ਕੁਦਰਤੀ ਚਿਕਿਤਸਾ ਤੇ ਯੋਗਾ ਅਪਣਾ ਕੇ ਬਿਹਤਰ ਬਣਾਈ ਜਾ ਸਕਦੀ ਹੈ ਸਿਹਤ ਕੁਦਰਤੀ ਚਿਕਿਤਸਾ ਅਤੇ ਯੋਗਾ ਅਪਣਾ ਕੇ ਬਿਹਤਰ ਬਣਾਈ ਜਾ ਸਕਦੀ ਹੈ ਸਿਹਤ
Publish Date: Tue, 17 Nov 2026 04:07 PM (IST)
Updated Date: Tue, 17 Nov 2026 04:09 PM (IST)
ਸੁਰਿੰਦਰ ਸਿੰਘ ਸੋਨੀ, ਪੰਜਾਬੀ ਜਾਗਰਣ, ਸ਼੍ਰੀ ਅਨੰਦਪੁਰ ਸਾਹਿਬ: ਅਜੋਕੇ ਰੁਝੇਵਿਆਂ ਭਰੇ ਜੀਵਨ ’ਚ ਮਨੁੱਖ ਆਪਣੀ ਸਿਹਤ ਵੱਲ ਘੱਟ ਧਿਆਨ ਦੇ ਰਿਹਾ ਹੈ। ਬਦਲਦੀ ਜੀਵਨਸ਼ੈਲੀ, ਖਾਣ-ਪੀਣ ਦੀਆਂ ਗਲਤ ਆਦਤਾਂ ਤੇ ਮਾਨਸਿਕ ਤਣਾਅ ਕਈ ਬਿਮਾਰੀਆਂ ਦਾ ਕਾਰਨ ਬਣ ਰਹੇ ਹਨ। ਇਸੇ ਸਬੰਧੀ ਰਾਸ਼ਟਰੀ ਕੁਦਰਤੀ ਚਿਕਿਤਸਾ ਦਿਵਸ ਮੌਕੇ ਸਿਹਤ ਮਾਹਿਰਾਂ ਨੇ ਕੁਦਰਤੀ ਜੀਵਨਸ਼ੈਲੀ ਅਪਣਾਉਣ ਦਾ ਸੱਦਾ ਦਿੱਤਾ। ਯੋਗਾ ਨੂੰ ਬਣਾਓ ਜੀਵਨ ਦਾ ਹਿੱਸਾ ਯੋਗਾ ਟੀਚਰ ਦੀਕਸ਼ਾ ਨੇ ਕਿਹਾ ਕਿ ਸ਼ਰੀਰਕ ਤੇ ਮਾਨਸਿਕ ਤੰਦਰੁਸਤੀ ਲਈ ਯੋਗਾ ਬਹੁਤ ਮਹੱਤਵਪੂਰਨ ਹੈ। ਯੋਗਾ ਸਿਰਫ਼ ਸਰੀਰਕ ਕਸਰਤ ਨਹੀਂ, ਸਗੋਂ ਮਨ ਤੇ ਸ਼ਰੀਰ ਨੂੰ ਸੰਤੁਲਿਤ ਰੱਖਣ ਦਾ ਇੱਕ ਪ੍ਰਭਾਵਸ਼ਾਲੀ ਸਾਧਨ ਹੈ। ਰੋਜ਼ਾਨਾ ਸਵੇਰੇ ਕੁਝ ਸਮਾਂ ਯੋਗਾ, ਪ੍ਰਾਣਾਯਾਮ ਤੇ ਧਿਆਨ ਲਈ ਕੱਢਣਾ ਚਾਹੀਦਾ ਹੈ। ਇਸ ਨਾਲ ਸਰੀਰ ’ਚ ਲਚਕਤਾ ਬਣੀ ਰਹਿੰਦੀ ਹੈ ਤੇ ਮਨ ਨੂੰ ਸ਼ਾਂਤੀ ਮਿਲਦੀ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਉਮਰ ਦੇ ਵਿਅਕਤੀ ਨੂੰ ਆਪਣੀ ਸਮਰੱਥਾ ਅਨੁਸਾਰ ਯੋਗਾ ਕਰਨਾ ਚਾਹੀਦਾ ਹੈ। ਯੋਗਾ ਨੂੰ ਜੀਵਨ ਦਾ ਹਿੱਸਾ ਬਣਾਉਣ ਨਾਲ ਸਿਹਤ ਪ੍ਰਤੀ ਜਾਗਰੂਕਤਾ ਵੀ ਵਧਦੀ ਹੈ। ਖਾਣ ਪੀਣ ਦੀਆਂ ਆਦਤਾਂ ’ਚ ਲਿਆਓ ਸੁਧਾਰ ਡਾਇਟੀਸ਼ੀਅਨ ਪਰਮਪ੍ਰੀਤ ਕੌਰ ਨੇ ਕਿਹਾ ਕਿ ਚੰਗੀ ਸਿਹਤ ਲਈ ਸੰਤੁਲਿਤ ਤੇ ਪੌਸ਼ਟਿਕ ਖੁਰਾਕ ਬਹੁਤ ਜ਼ਰੂਰੀ ਹੈ। ਅੱਜਕੱਲ੍ਹ ਲੋਕ ਘਰੇਲੂ ਖਾਣੇ ਦੀ ਥਾਂ ਫਾਸਟ ਫੂਡ, ਤਲੀਆਂ ਹੋਈਆਂ ਚੀਜ਼ਾਂ ਤੇ ਜ਼ਿਆਦਾ ਮਿੱਠੇ ਪਦਾਰਥਾਂ ਨੂੰ ਤਰਜੀਹ ਦੇ ਰਹੇ ਹਨ, ਜਿਸ ਕਾਰਨ ਮੋਟਾਪਾ ਤੇ ਹੋਰ ਸਿਹਤ ਸਮੱਸਿਆਵਾਂ ਵਧ ਰਹੀਆਂ ਹਨ। ਉਨ੍ਹਾਂ ਕਿਹਾ ਕਿ ਆਪਣੀ ਰੋਜ਼ਾਨਾ ਖੁਰਾਕ ’ਚ ਹਰੀਆਂ ਸਬਜ਼ੀਆਂ, ਮੌਸਮੀ ਫਲ, ਦਾਲਾਂ, ਸਾਬਤ ਅਨਾਜ ਤੇ ਲੋੜੀਂਦੀ ਮਾਤਰਾ ’ਚ ਪਾਣੀ ਸ਼ਾਮਲ ਕਰਨਾ ਚਾਹੀਦਾ ਹੈ। ਹਰ ਵਿਅਕਤੀ ਦੀ ਖੁਰਾਕ ਉਸ ਦੀ ਉਮਰ, ਸ਼ਰੀਰਕ ਲੋੜ ਤੇ ਸਿਹਤ ਦੇ ਅਨੁਸਾਰ ਹੋਣੀ ਚਾਹੀਦੀ ਹੈ। ਉਨ੍ਹਾਂ ਲੋਕਾਂ ਨੂੰ ਖਾਣ-ਪੀਣ ਦੀਆਂ ਆਦਤਾਂ ਸੁਧਾਰਨ ਤੇ ਬਿਨਾਂ ਸਲਾਹ ਦੇ ਡਾਈਟਿੰਗ ਨਾ ਕਰਨ ਦੀ ਅਪੀਲ ਕੀਤੀ। ਬਿਨਾਂ ਡਾਕਟਰੀ ਸਲਾਹ ਤੋਂ ਨਾ ਖਾਓ ਦਵਾਈ ਡਾਕਟਰ ਸਾਰੀਕਾ ਜਸਵਾਲ ਨੇ ਕਿਹਾ ਕਿ ਬਿਮਾਰੀ ਦਾ ਇਲਾਜ ਕਰਵਾਉਣ ਨਾਲੋਂ ਬਿਮਾਰੀ ਤੋਂ ਬਚਾਅ ਕਰਨਾ ਵਧੇਰੇ ਮਹੱਤਵਪੂਰਨ ਹੈ। ਸਿਹਤਮੰਦ ਜੀਵਨ ਲਈ ਸਹੀ ਖੁਰਾਕ, ਨਿਯਮਤ ਕਸਰਤ, ਪੂਰੀ ਨੀਂਦ ਤੇ ਮਾਨਸਿਕ ਸ਼ਾਂਤੀ ਜ਼ਰੂਰੀ ਹਨ। ਉਨ੍ਹਾਂ ਕਿਹਾ ਕਿ ਕੁਦਰਤੀ ਚਿਕਿਤਸਾ ਤੇ ਯੋਗਾ ਸਿਹਤਮੰਦ ਜੀਵਨਸ਼ੈਲੀ ਦੇ ਅਹਿਮ ਅੰਗ ਹਨ, ਪਰ ਕਿਸੇ ਵੀ ਗੰਭੀਰ ਬਿਮਾਰੀ ਦੀ ਸਥਿਤੀ ’ਚ ਡਾਕਟਰੀ ਜਾਂਚ ਤੇ ਸਹੀ ਇਲਾਜ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਲੋਕਾਂ ਨੂੰ ਸਮੇਂ-ਸਮੇਂ ਸਿਰ ਸਿਹਤ ਜਾਂਚ ਕਰਵਾਉਣੀ ਚਾਹੀਦੀ ਹੈ ਤੇ ਬਿਨਾਂ ਡਾਕਟਰੀ ਸਲਾਹ ਤੋਂ ਦਵਾਈਆਂ ਜਾਂ ਘਰੇਲੂ ਨੁਸਖਿਆਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਤਿੰਨਾਂ ਮਾਹਿਰਾਂ ਨੇ ਸਾਂਝੇ ਤੌਰ ’ਤੇ ਲੋਕਾਂ ਨੂੰ ਅਪੀਲ ਕੀਤੀ ਕਿ ਸਿਹਤ ਨੂੰ ਆਪਣੀ ਪਹਿਲੀ ਤਰਜੀਹ ਬਣਾਉਣ ਤੇ ਕੁਦਰਤ ਦੇ ਨੇੜੇ ਰਹਿੰਦਿਆਂ ਸਿਹਤਮੰਦ ਜੀਵਨਸ਼ੈਲੀ ਅਪਣਾਉਣ।