤ ਸਿੰਘ, ਸੁਰਜੀਤ ਸਿੰਘ, ਵਿਨੋਦ ਜੋਸ਼ੀ, ਅਰੁਣ ਕਪਿਲ, ਜੀਤ ਰਾਮ ਆਦਿ ਤੇ ਵੱਡੀ ਗਿਣਤੀ ’ਚ ਪਿੰਡ ਵਾਸੀ ਹਾਜ਼ਰ ਸਨ ।