ਬਾਬਾ ਬਾਲਕ ਨਾਥ ਮੰਦਰ ਵਿਖੇ ਸਾਲਾਨਾ ਧਾਰਮਿਕ ਸਮਾਗਮ ਸੰਪੰਨ ਸਮਾਧੀ ਵਾਲੀ ਸਰਕਾਰ ਬਾਬਾ ਬਾਲਕ ਨਾਥ ਮੰਦਰ ਝਾਂਡੀਆਂ ਕਲਾਂ ਵਿਖੇ ਸਾਲਾਨਾ ਧਾਰਮਿਕ ਸਮਾਗਮ ਸ਼ਰਧਾ ’ਤੇ ਉਤਸ਼ਾਹ ਨਾਲ ਸੰਪੰਨ
Publish Date: Tue, 17 Nov 2026 04:24 PM (IST)
Updated Date: Tue, 17 Nov 2026 04:27 PM (IST)
33ਵੀਂ ਬਰਸੀ ਮੌਕੇ ਭਾਰੀ ਗਿਣਤੀ ’ਚ ਸੰਗਤਾਂ ਨੇ ਭਰੀ ਹਾਜ਼ਰੀ, ਕਲਾਕਾਰਾਂ ਨੇ ਭੇਟਾਂ ਰਾਹੀਂ ਬਾਬਾ ਜੀ ਦੀ ਮਹਿਮਾ ਦਾ ਕੀਤਾ ਗੁਣਗਾਨ ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ: ਸਮਾਧੀ ਵਾਲੀ ਸਰਕਾਰ ਸਿੱਧ ਬਾਬਾ ਬਾਲਕ ਨਾਥ ਮੰਦਰ, ਪਿੰਡ ਝਾਂਡੀਆਂ ਕਲਾਂ ਵਿਖੇ ਭਗਤ ਰਾਮ ਕਿਸ਼ਨ ਜੀ ਸਮਾਧੀ ਵਾਲਿਆਂ ਦੀ 33ਵੀਂ ਬਰਸੀ ਤੇ ਸਾਲਾਨਾ ਧਾਰਮਿਕ ਸਮਾਗਮ ਬੜੀ ਸ਼ਰਧਾ, ਭਗਤੀ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਪਵਿੱਤਰ ਮੌਕੇ ਇਲਾਕੇ ਦੇ ਵੱਖ-ਵੱਖ ਪਿੰਡਾਂ ਤੋਂ ਵੱਡੀ ਗਿਣਤੀ ’ਚ ਸੰਗਤਾਂ ਨੇ ਮੰਦਰ ਵਿਖੇ ਨਤਮਸਤਕ ਹੋ ਕੇ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਸਮੁੱਚਾ ਮਾਹੌਲ ਭਗਤੀਮਈ ਰੰਗ ’ਚ ਰੰਗਿਆ ਰਿਹਾ ਤੇ ਬਾਬਾ ਜੀ ਦੀ ਮਹਿਮਾ ਦੇ ਜੈਕਾਰਿਆਂ ਨਾਲ ਧਾਰਮਿਕ ਅਸਥਾਨ ਗੂੰਜਦਾ ਰਿਹਾ। ਇਸ ਮੌਕੇ ਧਾਰਮਿਕ ਅਸਥਾਨ ਦੇ ਗੱਦੀਨਸ਼ੀਨ ਭਗਤ ਬਾਲ ਸਿਕੰਦਰ ਨੇ ਸੰਗਤਾਂ ਨੂੰ ਅਧਿਆਤਮਿਕ ਸੰਦੇਸ਼ ਦਿੰਦਿਆਂ ਕਿਹਾ ਕਿ ਮਨੁੱਖੀ ਜੀਵਨ ਦਾ ਅਸਲ ਮਨੋਰਥ ਸਿਰਫ਼ ਸੰਸਾਰਿਕ ਸੁੱਖਾਂ ਦੀ ਪ੍ਰਾਪਤੀ ਨਹੀਂ, ਸਗੋਂ ਪ੍ਰਭੂ ਭਗਤੀ, ਨਿਮਰਤਾ, ਸੱਚਾਈ ਤੇ ਪਰਉਪਕਾਰ ਦੇ ਮਾਰਗ ’ਤੇ ਚੱਲਣਾ ਹੈ। ਉਨ੍ਹਾਂ ਕਿਹਾ ਕਿ ਮਨੁੱਖ ਨੂੰ ਆਪਣੇ ਜੀਵਨ ’ਚ ਹੰਕਾਰ, ਈਰਖਾ ਤੇ ਨਫ਼ਰਤ ਵਰਗੀਆਂ ਬੁਰਾਈਆਂ ਦਾ ਤਿਆਗ ਕਰਕੇ ਪ੍ਰੇਮ, ਸਦਭਾਵਨਾ ਤੇ ਭਾਈਚਾਰੇ ਦੀ ਭਾਵਨਾ ਨੂੰ ਅਪਣਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਧਾਰਮਿਕ ਸਮਾਗਮ ਮਨੁੱਖ ਨੂੰ ਆਪਣੇ ਅੰਦਰ ਝਾਤ ਮਾਰਨ, ਚੰਗੇ ਸੰਸਕਾਰ ਗ੍ਰਹਿਣ ਕਰਨ ਤੇ ਸਮਾਜ ਦੀ ਭਲਾਈ ਲਈ ਨਿਰਸਵਾਰਥ ਸੇਵਾ ਕਰਨ ਦੀ ਪ੍ਰੇਰਨਾ ਦਿੰਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਗੁਰੂ-ਪੀਰਾਂ ਦੀਆਂ ਸਿੱਖਿਆਵਾਂ ’ਤੇ ਚੱਲ ਕੇ ਹੀ ਮਨੁੱਖ ਆਪਣੇ ਜੀਵਨ ਨੂੰ ਸਫ਼ਲ ਤੇ ਸਾਰਥਕ ਬਣਾ ਸਕਦਾ ਹੈ। ਸਮਾਗਮ ਦੌਰਾਨ ਸਜਾਈ ਗਈ ਵਿਸ਼ਾਲ ਧਾਰਮਿਕ ਚੌਂਕੀ ’ਚ ਪ੍ਰਸਿੱਧ ਗਾਇਕ ਓਂਕਾਰ ਵਾਲੀਆ, ਹਰਮੇਸ਼ ਰੰਗੀਲਾ, ਗੁਲਾਮ ਯੁਵਰਾਜ ਪਟਿਆਲਾ ਤੇ ਸਰਵਣ ਫ਼ਰਜੀ ਨੇ ਆਪਣੀਆਂ ਮਨਮੋਹਕ ਧਾਰਮਿਕ ਭੇਟਾਂ ਰਾਹੀਂ ਬਾਬਾ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ। ਕਲਾਕਾਰਾਂ ਵੱਲੋਂ ਪੇਸ਼ ਕੀਤੀਆਂ ਸੁਰੀਲੀਆਂ ਭੇਟਾਂ ਨੇ ਸੰਗਤਾਂ ਨੂੰ ਭਗਤੀ ਰਸ ਨਾਲ ਸਰਸ਼ਾਰ ਕਰ ਦਿੱਤਾ। ਇਸ ਮੌਕੇ ਭਗਤ ਵੀਰ ਚੰਦ ਜੀ ਸਮਾਧੀ ਵਾਲਿਆਂ ਨੂੰ ਵੀ ਸ਼ਰਧਾ ਤੇ ਸਤਿਕਾਰ ਨਾਲ ਯਾਦ ਕੀਤਾ ਗਿਆ। ਸਮਾਗਮ ਦੌਰਾਨ ਗੱਦੀਨਸ਼ੀਨ ਭਗਤ ਬਾਲ ਸਿਕੰਦਰ ਜੀ ਵੱਲੋਂ ਕਲਾਕਾਰਾਂ ਤੇ ਪਹੁੰਚੀਆਂ ਹੋਈਆਂ ਪ੍ਰਮੁੱਖ ਸ਼ਖ਼ਸੀਅਤਾਂ ਦਾ ਸਨਮਾਨ ਵੀ ਕੀਤਾ ਗਿਆ। ਅੰਤ ’ਚ ਬਾਬਾ ਜੀ ਦੇ ਨਾਮ ਦਾ ਵਿਸ਼ਾਲ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਸਰਪੰਚ ਸ਼ਿਵ ਕੁਮਾਰ, ਨਰਿੰਦਰਪਾਲ ਝਾਂਡੀਆਂ, ਅਨੰਤ ਰਾਮ ਹਕਲਾ, ਅਵਤਾਰ ਚੰਦ, ਸਤਪਾਲ ਪਾਲੀ, ਨਰਿੰਦਰ ਸਰਥਲੀ, ਓਮ ਪ੍ਰਕਾਸ਼, ਰਾਹੁਲ, ਇੰਸਪੈਕਟਰ ਹਰਜੀਰਾਮ, ਇੰਸਪੈਕਟਰ ਅਮਰੀਕ ਸਿੰਘ, ਇੰਸਪੈਕਟਰ ਰਣਜੀਤ ਸਿੰਘ, ਡਾਕਟਰ ਸੰਦੇਸ਼, ਪ੍ਰਦੀਪ ਗੋਲਡੀ, ਪਰਮਿੰਦਰ ਚੰਡੀਗੜ੍ਹ, ਸੁਰਿੰਦਰ ਝਾਂਡੀਆਂ, ਬਲਵੀਰ ਫਗਵਾੜਾ, ਮੰਗਲ ਰਾਮ, ਸੋਮਨਾਥ ਤੇ ਲੱਕੀ ਸਰਥਲੀ ਸਮੇਤ ਵੱਡੀ ਗਿਣਤੀ ’ਚ ਸੰਗਤਾਂ ਹਾਜ਼ਰ ਸਨ।