ਸ੍ਰੀ ਹਨੂੰਮਾਨ ਚਾਲੀਸਾ ਦੇ ਪਾਠ ’ਚ ਸ਼ਾਮਲ ਹੋਏ ਬੈਂਸ ਗਿਆਰਵੇ ਮੰਗਲਵਾਰ ਭਜਨ ਸੰਧਿਆ ਦੌਰਾਨ ਸ੍ਰੀ ਹਨੂੰਮਾਨ ਚਾਲੀਸਾ ਦੇ ਪਾਠ ਵਿੱਚ ਸ਼ਾਮਲ ਹੋਏ ਬੈਂਸ
Publish Date: Wed, 18 Nov 2026 04:25 PM (IST)
Updated Date: Wed, 18 Nov 2026 04:27 PM (IST)
ਪਿੰਡ ਡਾਢੀ ਵਿਖੇ ਹਨੁਮਾਨ ਚਲੀਸਾ ਪਾਠ ਤੋਂ ਬਾਅਦ ਸਰਬੱਤ ਦੇ ਭਲੇ ਦੀ ਕੀਤੀ ਅਰਦਾਸ ਨਰਿੰਦਰ ਸੈਣੀ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ: ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਵਿਧਾਇਕ ਤੇ ਮੰਤਰੀ ਹਰਜੋਤ ਸਿੰਘ ਬੈਂਸ ਨੇ 21 ਮੰਗਲਵਾਰ ਭਜਨ ਸੰਧਿਆ ਸੰਕਲਪ ਤਹਿਤ ਸ੍ਰੀ ਕੀਰਤਪੁਰ ਸਾਹਿਬ ਦੇ ਨਜ਼ਦੀਕੀ ਪਿੰਡ ਡਾਢੀ ਵਿਖੇ ਕਰਵਾਏ ਗਏ ਗਿਆਰਵੇਂ ਮੰਗਲਵਾਰ ਦੇ ਧਾਰਮਿਕ ਸਮਾਗਮ ’ਚ ਸ਼ਰਧਾ ਤੇ ਸਤਿਕਾਰ ਸਹਿਤ ਸ਼ਮੂਲੀਅਤ ਕੀਤੀ। ਬੈਂਸ ਨੇ ਸਾਥੀਆਂ ਸਮੇਤ ਸ੍ਰੀ ਹਨੂੰਮਾਨ ਚਾਲੀਸਾ ਦੇ ਪਾਠ ’ਚ ਹਾਜ਼ਰੀ ਭਰ ਕੇ ਪ੍ਰਭੂ ਦੇ ਚਰਨਾਂ ’ਚ ਨਤਮਸਤਕ ਹੋ ਕੇ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਵੱਡੀ ਗਿਣਤੀ ’ਚ ਇਲਾਕੇ ਦੀ ਸੰਗਤ ਮੌਜੂਦ ਸੀ ਤੇ ਸਾਰਿਆਂ ਨੇ ਇਕੱਠੇ ਬੈਠ ਕੇ ਹਨੁਮਾਨ ਚਲੀਸਾ ਦਾ ਪਾਠ ਕੀਤਾ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਕੈਬਨਿਟ ਮੰਤਰੀ ਨੇ ਕਿਹਾ ਕਿ ਅਜਿਹੇ ਧਾਰਮਿਕ ਸਮਾਗਮਾਂ ’ਚ ਸ਼ਾਮਲ ਹੋਣਾ ਉਨ੍ਹਾਂ ਲਈ ਸੁਭਾਗ ਦੀ ਗੱਲ ਹੈ ਤੇ ਪ੍ਰਭੂ ਦੀ ਭਗਤੀ ਮਨੁੱਖ ਨੂੰ ਮਾਨਸਿਕ ਸਕੂਨ ਤੇ ਆਤਮਿਕ ਬਲ ਪ੍ਰਦਾਨ ਕਰਦੀ ਹੈ। ਜ਼ਿਕਰਯੋਗ ਹੈ ਕਿ ਹਰਜੋਤ ਸਿੰਘ ਬੈਂਸ ਵੱਲੋਂ 21 ਮੰਗਲਵਾਰ ਭਜਨ ਸੰਧਿਆ ਦੇ ਸੰਕਲਪ ਦੌਰਾਨ ਵੱਖ-ਵੱਖ ਪਿੰਡਾਂ ’ਚ ਮੰਗਲਵਾਰ ਦੇ ਦਿਨ ਹਨੁਮਾਨ ਚਲੀਸਾ ਦਾ ਪਾਠ ਸ਼ਰਧਾ ਭਾਵਨਾ ਨਾਲ ਕੀਤਾ ਜਾਂਦਾ ਹੈ। ਇਸ ਮੌਕੇ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ 21 ਮੰਗਲਵਾਰ ਭਜਨ ਸੰਧਿਆ ਦਾ ਇਹ ਸੰਕਲਪ ਸ਼ਰਧਾ, ਵਿਸ਼ਵਾਸ ਤੇ ਪ੍ਰਭੂ ਭਗਤੀ ਨਾਲ ਜੁੜਿਆ ਹੋਇਆ ਹੈ। ਸ੍ਰੀ ਹਨੂੰਮਾਨ ਜੀ ਦਾ ਜੀਵਨ ਸਾਨੂੰ ਸੇਵਾ, ਸਮਰਪਣ, ਨਿਮਰਤਾ, ਹਿੰਮਤ ਤੇ ਨਿਸ਼ਕਾਮ ਭਗਤੀ ਦੀ ਪ੍ਰੇਰਨਾ ਦਿੰਦਾ ਹੈ। ਹਰਜੋਤ ਸਿੰਘ ਬੈਂਸ ਨੇ ਪ੍ਰਭੂ ਦੇ ਚਰਨਾਂ ’ਚ ਅਰਦਾਸ ਕਰਦਿਆਂ ਕਿਹਾ ਕਿ ਪ੍ਰਮਾਤਮਾ ਸਾਰੀਆ ਉੱਤੇ ਆਪਣੀ ਮਿਹਰ ਬਣਾਈ ਰੱਖਣ ਤੇ ਹਰੇਕ ਪਰਿਵਾਰ ਦੇ ਜੀਵਨ ’ਚ ਸੁੱਖ, ਸ਼ਾਂਤੀ, ਤੰਦਰੁਸਤੀ ਤੇ ਖੁਸ਼ਹਾਲੀ ਬਖ਼ਸ਼ਣ। ਉਨ੍ਹਾਂ ਕਿਹਾ ਕਿ ਉਹ ਹਮੇਸ਼ਾ ਆਪਣੇ ਹਲਕੇ ਦੇ ਲੋਕਾਂ ਦੀ ਚੜ੍ਹਦੀ ਕਲਾ ਤੇ ਇਲਾਕੇ ਦੀ ਬਿਹਤਰੀ ਲਈ ਅਰਦਾਸ ਕਰਦੇ ਹਨ। ਉਨ੍ਹਾਂ ਨੇ ਸਮੂਹ ਸੰਗਤ ਨੂੰ ਧਾਰਮਿਕ ਤੇ ਸਮਾਜਿਕ ਕਾਰਜਾਂ ’ਚ ਵੱਧ-ਚੜ੍ਹ ਕੇ ਹਿੱਸਾ ਲੈਣ ਦਾ ਸੱਦਾ ਵੀ ਦਿੱਤਾ। ਇਸ ਮੌਕੇ ਪਿੰਡ ਦੀ ਸੰਗਤ ਵੱਲੋਂ ਕੈਬਨਿਟ ਮੰਤਰੀ ਦਾ ਸਵਾਗਤ ਕੀਤਾ ਗਿਆ ਤੇ ਸਮਾਗਮ ਦੌਰਾਨ ਸ਼ਰਧਾਲੂਆਂ ਨੇ ਪੂਰੀ ਸ਼ਰਧਾ ਨਾਲ ਸ੍ਰੀ ਹਨੂੰਮਾਨ ਚਾਲੀਸਾ ਦਾ ਪਾਠ ਕੀਤਾ। ਅੰਤ ਹਨੁਮਾਨ ਚਲੀਸਾ ਤੇ ਪਾਠ ਦੀ ਸੰਪੂਰਨਤਾ ਤੋਂ ਬਾਅਦ ਆਰਤੀ ਕੀਤੀ ਗਈ ਤੇ ਆਈਆਂ ਹੋਈਆਂ ਸੰਗਤਾਂ ਨੂੰ ਪ੍ਰਸ਼ਾਦ ਵੰਡਿਆ ਗਿਆ। ਪਿੰਡ ਵਾਸੀਆਂ ਵੱਲੋਂ ਹਰਜੋਤ ਸਿੰਘ ਬੈਂਸ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਐੱਸਸੀ ਕਮਿਸ਼ਨ ਪੰਜਾਬ ਦੇ ਮੈਂਬਰ ਕਮਿੱਕਰ ਸਿੰਘ ਡਾਢੀ, ਕੇਸਰ ਸਿੰਘ ਸੰਧੂ, ਪਰਮਿੰਦਰ ਸਿੰਘ ਜਿੰਮੀ, ਦਰਸ਼ਨ ਸਿੰਘ ਸੈਣੀ, ਦੀਪਕ ਸ਼ਰਮਾ, ਦਰਸ਼ਨ ਸਿੰਘ ਡਾਢੀ ਸਮੇਤ ਵੱਡੀ ਗਿਣਤੀ ’ਚ ਪਿੰਡ ਵਾਸੀ ਹਾਜ਼ਰ ਸਨ।