ਰੈਂਸੜਾ ਵਿਖੇ ਤੁਲਸੀ ਵਿਆਹ ਸਮਾਗਮ ਭਲਕੇ ਰੈਂਸੜਾ ਵਿਖੇ ਕੱਲ ਕਰਵਾਇਆ ਜਾਵੇਗਾ ਤੁਲਸੀ ਵਿਆਹ ਸਮਾਗਮ
Publish Date: Wed, 18 Nov 2026 04:41 PM (IST)
Updated Date: Wed, 18 Nov 2026 04:43 PM (IST)
ਹਿਮਾਚਲ ਦੇ ਰਾਏਪੁਰ ਸਹੋੜ ਤੋਂ ਪਧਾਰੇਗੀ ਬਰਾਤ ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ: ਧਾਰਮਿਕ ਤੇ ਸੱਭਿਆਚਾਰਕ ਪਰੰਪਰਾਵਾਂ ਨੂੰ ਕਾਇਮ ਰੱਖਣ ਤੇ ਨਵੀਂ ਪੀੜ੍ਹੀ ਨੂੰ ਸਨਾਤਨ ਧਰਮ ਦੇ ਰੀਤੀ-ਰਿਵਾਜਾਂ ਨਾਲ ਜੋੜਨ ਦੇ ਉਦੇਸ਼ ਨਾਲ ਖੇਤਰ ਦੇ ਪ੍ਰਸਿੱਧ ਯਕਸ਼ ਦੇਵਤਾ ਮੰਦਰ ਪਿੰਡ ਰੈਂਸੜਾ ਵਿਖੇ 20 ਨਵੰਬਰ ਨੂੰ ਤੁਲਸੀ ਵਿਆਹ ਦਾ ਵਿਸ਼ਾਲ ਧਾਰਮਿਕ ਸਮਾਗਮ ਕਰਵਾਇਆ ਜਾ ਰਿਹਾ ਹੈ। ਇਹ ਸਮਾਗਮ ਯਕਸ਼ ਦੇਵਤਾ ਬ੍ਰਹਮ ਸਾਗਰ ਕਮੇਟੀ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਪੂਰਨ ਧਾਰਮਿਕ ਮਰਿਆਦਾ ਤੇ ਰੀਤੀ-ਰਿਵਾਜਾਂ ਅਨੁਸਾਰ ਆਯੋਜਿਤ ਕੀਤਾ ਜਾਵੇਗਾ। ਸਮਾਗਮ ਦੀਆਂ ਤਿਆਰੀਆਂ ਨੂੰ ਅੰਤਿਮ ਰੂਪ ਦੇਣ ਲਈ ਕਮੇਟੀ ਮੈਂਬਰਾਂ, ਸੇਵਾਦਾਰਾਂ ਤੇ ਸੰਗਤਾਂ ਦੀ ਇੱਕ ਵਿਸ਼ੇਸ਼ ਮੀਟਿੰਗ ਵੀ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਮੇਟੀ ਦੇ ਪ੍ਰਧਾਨ ਹਰੀ ਕਿਸ਼ਨ ਰੈਂਸੜਾ ਨੇ ਦੱਸਿਆ ਕਿ ਤੁਲਸੀ ਵਿਆਹ ਸਮਾਗਮ ਨੂੰ ਲੈ ਕੇ ਸੰਗਤਾਂ ’ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਸ਼ੁਭ ਮੌਕੇ ਹਿਮਾਚਲ ਪ੍ਰਦੇਸ਼ ਦੇ ਕਸਬਾ ਰਾਏਪੁਰ ਸਹੋੜ ਤੋਂ ਬਰਾਤ ਪਧਾਰੇਗੀ, ਜਿਸ ਦਾ ਮੰਦਰ ਵਿਖੇ ਪਹੁੰਚਣ ’ਤੇ ਸਮੂਹ ਸੰਗਤਾਂ ਵੱਲੋਂ ਨਿੱਘਾ ਤੇ ਭਰਵਾਂ ਸਵਾਗਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਮਾਗਮ ਦੌਰਾਨ ਸਾਰੀਆਂ ਧਾਰਮਿਕ ਰਸਮਾਂ ਪਰੰਪਰਾਗਤ ਮਰਿਆਦਾ ਅਨੁਸਾਰ ਨਿਭਾਈਆਂ ਜਾਣਗੀਆਂ। ਉਨ੍ਹਾਂ ਖੇਤਰ ਦੀਆਂ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ 20 ਨਵੰਬਰ ਨੂੰ ਵੱਧ ਤੋਂ ਵੱਧ ਗਿਣਤੀ ’ਚ ਮੰਦਰ ਵਿਖੇ ਪਹੁੰਚ ਕੇ ਇਸ ਪਵਿੱਤਰ ਸਮਾਗਮ ’ਚ ਸ਼ਮੂਲੀਅਤ ਕਰਨ ਤੇ ਧਾਰਮਿਕ ਲਾਹਾ ਪ੍ਰਾਪਤ ਕਰਨ। ਇਸ ਮੌਕੇ ਕਮੇਟੀ ਮੈਂਬਰਾਂ ਵੱਲੋਂ ਸਮਾਗਮ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਸੰਗਤਾਂ ਤੇ ਸੇਵਾਦਾਰਾਂ ਦੀਆਂ ਵੱਖ-ਵੱਖ ਡਿਊਟੀਆਂ ਵੀ ਲਗਾਈਆਂ ਗਈਆਂ।