ਤੁਲਸੀ ਵਿਆਹ ਪਰਿਵਾਰਕ ਸੁਖ-ਸਮ੍ਰਿੱਧੀ ਦਾ ਪ੍ਰਤੀਕ : ਹਰੀਸ਼ ਸ਼ਰਮਾ ਤੁਲਸੀ ਵਿਆਹ ਸ਼ਰਧਾ, ਪਵਿੱਤਰਤਾ ਅਤੇ ਪਰਿਵਾਰਕ ਸੁਖ-ਸਮ੍ਰਿੱਧੀ ਦਾ ਪ੍ਰਤੀਕ : ਐਸਟਰੋਲੋਜਿਸਟ ਹਰੀਸ਼ ਸ਼ਰਮਾ
Publish Date: Wed, 18 Nov 2026 04:28 PM (IST)
Updated Date: Wed, 18 Nov 2026 04:30 PM (IST)
21 ਨਵੰਬਰ ਨੂੰ ਮਨਾਇਆ ਜਾਵੇਗਾ ਤੁਲਸੀ ਵਿਆਹ ਦਾ ਪਵਿੱਤਰ ਤਿਉਹਾਰ ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ: ਹਿੰਦੂ ਪੰਚਾਗ ਦੇ ਅਨੁਸਾਰ 21 ਨਵੰਬਰ, ਸ਼ਨੀਵਾਰ ਨੂੰ ਹਿੰਦੂ ਧਰਮ ਦਾ ਵਿਸ਼ੇਸ਼ ਮਹੱਤਵ ਰੱਖਣ ਵਾਲਾ ਤੁਲਸੀ ਵਿਆਹ ਦਾ ਪਵਿੱਤਰ ਤਿਉਹਾਰ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ। ਇਸ ਦਿਨ ਮਾਤਾ ਤੁਲਸੀ ਤੇ ਭਗਵਾਨ ਸ਼ਾਲੀਗ੍ਰਾਮ ਦੇ ਵਿਆਹ ਦੀ ਰਸਮ ਪੂਰੀਆਂ ਧਾਰਮਿਕ ਮਰਿਆਦਾਵਾਂ ਤੇ ਰੀਤੀ-ਰਿਵਾਜਾਂ ਅਨੁਸਾਰ ਨਿਭਾਈ ਜਾਂਦੀ ਹੈ। ਇਹ ਤਿਉਹਾਰ ਸ਼ਰਧਾ, ਵਿਸ਼ਵਾਸ, ਪਵਿੱਤਰਤਾ ਤੇ ਕੁਦਰਤ ਪ੍ਰਤੀ ਸਤਿਕਾਰ ਦਾ ਸੰਦੇਸ਼ ਦਿੰਦਾ ਹੈ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਐਸਟਰੋਲੋਜਿਸਟ ਹਰੀਸ਼ ਸ਼ਰਮਾ ਸੇਰੀ ਵਾਲਿਆਂ ਨੇ ਦੱਸਿਆ ਕਿ ਹਿੰਦੂ ਧਾਰਮਿਕ ਮਾਨਤਾਵਾਂ ਅਨੁਸਾਰ ਮਾਤਾ ਤੁਲਸੀ ਨੂੰ ਮਾਂ ਲਕਸ਼ਮੀ ਦਾ ਸਰੂਪ ਮੰਨਿਆ ਜਾਂਦਾ ਹੈ, ਜਦਕਿ ਭਗਵਾਨ ਸ਼ਾਲੀਗ੍ਰਾਮ ਨੂੰ ਭਗਵਾਨ ਵਿਸ਼ਨੂੰ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਤੁਲਸੀ ਵਿਆਹ ਦਾ ਆਯੋਜਨ ਕਾਰਤਿਕ ਮਹੀਨੇ ਦੇ ਸ਼ੁਕਲ ਪੱਖ ਦੀ ਦਵਾਦਸ਼ੀ ਤਿਥੀ ਨੂੰ ਕੀਤਾ ਜਾਂਦਾ ਹੈ। ਇਸ ਤਿਉਹਾਰ ਨੂੰ ਦੇਵ ਉਠਨੀ ਇਕਾਦਸ਼ੀ ਤੋਂ ਬਾਅਦ ਵਿਸ਼ੇਸ਼ ਮਹੱਤਵ ਪ੍ਰਾਪਤ ਹੈ। ਧਾਰਮਿਕ ਮਾਨਤਾਵਾਂ ਅਨੁਸਾਰ ਇਸ ਦਿਨ ਤੋਂ ਹਿੰਦੂ ਧਰਮ ’ਚ ਵਿਆਹ ਵਰਗੇ ਸ਼ੁਭ ਕਾਰਜਾਂ ਦੀ ਸ਼ੁਰੂਆਤ ਵੀ ਮੰਨੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਸ ਮੌਕੇ ਘਰਾਂ ਤੇ ਮੰਦਰਾਂ ’ਚ ਤੁਲਸੀ ਦੇ ਪੌਦੇ ਨੂੰ ਵਿਸ਼ੇਸ਼ ਤੌਰ ’ਤੇ ਸਜਾਇਆ ਜਾਂਦਾ ਹੈ। ਮਾਤਾ ਤੁਲਸੀ ਨੂੰ ਸੁਹਾਗ ਦਾ ਸਮਾਨ, ਚੁੰਨੀ ਤੇ ਫੁੱਲਾਂ ਨਾਲ ਸਜਾ ਕੇ ਭਗਵਾਨ ਸ਼ਾਲੀਗ੍ਰਾਮ ਨਾਲ ਵਿਆਹ ਦੀ ਰਸਮ ਨਿਭਾਈ ਜਾਂਦੀ ਹੈ। ਇਸ ਦੌਰਾਨ ਮੰਤਰਾਂ ਦਾ ਉਚਾਰਨ, ਭਜਨ-ਕੀਰਤਨ, ਆਰਤੀ ਤੇ ਪ੍ਰਸ਼ਾਦ ਵੰਡਿਆ ਜਾਂਦਾ ਹੈ। ਸ਼ਰਧਾਲੂ ਆਪਣੇ ਪਰਿਵਾਰ ਦੀ ਖੁਸ਼ਹਾਲੀ, ਸੁਖ-ਸ਼ਾਂਤੀ ਤੇ ਚੰਗੇ ਭਵਿੱਖ ਲਈ ਪ੍ਰਾਰਥਨਾ ਕਰਦੇ ਹਨ। ਐਸਟਰੋਲੋਜਿਸਟ ਹਰੀਸ਼ ਸ਼ਰਮਾ ਨੇ ਕਿਹਾ ਕਿ ਤੁਲਸੀ ਦਾ ਪੌਦਾ ਧਾਰਮਿਕ ਮਹੱਤਵ ਦੇ ਨਾਲ-ਨਾਲ ਵਾਤਾਵਰਣ ਤੇ ਸਿਹਤ ਪੱਖੋਂ ਵੀ ਅਹਿਮ ਸਥਾਨ ਰੱਖਦਾ ਹੈ। ਸਾਨੂੰ ਆਪਣੇ ਘਰਾਂ ’ਚ ਤੁਲਸੀ ਸਮੇਤ ਹੋਰ ਪੌਦੇ ਲਗਾ ਕੇ ਕੁਦਰਤ ਦੀ ਸੰਭਾਲ ’ਚ ਯੋਗਦਾਨ ਪਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਧਾਰਮਿਕ ਤਿਉਹਾਰ ਨਵੀਂ ਪੀੜ੍ਹੀ ਨੂੰ ਆਪਣੇ ਸੱਭਿਆਚਾਰ, ਧਾਰਮਿਕ ਪਰੰਪਰਾਵਾਂ ਤੇ ਸੰਸਕਾਰਾਂ ਨਾਲ ਜੋੜਨ ਦਾ ਵਧੀਆ ਮੌਕਾ ਪ੍ਰਦਾਨ ਕਰਦੇ ਹਨ।