ਖੇਤਾਂ ਲਈ ਨਹਿਰੀ ਪਾਣੀ ਮਿਲਣ ਦਾ ਸੁਪਨਾ ਹੁਣ ਸਾਕਾਰ ਹੋਣ ਕੰਢੇ ਨੂਰਪੁਰਬੇਦੀ ਬਲਾਕ ਦੇ ਪਿੰਡਾਂ ਨੂੰ ਖੇਤਾਂ ਲਈ ਨਹਿਰੀ ਪਾਣੀ ਮਿਲਣ ਦਾ ਸੁਪਨਾ ਹੁਣ ਸਾਕਾਰ ਹੋਣ ਕੰਢੇ
Publish Date: Tue, 17 Nov 2026 05:05 PM (IST)
Updated Date: Tue, 17 Nov 2026 05:06 PM (IST)
ਦਿਨੇਸ਼ ਚੱਢਾ ਦੀ ਮਿਹਨਤ ਸਦਕਾ 650 ਕਰੋੜ ਦੀ ਸਿੰਚਾਈ ਯੋਜਨਾ ’ਤੇ ਕੰਮ ਜਾਰੀ ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ: ਨੂਰਪੁਰਬੇਦੀ ਬਲਾਕ ਦੇ ਕਿਸਾਨਾਂ ਦਾ ਦਹਾਕਿਆਂ ਪੁਰਾਣਾ ਸੁਪਨਾ ਹੁਣ ਹਕੀਕਤ ਬਣਨ ਦੇ ਕੰਢੇ ਪਹੁੰਚ ਗਿਆ ਹੈ। ਹਰ ਸਾਲ ਸਤਲੁਜ ਦਰਿਆ ਤੇ ਵੱਖ-ਵੱਖ ਖੱਡਾਂ ਦੇ ਪਾਣੀ ਕਾਰਨ ਹੜ੍ਹਾਂ ਦੀ ਮਾਰ ਝੱਲਣ ਵਾਲੇ ਇਸ ਇਲਾਕੇ ਦੇ ਖੇਤਾਂ ਤੱਕ ਹੁਣ ਦਰਿਆਈ ਪਾਣੀ ਸਿੰਚਾਈ ਲਈ ਪਹੁੰਚਣ ਜਾ ਰਿਹਾ ਹੈ। ਇਸ ਮਹੱਤਵਪੂਰਨ ਬਦਲਾਅ ਪਿੱਛੇ ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਦੀ ਲੰਮੇ ਸਮੇਂ ਤੋਂ ਕੀਤੀ ਜਾ ਰਹੀ ਮਿਹਨਤ, ਲਗਾਤਾਰ ਕੋਸ਼ਿਸ਼ਾਂ ਤੇ ਸਬੰਧਤ ਵਿਭਾਗਾਂ ਕੋਲ ਕੀਤੀ ਪੈਰਵਾਈ ਅਹਿਮ ਮੰਨੀ ਜਾ ਰਹੀ ਹੈ। ਇਲਾਕੇ ਦੀ ਇਸ ਵੱਡੀ ਸਮੱਸਿਆ ਨੂੰ ਗੰਭੀਰਤਾ ਨਾਲ ਉਠਾਉਂਦਿਆਂ ਉਨ੍ਹਾਂ ਵੱਲੋਂ ਸਤਲੁਜ ਦੇ ਪਾਣੀ ਦੀ ਖੇਤੀਬਾੜੀ ਲਈ ਵਰਤੋਂ ਕਰਨ ਦਾ ਮੁੱਦਾ ਲਗਾਤਾਰ ਸਰਕਾਰ ਤੇ ਜਲ ਸਰੋਤ ਵਿਭਾਗ ਦੇ ਧਿਆਨ ’ਚ ਲਿਆਂਦਾ ਗਿਆ, ਜਿਸ ਦੇ ਨਤੀਜੇ ਵਜੋਂ ਹੁਣ 650 ਕਰੋੜ ਰੁਪਏ ਦੀ ਲਾਗਤ ਵਾਲੇ ਸਿੰਚਾਈ ਪ੍ਰੋਜੈਕਟ ’ਤੇ ਜੰਗੀ ਪੱਧਰ ’ਤੇ ਕੰਮ ਚੱਲ ਰਿਹਾ ਹੈ। ਇਸ ਯੋਜਨਾ ਦਾ ਮੁੱਖ ਟੀਚਾ ਨੂਰਪੁਰਬੇਦੀ ਬਲਾਕ ਦੇ ਪੂਰੇ ਪਿੰਡਾਂ ਨੂੰ ਪੜਾਅਵਾਰ ਨਹਿਰੀ ਤੇ ਦਰਿਆਈ ਪਾਣੀ ਦੀ ਸਿੰਚਾਈ ਸਹੂਲਤ ਨਾਲ ਜੋੜਨਾ ਹੈ। ਪਹਿਲੇ ਪੜਾਅ ਤਹਿਤ 9 ਪਿੰਡਾਂ ਦੀ ਚੋਣ ਕੀਤੀ ਗਈ ਹੈ, ਜਿਨ੍ਹਾਂ ਨੂੰ ਆਉਣ ਵਾਲੇ ਇੱਕ ਮਹੀਨੇ ਦੇ ਅੰਦਰ ਸਿੰਚਾਈ ਲਈ ਪਾਣੀ ਦੀ ਸਪਲਾਈ ਸ਼ੁਰੂ ਹੋਣ ਦੀ ਉਮੀਦ ਹੈ। ਇਨ੍ਹਾਂ ਪਿੰਡਾਂ ’ਚ ਅਬਿਆਣਾ ਕਲਾਂ, ਅਬਿਆਣਾ ਖੁਰਦ, ਛੌਂਟਾ, ਛੱਜਾ, ਬਜਰੂਰ, ਭੱਟੋ, ਨੰਗਲ, ਮਾਧੋਪੁਰ ਤੇ ਸਰਥਲੀ ਸ਼ਾਮਲ ਹਨ। ਇਸ ਪਹਿਲੇ ਪੜਾਅ ਰਾਹੀਂ 2,785 ਏਕੜ ਖੇਤੀਬਾੜੀ ਰਕਬੇ ਨੂੰ ਸਿੰਚਾਈ ਦੀ ਸਹੂਲਤ ਮਿਲੇਗੀ। ਇਸ ਤੋਂ ਬਾਅਦ ਬਾਕੀ ਪਿੰਡਾਂ ’ਚ ਵੀ ਕੰਮ ਨੂੰ ਤੇਜ਼ੀ ਨਾਲ ਅੱਗੇ ਵਧਾਉਂਦਿਆਂ ਪੂਰੇ ਬਲਾਕ ਨੂੰ ਇਸ ਸਹੂਲਤ ਨਾਲ ਜੋੜਨ ਦਾ ਟੀਚਾ ਹੈ। ਸਤਲੁਜ ਤੇ ਸਵਾਂ ਨਦੀ ਬਣਨਗੇ ਸਿੰਚਾਈ ਦੇ ਮੁੱਖ ਸਰੋਤ 650 ਕਰੋੜ ਰੁਪਏ ਦੀ ਇਸ ਸਮੁੱਚੀ ਯੋਜਨਾ ’ਚ ਸਤਲੁਜ ਦਰਿਆ ਤੋਂ ਲਿਫਟ ਸਿੰਚਾਈ ਪ੍ਰਣਾਲੀ ਰਾਹੀਂ ਪਾਣੀ ਖੇਤਾਂ ਤੱਕ ਪਹੁੰਚਾਉਣ ਦੇ ਨਾਲ-ਨਾਲ ਸਵਾਂ ਨਦੀ ਤੇ ਇਲਾਕੇ ਦੇ ਚੋਆਂ ਦੇ ਪਾਣੀ ਦੀ ਸੰਭਾਲ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਇਸ ਤਹਿਤ 8 ਤੋਂ 14 ਪਿੰਡਾਂ ਦੇ ਸਮੂਹ ਬਣਾ ਕੇ ਛੋਟੀਆਂ-ਛੋਟੀਆਂ ਲਿਫਟ ਸਿੰਚਾਈ ਸਕੀਮਾਂ ਵਿਕਸਤ ਕੀਤੀਆਂ ਜਾ ਰਹੀਆਂ ਹਨ, ਤਾਂ ਜੋ ਹਰੇਕ ਖੇਤਰ ਦੀ ਲੋੜ ਅਨੁਸਾਰ ਪਾਣੀ ਦੀ ਸਪਲਾਈ ਕੀਤੀ ਜਾ ਸਕੇ। ਪਹਿਲੇ ਪੜਾਅ ’ਚ ਪਿੰਡ ਛੱਜਾ ਨੇੜੇ ਨਹਿਰੀ ਸਰੋਤ ਤੋਂ ਪਾਣੀ ਚੁੱਕ ਕੇ ਪਾਈਪਲਾਈਨਾਂ ਰਾਹੀਂ ਅਬਿਆਣਾ ਖੁਰਦ ਤੇ ਭੱਟੋ ਵਿਖੇ ਬਣਾਏ ਜਲ ਭੰਡਾਰਾਂ ਤੱਕ ਪਹੁੰਚਾਉਣ ਦੀ ਵਿਵਸਥਾ ਕੀਤੀ ਗਈ ਹੈ। ਇੱਥੋਂ ਅੱਗੇ ਪਾਈਪਲਾਈਨਾਂ ਰਾਹੀਂ ਖੇਤਾਂ ਤੱਕ ਪਾਣੀ ਪਹੁੰਚਾਇਆ ਜਾਵੇਗਾ। ਇਸੇ ਤਰ੍ਹਾਂ ਅਗਲੇ ਪੜਾਵਾਂ ’ਚ ਹੋਰ ਪਿੰਡਾਂ ਨੂੰ ਵੀ ਇਸ ਪ੍ਰਣਾਲੀ ਨਾਲ ਜੋੜਿਆ ਜਾਵੇਗਾ। ਹੜ੍ਹਾਂ ਦੇ ਪਾਣੀ ਨੂੰ ਖੇਤੀ ਲਈ ਵਰਤਣ ਦੀ ਤਿਆਰੀ ਇਸ ਯੋਜਨਾ ਦਾ ਇੱਕ ਹੋਰ ਮਹੱਤਵਪੂਰਨ ਪੱਖ ਸਵਾਂ ਨਦੀ ਨੂੰ ਚੈਨਲਾਈਜ਼ ਕਰਨ ਤੇ ਵੱਖ-ਵੱਖ ਚੋਆਂ ’ਤੇ ਬੰਨ੍ਹ ਬਣਾ ਕੇ ਬਰਸਾਤੀ ਪਾਣੀ ਨੂੰ ਸਟੋਰ ਕਰਨਾ ਹੈ। ਇਸ ਨਾਲ ਇੱਕ ਪਾਸੇ ਨਾਲ ਲੱਗਦੇ ਪਿੰਡਾਂ ਨੂੰ ਹੜ੍ਹਾਂ ਦੇ ਖਤਰੇ ਤੋਂ ਰਾਹਤ ਮਿਲਣ ਦੀ ਸੰਭਾਵਨਾ ਹੈ, ਦੂਜੇ ਪਾਸੇ ਇਕੱਠੇ ਕੀਤੇ ਪਾਣੀ ਨੂੰ ਬਾਅਦ ’ਚ ਸਿੰਚਾਈ ਲਈ ਵਰਤਿਆ ਜਾ ਸਕੇਗਾ। ਇਸ ਤਰ੍ਹਾਂ ਜਿਹੜਾ ਪਾਣੀ ਪਹਿਲਾਂ ਬਰਸਾਤ ਦੌਰਾਨ ਨੁਕਸਾਨ ਦਾ ਕਾਰਨ ਬਣਦਾ ਸੀ, ਉਸ ਨੂੰ ਖੇਤੀਬਾੜੀ ਲਈ ਲਾਭਦਾਇਕ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਧਰਤੀ ਹੇਠਲੇ ਪਾਣੀ ’ਤੇ ਨਿਰਭਰਤਾ ਹੋਵੇਗੀ ਘੱਟ ਨੂਰਪੁਰ ਬੇਦੀ ਬਲਾਕ ਦੇ ਕਿਸਾਨਾਂ ਨੂੰ ਹੁਣ ਤੱਕ ਸਿੰਚਾਈ ਲਈ ਮੁੱਖ ਤੌਰ ’ਤੇ ਧਰਤੀ ਹੇਠਲੇ ਪਾਣੀ ਤੇ ਬਰਸਾਤ ’ਤੇ ਨਿਰਭਰ ਰਹਿਣਾ ਪੈਂਦਾ ਰਿਹਾ ਹੈ। ਸਤਲੁਜ ਦੇ ਪਾਣੀ ਦੀ ਸਪਲਾਈ ਸ਼ੁਰੂ ਹੋਣ ਨਾਲ ਕਿਸਾਨਾਂ ਨੂੰ ਸਿੰਚਾਈ ਦਾ ਇੱਕ ਨਵਾਂ ਸਰੋਤ ਮਿਲੇਗਾ। ਇਸ ਨਾਲ ਟਿਊਬਵੈੱਲਾਂ ਦੀ ਵਰਤੋਂ ਘਟਾਉਣ, ਧਰਤੀ ਹੇਠਲੇ ਪਾਣੀ ਦੀ ਬੱਚਤ ਕਰਨ ਤੇ ਖੇਤੀਬਾੜੀ ਦੀ ਲਾਗਤ ਘਟਾਉਣ ’ਚ ਮਦਦ ਮਿਲ ਸਕਦੀ ਹੈ। ਵਿਧਾਇਕ ਦਿਨੇਸ਼ ਚੱਢਾ ਦੀ ਲਗਾਤਾਰ ਪੈਰਵਾਈ ਨਾਲ ਅੱਗੇ ਵਧ ਰਹੀ ਇਹ ਯੋਜਨਾ ਹੁਣ ਆਪਣੇ ਪਹਿਲੇ ਪੜਾਅ ਦੇ ਨਤੀਜੇ ਦੇਣ ਵੱਲ ਵਧ ਰਹੀ ਹੈ। ਇੱਕ ਮਹੀਨੇ ਅੰਦਰ ਨੌਂ ਪਿੰਡਾਂ ਦੇ ਖੇਤਾਂ ਤੱਕ ਪਾਣੀ ਪਹੁੰਚਣ ਦੀ ਉਮੀਦ ਤੇ ਬਾਕੀ ਪਿੰਡਾਂ ’ਚ ਕੰਮ ਨੂੰ ਜਲਦ ਮੁਕੰਮਲ ਕਰਨ ਦੇ ਟੀਚੇ ਨੇ ਇਲਾਕੇ ਦੇ ਕਿਸਾਨਾਂ ’ਚ ਨਵੀਂ ਆਸ ਜਗਾਈ ਹੈ। ਜੇਕਰ ਯੋਜਨਾ ਤੈਅ ਸਮੇਂ ਅਨੁਸਾਰ ਪੂਰੀ ਹੁੰਦੀ ਹੈ ਤਾਂ ਨੂਰਪੁਰ ਬੇਦੀ ਬਲਾਕ ਦੀ ਖੇਤੀਬਾੜੀ ਲਈ ਇਹ ਇੱਕ ਇਤਿਹਾਸਕ ਤਬਦੀਲੀ ਸਾਬਤ ਹੋ ਸਕਦੀ ਹੈ। ਕੈਪਸ਼ਨ: ਹਲਕਾ ਵਿਧਾਇਕ ਦਿਨੇਸ਼ ਚੱਢਾ ਤੇ ਨਹਿਰੀ ਪਾਣੀ ਯੋਜਨਾ ਸਬੰਧੀ ਤੇਜ਼ੀ ਨਾਲ ਚੱਲ ਰਹੇ ਕੰਮ ਦਾ ਦ੍ਰਿਸ਼ ।