ਆਜ਼ਾਦੀ ਤੋਂ ਬਾਅਦ ਪਹਿਲੀ ਵਾਰ 10 ਫੁੱਟ ਤੋਂ 18 ਫੁੱਟ ਤੱਕ ਚੌੜੀਆਂ ਹੋ ਰਹੀਆਂ ਹਨ ਹਲਕੇ ਦੀਆਂ ਸੜਕਾਂ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ 10 ਫੁੱਟ ਤੋਂ 18 ਫੁੱਟ ਤੱਕ ਚੌੜੀਆਂ ਹੋ ਰਹੀਆਂ ਹਨ ਹਲਕਾ ਰੋਪੜ ਦੀਆਂ ਸੜਕਾਂ
Publish Date: Mon, 16 Nov 2026 06:55 PM (IST)
Updated Date: Mon, 16 Nov 2026 06:57 PM (IST)
ਦਿਨੇਸ਼ ਚੱਢਾ ਦੀ ਪਹਿਲਕਦਮੀ ਸਦਕਾ ਮੁੱਖ ਮਾਰਗਾਂ ਦੀ ਬਦਲੀ ਦਸ਼ਾ ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ: ਆਜ਼ਾਦੀ ਤੋਂ ਬਾਅਦ ਪੰਜਾਬ ’ਚ ਕਈ ਸਰਕਾਰਾਂ ਆਈਆਂ ਤੇ ਹਲਕਾ ਰੋਪੜ ਦੀ ਨੁਮਾਇੰਦਗੀ ਵੀ ਸਮੇਂ-ਸਮੇਂ ’ਤੇ ਵੱਖ-ਵੱਖ ਵਿਧਾਇਕਾਂ ਨੇ ਕੀਤੀ, ਪਰ ਹਲਕੇ ਦੀਆਂ ਸੜਕਾਂ ਦੀ ਘੱਟ ਚੌੜਾਈ ਤੇ ਖਸਤਾ ਹਾਲਤ ਦਾ ਮੁੱਦਾ ਲੰਮੇ ਸਮੇਂ ਤੱਕ ਅਣਗੌਲਿਆ ਰਿਹਾ। ਹੁਣ ਹਲਕਾ ਵਿਧਾਇਕ ਦਿਨੇਸ਼ ਚੱਢਾ ਵੱਲੋਂ ਇਸ ਸਮੱਸਿਆ ਨੂੰ ਪ੍ਰਮੁੱਖਤਾ ਨਾਲ ਉਠਾਉਂਦਿਆਂ ਸੜਕੀ ਢਾਂਚੇ ਦੇ ਨਵੀਨੀਕਰਨ ਤੇ ਵਿਸਥਾਰ ਨੂੰ ਤਰਜੀਹ ਦਿੱਤੀ ਗਈ ਹੈ। ਇਸ ਪਹਿਲਕਦਮੀ ਤਹਿਤ ਕਈ ਪਿੰਡਾਂ ਦੀਆਂ 10 ਫੁੱਟ ਚੌੜੀਆਂ ਸੜਕਾਂ ਨੂੰ 18 ਫੁੱਟ ਤੱਕ ਚੌੜਾ ਕਰਨ ਦੇ ਨਾਲ-ਨਾਲ ਅਹਿਮ ਮੁੱਖ ਮਾਰਗਾਂ ਦੇ ਨਵੀਨੀਕਰਨ ਦਾ ਕੰਮ ਵੀ ਕਰਵਾਇਆ ਜਾ ਰਿਹਾ ਹੈ। ਵਿਧਾਇਕ ਦਿਨੇਸ਼ ਚੱਢਾ ਨੇ ਹਲਕੇ ਦੀਆਂ ਸੜਕਾਂ ਦੀ ਘੱਟ ਚੌੜਾਈ ਕਾਰਨ ਆਵਾਜਾਈ ’ਚ ਆਉਂਦੀਆਂ ਮੁਸ਼ਕਲਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਇਸ ਮੁੱਦੇ ਨੂੰ ਸਰਕਾਰ ਤੇ ਸਬੰਧਤ ਵਿਭਾਗਾਂ ਕੋਲ ਪਹਿਲ ਦੇ ਆਧਾਰ ’ਤੇ ਉਠਾਇਆ। ਇਸ ਤਹਿਤ ਸਿਰਫ਼ ਮੁੱਖ ਸੜਕਾਂ ਹੀ ਨਹੀਂ, ਸਗੋਂ ਪਿੰਡਾਂ ਨੂੰ ਆਪਸ ’ਚ ਜੋੜਨ ਵਾਲੇ ਸੰਪਰਕ ਮਾਰਗਾਂ ਦੇ ਵਿਸਥਾਰ ਤੇ ਨਵੀਨੀਕਰਨ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ। ਇਸ ਸੜਕੀ ਵਿਕਾਸ ਯੋਜਨਾ ਤਹਿਤ ਰੋਪੜ-ਨੂਰਪੁਰ ਬੇਦੀ ਸੜਕ ਤੋਂ ਔਲਖ ਹੁੰਦੇ ਹੋਏ ਅਸਾਲਤਪੁਰ ਤੇ ਲਹਿੜੀਆਂ, ਲਹਿੜੀਆਂ ਤੋਂ ਭਾਓਵਾਲ, ਨੂਰਪੁਰ ਬੇਦੀ-ਸਿੰਬਲ ਮਾਜਰਾ ਤੋਂ ਮਵਾ ਮੁਕਾਰੀ, ਮਵਾ ਤੋਂ ਭੈਣੀ ਥਾਣਾ, ਨੂਰਪੁਰ ਬੇਦੀ-ਗੜ੍ਹਸ਼ੰਕਰ ਸੜਕ ਤੋਂ ਮਾਣਕੂ ਮਾਜਰਾ, ਗਦੀਵਾਲ ਤੇ ਥਾਣਾ ਸੰਗਤਪੁਰਾ ਨੂੰ ਜੋੜਨ ਵਾਲੇ ਮਾਰਗਾਂ ਸਮੇਤ ਕਈ ਲਿੰਕ ਸੜਕਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸੇ ਤਰ੍ਹਾਂ ਗੁਰਦੁਆਰਾ ਅਰਜਨ ਰੁੱਖ ਤੋਂ ਸ਼ਹੀਦੀ ਬਾਗ ਬੇਈਂਹਾਰਾ ਤੱਕ ਦੀ ਲਿੰਕ ਸੜਕ ਦਾ ਵੀ ਵਿਸ਼ੇਸ਼ ਜ਼ਿਕਰ ਹੈ, ਜਿਸ ਦੀ ਚੌੜਾਈ 10 ਤੋਂ 14 ਫੁੱਟ ਕੀਤੇ ਜਾਣ ਦਾ ਵੇਰਵਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਰੋਪੜ-ਗੜ੍ਹਸ਼ੰਕਰ ਸੜਕ ਤੋਂ ਪਚਰੰਡਾ, ਝੱਜ ਤੇ ਸੱਖਪੁਰ ਤੋਂ ਝੱਜ ਸਕੂਲ ਤੱਕ, ਨੂਰਪੁਰ ਬੇਦੀ-ਸਰਾਏ ਕਾ ਪੱਤਣ ਸੜਕ ਤੋਂ ਬੂੰਗਾ ਸਾਹਿਬ, ਨੂਰਪੁਰ ਬੇਦੀ ਤੋਂ ਚਨੌਲੀ ਵਾਇਆ ਸਸਕੌਰ, ਲਖਣੋ ਦੀ ਫਿਰਨੀ, ਸੈਣੀ ਮਾਜਰਾ ਤੋਂ ਅਮਰਪੁਰ ਬੇਲਾ ਤੇ ਸੈਣੀ ਮਾਜਰਾ ਤੋਂ ਰੌਲੀ (ਸ਼ਿਵ ਮੰਦਰ ਸਮੇਤ) ਤੱਕ ਦੇ ਮਾਰਗਾਂ ਨੂੰ ਵੀ ਇਸ ਵਿਕਾਸ ਕਾਰਜ ’ਚ ਸ਼ਾਮਲ ਕੀਤਾ ਗਿਆ ਹੈ। ਇਸੇ ਲੜੀ ਤਹਿਤ ਨੂਰਪੁਰ ਬੇਦੀ-ਸਰਾਏ ਕਾ ਪੱਤਣ ਸੜਕ ਤੋਂ ਲਾਲਪੁਰ, ਟਿੱਬਾ ਨੰਗਲ-ਸਰਾਏ ਪੱਤਣ ਸੜਕ ਤੋਂ ਬਾਹਮਣ ਮਾਜਰਾ ਵਾਇਆ ਤਖਤਗੜ੍ਹ ਤੇ ਜਟਵਾਹੜ੍ਹ, ਸਰਥਲੀ ਤੋਂ ਛੱਜਾ, ਬਜਰੂੜ ਤੋਂ ਸਰਾਏਂ, ਨੰਗਲ ਤੋਂ ਛੱਜਾ ਲਿੰਕ ਸੜਕ, ਬੜਵਾ ਹਾਈ ਸਕੂਲ ਤੋਂ ਮੁੰਨੇ ਤੇ ਨੂਰਪੁਰ ਬੇਦੀ ਤੋਂ ਕਾਂਗੜ ਤੱਕ ਦੇ ਸੜਕੀ ਮਾਰਗਾਂ ਨੂੰ ਵੀ ਯੋਜਨਾ ’ਚ ਜਗ੍ਹਾ ਦਿੱਤੀ ਗਈ ਹੈ। ਦੂਜੇ ਪਾਸੇ ਰੋਪੜ-ਨੂਰਪੁਰ ਬੇਦੀ ਮੁੱਖ ਮਾਰਗ ਤੇ ਨੂਰਪੁਰ ਬੇਦੀ-ਬੂੰਗਾ ਸਾਹਿਬ ਮੁੱਖ ਮਾਰਗ ਦੇ ਨਵੀਨੀਕਰਨ ਨੂੰ ਵੀ ਅਹਿਮ ਕਦਮ ਮੰਨਿਆ ਜਾ ਰਿਹਾ ਹੈ। ਇਸ ਨਾਲ ਕਿਸਾਨਾਂ ਨੂੰ ਆਪਣੀ ਫ਼ਸਲ ਮੰਡੀਆਂ ਤੱਕ ਲਿਜਾਣ, ਵਿਦਿਆਰਥੀਆਂ ਨੂੰ ਵਿਦਿਅਕ ਸੰਸਥਾਵਾਂ ਤੱਕ ਪਹੁੰਚਣ ਤੇ ਆਮ ਲੋਕਾਂ ਨੂੰ ਰੋਜ਼ਾਨਾ ਦੇ ਸਫ਼ਰ ’ਚ ਸਹੂਲਤ ਮਿਲੇਗੀ। ਇਸ ਤਰ੍ਹਾਂ ਹਲਕਾ ਰੋਪੜ ’ਚ ਸੜਕੀ ਢਾਂਚੇ ਦੇ ਵਿਸਥਾਰ ਤਹਿਤ ਪਿੰਡਾਂ ਦੀਆਂ ਛੋਟੀਆਂ ਲਿੰਕ ਸੜਕਾਂ ਤੋਂ ਲੈ ਕੇ ਮੁੱਖ ਮਾਰਗਾਂ ਤੱਕ ਵਿਕਾਸ ਕਾਰਜਾਂ ਨੂੰ ਇੱਕ ਵਿਆਪਕ ਯੋਜਨਾ ਵਜੋਂ ਅੱਗੇ ਵਧਾਇਆ ਜਾ ਰਿਹਾ ਹੈ।