ਬੱਚਿਆਂ ਦਾ ਕੀਤਾ ਟੀਕਾਕਰਨ, ਮਾਵਾਂ ਨੂੰ ਦਿੱਤੇ ਸਿਹਤਮੰਦ ਰਹਿਣ ਦੇ ਗੁਰ ਮਮਤਾ ਦਿਵਸ ਮੌਕੇ ਬੱਚਿਆਂ ਦਾ ਟੀਕਾਕਰਨ ਕੀਤਾ ਅਤੇ ਮਾਵਾਂ ਨੂੰ ਦਿੱਤੀ ਸਿਹਤ ਜਾਣਕਾਰੀ
Publish Date: Wed, 18 Nov 2026 06:28 PM (IST)
Updated Date: Wed, 18 Nov 2026 06:30 PM (IST)
ਪਰਿਵਾਰ ਨਿਯੋਜਨ ਮਾਂ ਤੇ ਬੱਚੇ ਦੀ ਸਿਹਤ ਲਈ ਬੇਹੱਦ ਜ਼ਰੂਰੀ : ਡਾ. ਅਪਰਾਜਿਤਾ ਸੁਖਵਿੰਦਰ ਸੁੱਖੂ, ਪੰਜਾਬੀ ਜਾਗਰਣ, ਸ੍ਰੀ ਅਨੰਦਪੁਰ ਸਾਹਿਬ : ਸਿਹਤ ਵਿਭਾਗ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਸਿਵਲ ਸਰਜਨ ਰੂਪਨਗਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਡਾ. ਹਰਿੰਦਰ ਸਿੰਘ ਸੀਨੀਅਰ ਮੈਡੀਕਲ ਅਫ਼ਸਰ, ਭਾਈ ਜੈਤਾ ਜੀ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਦੀ ਅਗਵਾਈ ਹੇਠ ਹਫ਼ਤਾਵਾਰੀ ਟੀਕਾਕਰਨ ਪ੍ਰੋਗਰਾਮ ਤਹਿਤ ਮਮਤਾ ਦਿਵਸ ਮਨਾਇਆ ਗਿਆ। ਇਸ ਮੌਕੇ ਬੱਚਿਆਂ ਨੂੰ ਵੱਖ-ਵੱਖ ਬਿਮਾਰੀਆਂ ਤੋਂ ਬਚਾਅ ਲਈ ਲੋੜੀਂਦੇ ਟੀਕੇ ਲਗਾਏ ਗਏ ਤੇ ਮਾਵਾਂ ਨੂੰ ਬੱਚਿਆਂ ਦੀ ਸਿਹਤ, ਪੋਸ਼ਣ ਤੇ ਸਹੀ ਦੇਖਭਾਲ ਸਬੰਧੀ ਜ਼ਰੂਰੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਡਾ. ਅਪਰਾਜਿਤਾ ਧਰਮਾਣੀ ਨੇ ਆਮ ਲੋਕਾਂ ਨੂੰ ਪਰਿਵਾਰ ਨਿਯੋਜਨ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਪਰਿਵਾਰ ਨਿਯੋਜਨ ਅਜਿਹਾ ਮਹੱਤਵਪੂਰਨ ਕਦਮ ਹੈ, ਜਿਸ ਰਾਹੀਂ ਜੋੜੇ ਆਪਣੀ ਇੱਛਾ ਅਨੁਸਾਰ ਬੱਚਿਆਂ ਦੀ ਗਿਣਤੀ ਤੈਅ ਕਰ ਸਕਦੇ ਹਨ ਤੇ ਦੋ ਬੱਚਿਆਂ ਦੇ ਜਨਮ ਵਿਚਕਾਰ ਉਚਿਤ ਸਮੇਂ ਦਾ ਫ਼ਾਸਲਾ ਰੱਖ ਸਕਦੇ ਹਨ। ਉਨ੍ਹਾਂ ਕਿਹਾ ਕਿ ਪਰਿਵਾਰ ਨਿਯੋਜਨ ਦਾ ਮੁੱਖ ਉਦੇਸ਼ ਮਾਂ ਤੇ ਬੱਚੇ ਦੀ ਸਿਹਤ ਨੂੰ ਸੁਰੱਖਿਅਤ ਰੱਖਣਾ ਤੇ ਪਰਿਵਾਰ ਨੂੰ ਆਰਥਿਕ ਤੌਰ ਤੇ ਮਜ਼ਬੂਤ ਬਣਾਉਣਾ ਹੈ। ਇਸ ਨਾਲ ਔਰਤਾਂ ਨੂੰ ਜਣੇਪੇ ਦੌਰਾਨ ਹੋਣ ਵਾਲੇ ਸਿਹਤ ਖ਼ਤਰਿਆਂ ਨੂੰ ਘਟਾਉਣ ਦੇ ਨਾਲ-ਨਾਲ ਬੱਚਿਆਂ ਦੇ ਸਹੀ ਵਿਕਾਸ ਤੇ ਪਾਲਣ-ਪੋਸ਼ਣ ’ਚ ਵੀ ਮਦਦ ਮਿਲਦੀ ਹੈ। ਉਨ੍ਹਾਂ ਦੱਸਿਆ ਕਿ ਸਰਕਾਰੀ ਸਿਹਤ ਸੰਸਥਾਵਾਂ ’ਚ ਪਰਿਵਾਰ ਨਿਯੋਜਨ ਲਈ ਸਥਾਈ ਤੇ ਅਸਥਾਈ ਦੋਵੇਂ ਤਰ੍ਹਾਂ ਦੇ ਸਾਧਨ ਮੁਫ਼ਤ ਉਪਲਬਧ ਹਨ। ਇਨ੍ਹਾਂ ਸਾਧਨਾਂ ਸਬੰਧੀ ਵਧੇਰੇ ਜਾਣਕਾਰੀ ਲੈਣ ਲਈ ਲੋਕ ਆਪਣੀ ਸਿਹਤ ਸੰਸਥਾ ’ਚ ਏਐੱਨਐੱਮ ਤੇ ਆਸ਼ਾ ਵਰਕਰਾਂ ਨਾਲ ਸੰਪਰਕ ਕਰ ਸਕਦੇ ਹਨ। ਇਸ ਮੌਕੇ ਸਮੂਹ ਆਸ਼ਾ ਵਰਕਰ ਤੇ ਸਿਹਤ ਕਰਮਚਾਰੀ ਹਾਜ਼ਰ ਸਨ।