ਗਰਾ ਮੋੜਾ ਨੇੜੇ ਜੀਓ ਤੇ ਏਅਰਟੈਲ ਟਾਵਰਾਂ ’ਤੇ ਚੋਰੀ ਗਰਾ ਮੋੜਾ ਨਜ਼ਦੀਕ ਜੀਓ ਅਤੇ ਏਅਰਟੈਲ ਟਾਵਰਾਂ ’ਤੇ ਹੋਈ ਚੋਰੀ
Publish Date: Tue, 17 Nov 2026 05:43 PM (IST)
Updated Date: Tue, 17 Nov 2026 05:45 PM (IST)
ਸੀਸੀ ਟੀਵੀ ਕੈਮਰੇ ਤੇ ਮਹਿੰਗੀ ਕੇਬਲ ਲੈ ਕੇ ਚੋਰ ਰਫੂਚੱਕਰ ਨਰਿੰਦਰ ਸੈਣੀ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ: ਪੰਜਾਬ ਤੇ ਹਿਮਾਚਲ ਪ੍ਰਦੇਸ਼ ਸਰਹੱਦ ਤੇ ਪੈਂਦੇ ਪਿੰਡ ਗਰਾਂ ਮੋੜਾ ਨਜ਼ਦੀਕ ਜੀਉ ਤੇ ਏਅਰਟਲ ਕੰਪਨੀ ਦੇ ਟਾਵਰਾਂ ’ਚੋਂ ਚੋਰੀ ਦੀ ਵੱਡੀ ਵਾਰਦਾਤ ਸਬੰਧੀ ਜਾਣਕਾਰੀ ਸਾਹਮਣੇ ਆਈ ਹੈ। ਇਸ ਸਬੰਧੀ ਕੰਪਨੀ ਦੇ ਟੈਕਨੀਸ਼ੀਅਨ ਕਰਮ ਚੰਦ ਨੇ ਦੱਸਿਆ ਕਿ ਪਿੰਡ ਗਰਾ ਮੋੜਾ ਨਜ਼ਦੀਕ ਏਅਰਟੈੱਲ ਤੇ ਜੀਓ ਕੰਪਨੀ ਦੇ ਟਾਵਰ ਲੱਗੇ ਹੋਏ ਹਨ ਬੀਤੀ 14 ਤੇ 15 ਨਵੰਬਰ ਦੀ ਦਰਮਿਆਨੀ ਰਾਤ ਨੂੰ ਕਰੀਬ 1 ਵਜੇ ਚੋਰਾਂ ਵੱਲੋਂ ਟਾਵਰ ਦੇ ਏਰੀਏ ’ਚ ਵੜ ਕੇ ਪਹਿਲਾਂ ਸੀਸੀਟੀਵੀ ਕੈਮਰਿਆਂ ਦੀ ਤੋੜ ਭੰਨ ਕਰਕੇ ਕੈਮਰੇ ਪੁੱਟੇ ਗਏ ਤੇ ਫਿਰ ਬਾਅਦ ’ਚ ਬੈਕਅੱਪ ਪਾਵਰ ਪੈਕ ਲਈ ਵਿਛਾਈ ਗਈ ਮਹਿੰਗੀ ਬਿਜਲੀ ਦੀ ਤਾਰ ਕੱਟ ਕੇ ਲੈ ਗਈ। ਇਸ ਸਬੰਧੀ ਜਦੋਂ ਇਲਾਕੇ ’ਚ ਕਾਲਿੰਗ ਤੇ ਇੰਟਰਨੈਟ ਸੇਵਾਵਾਂ ਪ੍ਰਭਾਵਿਤ ਹੋਣ ਲੱਗੀਆਂ ਤਾਂ ਕੰਪਨੀ ਦੇ ਟੈਕਨੀਸ਼ਅਨ ਟੀਮ ਨੇ ਟਾਵਰਾਂ ਦਾ ਦੌਰਾ ਕੀਤਾ ਤੇ ਉਨ੍ਹਾਂ ਦੇਖਿਆ ਕਿ ਸੀਸੀਟੀਵੀ ਕੈਮਰੇ ਪੁੱਟੇ ਹੋਏ ਸਨ ਤੇ ਕੀਮਤੀ ਕੇਵਲ ਤਾਰ ਕੱਟੀ ਹੋਈ ਸੀ। ਇਸ ਤੋਂ ਇਲਾਵਾ ਹੋਰ ਮਹਿੰਗੇ ਉਪਕਰਨ ਵੀ ਤੋੜਨ ਦੀ ਕੋਸ਼ਿਸ਼ ਕੀਤੀ ਗਈ ਜਿਨ੍ਹਾਂ ਦੀ ਭੰਨ ਤੋੜ ਹੋਈ ਹੋਈ ਸੀ। ਟੈਕਨੀਸ਼ੀਅਨ ਕਰਮ ਚੰਦ ਨੇ ਦੱਸਿਆ ਕਿ ਇਸ ਨਾਲ ਕੰਪਨੀਆਂ ਦਾ ਹਜ਼ਾਰਾਂ ਰੁਪਏ ਦਾ ਨੁਕਸਾਨ ਹੋਇਆ ਹੈ। ਇਸ ਘਟਨਾ ਤੋਂ ਬਾਅਦ ਗਰਾ ਮੌੜਾ, ਸਵਾਰ ਘਾਟ ਤੇ ਆਸ ਪਾਸ ਦੇ ਇਲਾਕੇ ’ਚ ਕਾਲਿੰਗ ਤੇ ਇੰਟਰਨੈਟ ਸੇਵਾਵਾਂ ’ਚ ਭਾਰੀ ਦਿੱਕਤਾਂ ਆਉਣੀਆਂ ਸ਼ੁਰੂ ਹੋ ਗਈਆਂ ਹਨ। ਇਸ ਨਾਲ ਇੰਟਰਨੈਟ ਸੇਵਾਵਾਂ ਵੀ ਪ੍ਰਭਾਵਿਤ ਹੋਈਆਂ ਹਨ ਜਿਸ ਨਾਲ ਬੱਚਿਆਂ ਦੀ ਆਨਲਾਈਨ ਪੜ੍ਹਾਈ ਵੀ ਪ੍ਰਭਾਵਿਤ ਹੋਈ ਹੈ। ਉਨ੍ਹਾਂ ਦੱਸਿਆ ਕਿ ਇਹ ਪਹਿਲੀ ਵਾਰ ਨਹੀਂ ਹੈ। ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ, ਇਸ ਤੋਂ ਪਹਿਲਾਂ ਚੋਰਾਂ ਵੱਲੋਂ ਬੈਟਰੀਆਂ ਤੇ ਇਨਵੈਟਰ ਚੋਰੀ ਕੀਤੇ ਗਏ ਸਨ। ਲਗਾਤਾਰ ਹੋ ਰਹੀਆਂ ਚੋਰੀਆਂ ਕਾਰਨ ਇਲਾਕੇ ਦੇ ਲੋਕਾਂ ’ਚ ਵੀ ਸਹਿਮ ਦਾ ਮਾਹੌਲ ਹੈ। ਕੰਪਨੀ ਵੱਲੋਂ ਭੇਜੀ ਗਈ ਟੈਕਨੀਸ਼ੀਅਨ ਟੀਮ ਨੇ ਦੱਸਿਆ ਕਿ ਕਰੀਬ ਤਿੰਨ ਚਾਰ ਦਿਨਾਂ ’ਚ ਪੂਰੀ ਮੁਰੰਮਤ ਹੋ ਜਾਵੇਗੀ ਤੇ ਸਾਰੀਆਂ ਸੇਵਾਵਾਂ ਪਹਿਲਾਂ ਦੀ ਤਰ੍ਹਾਂ ਚੱਲਣ ਲੱਗ ਜਾਣਗੀਆਂ। ਇਸ ਸਬੰਧੀ ਕੰਪਨੀ ਦੇ ਅਧਿਕਾਰੀਆਂ ਵੱਲੋਂ ਥਾਣਾ ਸਵਾਰਘਾਟ ਵਿਖੇ ਜਾਣਕਾਰੀ ਦਿੱਤੀ ਗਈ ਹੈ। ਪੁਲਿਸ ਟੀਮ ਨੇ ਅਧਿਕਾਰੀਆਂ ਨੂੰ ਭਰੋਸਾ ਦਿੱਤਾ ਹੈ ਕਿ ਜਲਦ ਹੀ ਇਲਾਕੇ ਦੇ ਸੀਸੀਟੀਵੀ ਕੈਮਰੇ ਖੰਗਾਲੇ ਜਾਣਗੇ ਤੇ ਦੋਸ਼ੀਆਂ ਨੂੰ ਜਲਦ ਹੀ ਪਕੜ ਲਿਆ ਜਾਵੇਗਾ।