- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪ੍ਰਭੂ ਭਗਤੀ ਅਤੇ ਸਤਿਸੰਗ ਮਨੁੱਖ ਨੂੰ ਨੇਕ ਕਰਮਾਂ ਦੇ ਰਾਹ ’ਤੇ ਚੱਲਣ ਦੀ ਦਿੰਦੇ ਹਨ ਪ੍ਰੇਰਨਾ: ਆਚਾਰੀਆ ਸ਼ਾਮ ਸ਼ਰਨ ਦਾਸ

ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ : ਮਨੁੱਖੀ ਜੀਵਨ ’ਚ ਧਾਰਮਿਕ ਭਗਤੀ ਤੇ ਸਤਿਸੰਗ ਦਾ ਵਿਸ਼ੇਸ਼ ਮਹੱਤਵ ਹੈ। ਪਰਮਾਤਮਾ ਦਾ ਸਿਮਰਨ ਮਨੁੱਖ ਦੇ ਮਨ ਨੂੰ ਸ਼ਾਂਤ ਕਰਨ ਦੇ ਨਾਲ-ਨਾਲ ਉਸ ਨੂੰ ਜੀਵਨ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨ ਦੀ ਸ਼ਕਤੀ ਵੀ ਪ੍ਰਦਾਨ ਕਰਦਾ ਹੈ। ਇਸ ਲਈ ਹਰ ਮਨੁੱਖ ਨੂੰ ਆਪਣੀ ਰੋਜ਼ਾਨਾ ਦੀ ਰੁਝੇਵਿਆਂ ਭਰੀ ਜ਼ਿੰਦਗੀ ’ਚੋਂ ਸਮਾਂ ਕੱਢ ਕੇ ਪ੍ਰਭੂ ਭਗਤੀ ਤੇ ਧਾਰਮਿਕ ਵਿਚਾਰਾਂ ਨਾਲ ਜੁੜਨਾ ਚਾਹੀਦਾ ਹੈ।
ਇਹ ਪ੍ਰਵਚਨ ਪਿੰਡ ਬੜਵਾ ਵਿਖੇ ਕਰਵਾਈ ਜਾ ਰਹੀ ਸ੍ਰੀਮਦ ਭਾਗਵਤ ਕਥਾ ਦੌਰਾਨ ਆਚਾਰੀਆ ਸ਼ਾਮ ਸ਼ਰਨ ਦਾਸ ਰਾਜਪੁਰਾ (ਨਾਲਾਗੜ੍ਹ) ਵਾਲਿਆਂ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕੀਤੇ। ਆਚਾਰੀਆ ਜੀ ਨੇ ਕਿਹਾ ਕਿ ਸ੍ਰੀਮਦ ਭਾਗਵਤ ਮਹਾਪੁਰਾਣ ਕੇਵਲ ਧਾਰਮਿਕ ਗ੍ਰੰਥ ਹੀ ਨਹੀਂ, ਸਗੋਂ ਮਨੁੱਖ ਨੂੰ ਜੀਵਨ ਜਿਊਣ ਦੀ ਕਲਾ ਸਿਖਾਉਣ ਵਾਲਾ ਅਨਮੋਲ ਗਿਆਨ ਭੰਡਾਰ ਹੈ। ਇਸ ’ਚ ਭਗਵਾਨ ਸ੍ਰੀ ਕ੍ਰਿਸ਼ਨ ਦੀਆਂ ਪਾਵਨ ਲੀਲਾਵਾਂ ਰਾਹੀਂ ਪ੍ਰੇਮ, ਭਗਤੀ, ਸੱਚਾਈ ਤੇ ਧਰਮ ਦੇ ਮਾਰਗ ’ਤੇ ਚੱਲਣ ਦਾ ਸੰਦੇਸ਼ ਦਿੱਤਾ ਗਿਆ ਹੈ। ਭਾਗਵਤ ਕਥਾ ਦਾ ਸ੍ਰਵਣ ਕਰਨ ਨਾਲ ਮਨੁੱਖ ਦੇ ਅੰਦਰ ਆਤਮਿਕ ਚੇਤਨਾ ਜਾਗਦੀ ਹੈ ਤੇ ਉਸ ਦੇ ਵਿਚਾਰਾਂ ’ਚ ਸਕਾਰਾਤਮਕ ਤਬਦੀਲੀ ਆਉਂਦੀ ਹੈ।
ਉਨ੍ਹਾਂ ਕਿਹਾ ਕਿ ਮਨੁੱਖ ਨੂੰ ਆਪਣੇ ਅੰਦਰੋਂ ਹੰਕਾਰ, ਈਰਖਾ, ਲੋਭ ਤੇ ਕ੍ਰੋਧ ਵਰਗੇ ਵਿਕਾਰਾਂ ਨੂੰ ਖ਼ਤਮ ਕਰਨ ਦਾ ਯਤਨ ਕਰਨਾ ਚਾਹੀਦਾ ਹੈ। ਦੂਜਿਆਂ ਨਾਲ ਪਿਆਰ ਭਰਿਆ ਵਿਹਾਰ ਕਰਨਾ, ਲੋੜਵੰਦਾਂ ਦੀ ਸਹਾਇਤਾ ਕਰਨਾ ਤੇ ਹਰ ਕਿਸੇ ਦਾ ਸਤਿਕਾਰ ਕਰਨਾ ਹੀ ਸੱਚੀ ਧਾਰਮਿਕਤਾ ਦੀ ਨਿਸ਼ਾਨੀ ਹੈ। ਉਨ੍ਹਾਂ ਸਮਝਾਇਆ ਕਿ ਸੰਸਾਰਿਕ ਸੁੱਖਾਂ ਦੀ ਪ੍ਰਾਪਤੀ ਲਈ ਮਨੁੱਖ ਸਾਰੀ ਉਮਰ ਭੱਜ-ਦੌੜ ਕਰਦਾ ਰਹਿੰਦਾ ਹੈ, ਪਰ ਅਸਲ ਆਤਮਿਕ ਸੁੱਖ ਪਰਮਾਤਮਾ ਦੇ ਨਾਮ ਨਾਲ ਜੁੜਨ ’ਚ ਹੀ ਮਿਲਦਾ ਹੈ।
ਆਚਾਰੀਆ ਸ਼ਾਮ ਸ਼ਰਨ ਦਾਸ ਨੇ ਸੰਗਤਾਂ ਨੂੰ ਸੰਦੇਸ਼ ਦਿੱਤਾ ਕਿ ਬੱਚਿਆਂ ਨੂੰ ਬਚਪਨ ਤੋਂ ਹੀ ਧਾਰਮਿਕ ਤੇ ਨੈਤਿਕ ਸਿੱਖਿਆ ਦੇਣੀ ਚਾਹੀਦੀ ਹੈ ਤਾਂ ਜੋ ਉਨ੍ਹਾਂ ਅੰਦਰ ਬਜ਼ੁਰਗਾਂ ਪ੍ਰਤੀ ਸਤਿਕਾਰ, ਮਾਪਿਆਂ ਦੀ ਸੇਵਾ ਤੇ ਸਮਾਜ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਹੋ ਸਕੇ। ਉਨ੍ਹਾਂ ਕਿਹਾ ਕਿ ਧਾਰਮਿਕ ਸਮਾਗਮਾਂ ’ਚ ਸ਼ਾਮਲ ਹੋਣ ਦਾ ਅਸਲ ਲਾਭ ਉਦੋਂ ਹੀ ਮਿਲਦਾ ਹੈ, ਜਦੋਂ ਉੱਥੋਂ ਮਿਲਣ ਵਾਲੀ ਸਿੱਖਿਆ ਨੂੰ ਆਪਣੇ ਆਚਰਨ ਦਾ ਹਿੱਸਾ ਬਣਾਇਆ ਜਾਵੇ। ਇਸ ਮੌਕੇ ਕਥਾ ਦੇ ਪ੍ਰਬੰਧਕ ਮਨਦੀਪ ਬੜਵਾ ਨੇ ਦੱਸਿਆ ਕਿ ਪਿੰਡ ਬੜਵਾ ਵਿਖੇ ਸ੍ਰੀਮਦ ਭਾਗਵਤ ਕਥਾ ਦਾ ਆਯੋਜਨ ਰੋਜ਼ਾਨਾ ਦੁਪਹਿਰ 1 ਵਜੇ ਤੋਂ ਸ਼ਾਮ 4 ਵਜੇ ਤੱਕ ਕੀਤਾ ਜਾ ਰਿਹਾ ਹੈ। ਉਨ੍ਹਾਂ ਇਲਾਕੇ ਦੀਆਂ ਸਮੂਹ ਸੰਗਤਾਂ ਨੂੰ ਇਸ ਧਾਰਮਿਕ ਸਮਾਗਮ ’ਚ ਪਹੁੰਚ ਕੇ ਕਥਾ ਦਾ ਲਾਹਾ ਲੈਣ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਕਥਾ ਦਾ ਭੋਗ 23 ਨਵੰਬਰ ਨੂੰ ਪਾਇਆ ਜਾਵੇਗਾ, ਜਿਸ ਉਪਰੰਤ ਸੰਗਤਾਂ ਲਈ ਅਤੁੱਟ ਲੰਗਰ ਭੰਡਾਰੇ ਦਾ ਪ੍ਰਬੰਧ ਕੀਤਾ ਜਾਵੇਗਾ।