ਚੰਗੀ ਸੋਚ ਤੇ ਨੈਤਿਕ ਕਦਰਾਂ-ਕੀਮਤਾਂ ਨਾਲ ਹੀ ਬਣੇਗਾ ਆਦਰਸ਼ ਸਮਾਜ ਚੰਗੀ ਸੋਚ ਅਤੇ ਨੈਤਿਕ ਕਦਰਾਂ-ਕੀਮਤਾਂ ਨਾਲ ਹੀ ਬਣੇਗਾ ਆਦਰਸ਼ ਸਮਾਜ
Publish Date: Wed, 18 Nov 2026 04:39 PM (IST)
Updated Date: Wed, 18 Nov 2026 04:42 PM (IST)
ਸਮਾਜ ’ਚ ਸਦਭਾਵਨਾ, ਇਮਾਨਦਾਰੀ ਤੇ ਮਨੁੱਖਤਾ ਦੀ ਸੇਵਾ ਨੂੰ ਅਪਣਾਉਣ ਦੀ ਲੋੜ ਸੁਰਿੰਦਰ ਸਿੰਘ ਸੋਨੀ, ਪੰਜਾਬੀ ਜਾਗਰਣ, ਸ਼੍ਰੀ ਅਨੰਦਪੁਰ ਸਾਹਿਬ: ਸਮਾਜ ਦੀ ਤਰੱਕੀ ਸਿਰਫ਼ ਆਰਥਿਕ ਖੁਸ਼ਹਾਲੀ ਜਾਂ ਆਧੁਨਿਕ ਸਹੂਲਤਾਂ ਨਾਲ ਨਹੀਂ ਹੁੰਦੀ, ਸਗੋਂ ਇਸ ਦੀ ਅਸਲ ਪਹਿਚਾਣ ਲੋਕਾਂ ਦੀ ਸੋਚ, ਚੰਗੇ ਆਚਰਨ ਤੇ ਨੈਤਿਕ ਕਦਰਾਂ-ਕੀਮਤਾਂ ਤੋਂ ਬਣਦੀ ਹੈ। ਜੇਕਰ ਹਰ ਵਿਅਕਤੀ ਆਪਣੇ ਜੀਵਨ ’ਚ ਇਮਾਨਦਾਰੀ, ਸਹਿਣਸ਼ੀਲਤਾ, ਆਪਸੀ ਸਤਿਕਾਰ ਤੇ ਮਨੁੱਖਤਾ ਨੂੰ ਪਹਿਲ ਦੇਵੇ ਤਾਂ ਇੱਕ ਆਦਰਸ਼ ਸਮਾਜ ਦੀ ਸਿਰਜਣਾ ਸੰਭਵ ਹੈ। ਇਸੇ ਸਬੰਧੀ ਸਮਾਜ ਦੀਆਂ ਵੱਖ-ਵੱਖ ਸ਼ਖ਼ਸੀਅਤਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ। ਆਪਣੀਆਂ ਜਿੰਮੇਵਾਰੀਆਂ ਸਮਝਣ ਦੀ ਲੋੜ ਸਮਾਜ ਸੇਵੀ ਜਸਵਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਚੰਗੀ ਸੋਚ ਮਨੁੱਖ ਦੀ ਸ਼ਖ਼ਸੀਅਤ ਦਾ ਸਭ ਤੋਂ ਮਹੱਤਵਪੂਰਨ ਗੁਣ ਹੈ। ਅੱਜ ਦੇ ਸਮੇਂ ’ਚ ਸਮਾਜ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਨ੍ਹਾਂ ’ਚ ਨਸ਼ਾਖੋਰੀ, ਭ੍ਰਿਸ਼ਟਾਚਾਰ, ਆਪਸੀ ਰੰਜਿਸ਼ਾਂ ਤੇ ਸਮਾਜਿਕ ਕੁਰੀਤੀਆਂ ਪ੍ਰਮੁੱਖ ਹਨ। ਇਨ੍ਹਾਂ ਸਮੱਸਿਆਵਾਂ ਦਾ ਹੱਲ ਸਿਰਫ਼ ਕਾਨੂੰਨ ਬਣਾਉਣ ਨਾਲ ਨਹੀਂ, ਸਗੋਂ ਲੋਕਾਂ ਦੀ ਸੋਚ ਬਦਲਣ ਨਾਲ ਹੀ ਸੰਭਵ ਹੈ। ਉਨ੍ਹਾਂ ਕਿਹਾ ਕਿ ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਬੱਚਿਆਂ ਨੂੰ ਬਚਪਨ ਤੋਂ ਹੀ ਇਮਾਨਦਾਰੀ, ਵੱਡਿਆਂ ਦਾ ਸਤਿਕਾਰ, ਛੋਟਿਆਂ ਨਾਲ ਪਿਆਰ ਤੇ ਲੋੜਵੰਦਾਂ ਦੀ ਮਦਦ ਕਰਨ ਦੀ ਸਿੱਖਿਆ ਦੇਣ। ਜਦੋਂ ਹਰ ਵਿਅਕਤੀ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਮਝੇਗਾ ਤਾਂ ਸਮਾਜ ’ਚ ਆਪਣੇ ਆਪ ਚੰਗਾ ਮਾਹੌਲ ਪੈਦਾ ਹੋਵੇਗਾ। ਇੱਕ-ਦੂਜੇ ਦੀਆਂ ਭਾਵਨਾਵਾਂ ਦਾ ਸਤਿਕਾਰ ਜ਼ਰੂਰੀ ਜਤਿੰਦਰ ਸਿੰਘ ਪਿੰਕਾ ਨਿੱਕੂਵਾਲ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਨੈਤਿਕ ਕਦਰਾਂ-ਕੀਮਤਾਂ ਕਿਸੇ ਵੀ ਸਮਾਜ ਦੀ ਮਜ਼ਬੂਤ ਨੀਂਹ ਹੁੰਦੀਆਂ ਹਨ। ਅੱਜ ਲੋੜ ਹੈ ਕਿ ਨੌਜਵਾਨ ਪੀੜ੍ਹੀ ਨੂੰ ਸਿਰਫ਼ ਪੜ੍ਹਾਈ ਤੇ ਰੁਜ਼ਗਾਰ ਤੱਕ ਸੀਮਤ ਨਾ ਰੱਖਿਆ ਜਾਵੇ, ਬਲਕਿ ਉਨ੍ਹਾਂ ਨੂੰ ਚੰਗੇ ਸੰਸਕਾਰਾਂ ਤੇ ਸਮਾਜਿਕ ਜ਼ਿੰਮੇਵਾਰੀਆਂ ਨਾਲ ਵੀ ਜੋੜਿਆ ਜਾਵੇ। ਉਨ੍ਹਾਂ ਕਿਹਾ ਕਿ ਸ਼ੋਸ਼ਲ ਮੀਡੀਆ ਦੇ ਇਸ ਦੌਰ ’ਚ ਨੌਜਵਾਨਾਂ ਨੂੰ ਸਹੀ ਤੇ ਗਲਤ ਦੀ ਪਹਿਚਾਣ ਕਰਨੀ ਸਿਖਾਉਣੀ ਬਹੁਤ ਜ਼ਰੂਰੀ ਹੈ। ਸਾਨੂੰ ਅਜਿਹਾ ਮਾਹੌਲ ਬਣਾਉਣਾ ਚਾਹੀਦਾ ਹੈ ਜਿੱਥੇ ਲੋਕ ਇੱਕ-ਦੂਜੇ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਨ, ਧਰਮਾਂ ਤੇ ਵਿਚਾਰਾਂ ਦੇ ਫ਼ਰਕ ਦੇ ਬਾਵਜੂਦ ਆਪਸੀ ਭਾਈਚਾਰਾ ਕਾਇਮ ਰੱਖਣ ਤੇ ਸਮਾਜ ਦੀ ਬਿਹਤਰੀ ਲਈ ਮਿਲ ਕੇ ਕੰਮ ਕਰਨ। ਔਰਤਾਂ ਦੀ ਅਹਿਮ ਭੂਮਿਕਾ ਕਮਲਦੀਪ ਕੌਰ ਸੈਣੀ ਨੇ ਕਿਹਾ ਕਿ ਆਦਰਸ਼ ਸਮਾਜ ਦੀ ਸਿਰਜਣਾ ’ਚ ਔਰਤਾਂ ਤੇ ਮਾਪਿਆਂ ਦੀ ਭੂਮਿਕਾ ਬਹੁਤ ਅਹਿਮ ਹੈ। ਬੱਚੇ ਆਪਣੇ ਘਰ ਤੇ ਆਲੇ-ਦੁਆਲੇ ਦੇ ਮਾਹੌਲ ਤੋਂ ਹੀ ਚੰਗੀਆਂ ਜਾਂ ਮਾੜੀਆਂ ਆਦਤਾਂ ਸਿੱਖਦੇ ਹਨ। ਇਸ ਲਈ ਪਰਿਵਾਰਾਂ ’ਚ ਪਿਆਰ, ਸਤਿਕਾਰ, ਬਰਾਬਰਤਾ ਤੇ ਸਹਿਯੋਗ ਦੀ ਭਾਵਨਾ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਧੀਆਂ ਤੇ ਪੁੱਤਰਾਂ ਨੂੰ ਬਰਾਬਰ ਮੌਕੇ ਦੇਣੇ, ਔਰਤਾਂ ਦਾ ਸਤਿਕਾਰ ਕਰਨਾ ਤੇ ਲੋੜਵੰਦਾਂ ਦੀ ਮਦਦ ਲਈ ਅੱਗੇ ਆਉਣਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਅਨੁਸਾਰ ਸਿਰਫ਼ ਦੂਜਿਆਂ ਨੂੰ ਨਸੀਹਤ ਦੇਣ ਦੀ ਬਜਾਏ ਹਰੇਕ ਵਿਅਕਤੀ ਨੂੰ ਆਪਣੇ ਜੀਵਨ ’ਚ ਚੰਗੇ ਆਚਰਨ ਨੂੰ ਅਪਣਾਉਣਾ ਚਾਹੀਦਾ ਹੈ। ਤਿੰਨਾਂ ਸ਼ਖ਼ਸੀਅਤਾਂ ਨੇ ਸਾਂਝੇ ਤੌਰ ਤੇ ਕਿਹਾ ਕਿ ਸਮਾਜ ’ਚ ਬਦਲਾਅ ਲਿਆਉਣ ਦੀ ਸ਼ੁਰੂਆਤ ਹਰੇਕ ਵਿਅਕਤੀ ਨੂੰ ਆਪਣੇ ਆਪ ਤੋਂ ਕਰਨੀ ਚਾਹੀਦੀ ਹੈ। ਜੇਕਰ ਅਸੀਂ ਇਮਾਨਦਾਰੀ, ਸੇਵਾ, ਸਹਿਣਸ਼ੀਲਤਾ ਤੇ ਮਨੁੱਖਤਾ ਨੂੰ ਆਪਣੇ ਜੀਵਨ ਦਾ ਹਿੱਸਾ ਬਣਾ ਲਈਏ ਤਾਂ ਇੱਕ ਸ਼ਾਂਤੀਪੂਰਨ, ਖੁਸ਼ਹਾਲ ਤੇ ਆਦਰਸ਼ ਸਮਾਜ ਦਾ ਸੁਪਨਾ ਸਾਕਾਰ ਹੋ ਸਕਦਾ ਹੈ।