- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਈ ਅੰਮ੍ਰਿਤਪਾਲ ਸਿੰਘ ਨੂੰ ਸ਼ਰਤਾਂ ਤਹਿਤ ਇੱਕ ਦਿਨ ਦੀ ਪਰੋਲ ਦੇਣਾ ਮਨੁੱਖੀ ਅਧਿਕਾਰਾਂ ਦਾ ਘਾਣ: ਸ਼ਮਸ਼ੇਰ ਸਿੰਘ ਸ਼ੇਰਾ

ਨਰਿੰਦਰ ਸੈਣੀ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ : ਬੀਤੇ ਦਿਨੀਂ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ(ਮੈਂਬਰ ਪਾਰਲੀਮੈਂਟ) ਦੇ ਦਾਦੀ ਮਾਤਾ ਚਰਨ ਕੌਰ ਪਰਲੋਕ ਸੁਧਾਰ ਗਏ ਸਨ। ਦਾਦੀ ਤੇ ਪੋਤੇ ਦਾ ਆਪਸੀ ਮੋਹ ਪਿਆਰ ਪੰਜਾਬ ’ਚ ਦੁਨੀਆਂ ਤੋਂ ਲੁਕਿਆ ਹੋਇਆ ਨਹੀਂ ਹੈ। ਦਾਦੀ ਮਾਤਾ ਦੀ ਆਖਰੀ ਇੱਛਾ ਸੀ ਕਿ ਭਾਈ ਅੰਮ੍ਰਿਤਪਾਲ ਸਿੰਘ ਮੈਨੂੰ ਅਗਨੀ ਭੇਟ ਕਰੇ। ਜਿਉਂਦੇ ਜੀ ਵੀ ਕਈ ਵਾਰ ਦਾਦੀ ਮਾਤਾ ਨੂੰ ਮਿਲਣ ਦੇ ਲਈ ਮਾਣਯੋਗ ਕੋਰਟ ਰਾਹੀਂ ਪੰਜਾਬ ਸਰਕਾਰ ਤੋਂ ਪਰੋਲ ਦੀ ਮੰਗ ਕੀਤੀ ਗਈ, ਪਰ ਮੌਕੇ ਦੀ ਹਾਕਮ ਸਰਕਾਰ ਵੱਲੋਂ ਪੈਰੋਲ ਨਹੀਂ ਦਿੱਤੀ ਗਈ, ਪਰ ਹੁਣ ਜਦੋਂ ਮਾਤਾ ਚਰਨ ਕੌਰ ਸਵਰਗ ਸੁਧਾਰ ਗਏ ਹਨ ਤਾਂ ਉਨ੍ਹਾਂ ਦੀਆਂ ਅੰਤਿਮ ਰਸਮਾਂ ਦੇ ’ਚ ਸ਼ਾਮਿਲ ਹੋਣ ਦੇ ਲਈ ਭਾਈ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਵੱਲੋਂ ਮਾਨਯੋਗ ਕੋਰਟ ਦੇ ’ਚ ਤਿੰਨ ਦਿਨ ਦੀ ਪੈਰੋਲ ਦੀ ਮੰਗ ਕੀਤੀ ਗਈ ਸੀ, ਜਿਸ ਦੇ ਤਹਿਤ ਪੰਜਾਬ ਸਰਕਾਰ ਦੀਆਂ ਸ਼ਰਤਾਂ ’ਤੇ ਸਿਰਫ ਇੱਕ ਦਿਨ 21 ਨਵੰਬਰ 2026 ਦੀ ਪਰੋਲ ਦਿੱਤੀ ਗਈ ਹੈ, ਜਿਸ ’ਚ ਅਨੇਕਾਂ ਸ਼ਰਤਾਂ ਤਹਿਤ ਪੈਰੋਲ ਮਿਲੀ ਹੈ ਕਿ ਭਾਈ ਅੰਮ੍ਰਿਤ ਪਾਲ ਮੈਂਬਰ ਪਾਰਲੀਮੈਂਟ ਆਪਣੇ ਪਰਿਵਾਰ ਤੋਂ ਬਿਨ੍ਹਾਂ ਕਿਸੇ ਹੋਰ ਨੂੰ ਮਿਲ ਨਹੀਂ ਸਕਦਾ, ਮੀਡੀਆ ਨਾਲ ਕੋਈ ਗੱਲ ਨਹੀਂ ਕਰ ਸਕਦਾ, ਦਾਦੀ ਮਾਤਾ ਦੇ ਫੁੱਲ ਚੁਗਣ ਦੀ ਰਸਮ ਤੇ ਭੋਗ ’ਤੇ ਅੰਤਿਮ ਅਰਦਾਸ ਦੀ ਰਸਮ ’ਚ ਸ਼ਾਮਿਲ ਨਹੀਂ ਹੋ ਸਕਦਾ, ਸਿਰਫ ਅੰਤਿਮ ਸਸਕਾਰ ’ਚ ਸ਼ਾਮਿਲ ਹੋਵੇਗਾ।