ਯੁਵਕ ਮੇਲੇ ’ਚ ਖਾਲਸਾ ਕਾਲਜ ਸ੍ਰੀ ਅਨੰਦਪੁਰ ਸਾਹਿਬ ਨੇ ਮਾਰੀਆਂ ਮੱਲਾਂ
ਓਵਰਆਲ ਰਨਰ ਅੱਪ ਟਰਾਫੀ ਜਿੱਤੀ ਯੁਵਕ ਮੇਲੇ ਵਿੱਚ ਖਾਲਸਾ ਕਾਲਜ ਸ੍ਰੀ ਅਨੰਦਪੁਰ ਸਾਹਿਬ ਨੇ ਮਾਰੀਆਂ ਮੱਲਾਂਓਵਰਆਲ ਰਨਰ ਅੱਪ ਟਰਾਫੀ ਜਿੱਤੀ
Publish Date: Mon, 16 Nov 2026 06:44 PM (IST)
Updated Date: Mon, 16 Nov 2026 06:45 PM (IST)
ਓਵਰਆਲ ਰਨਰ ਅੱਪ ਟਰਾਫੀ ਜਿੱਤੀ ਸੁਰਿੰਦਰ ਸਿੰਘ ਸੋਨੀ, ਪੰਜਾਬੀ ਜਾਗਰਣ, ਸ੍ਰੀ ਅਨੰਦਪੁਰ ਸਾਹਿਬ : ਸ੍ਰੀ ਅਨੰਦਪੁਰ ਸਾਹਿਬ ਦੇ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਕਰਵਾਏ ਗਏ ਅੰਤਰ-ਖੇਤਰੀ ਯੁਵਕ ਤੇ ਲੋਕ ਮੇਲੇ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਾਲਜ ਦਾ ਨਾਮ ਰੌਸ਼ਨ ਕੀਤਾ ਹੈ। ਚਾਰ ਰੋਜ਼ਾ ਇਸ ਮੇਲੇ ਦੌਰਾਨ ਕਾਲਜ ਨੇ ਓਵਰਆਲ ਫਸਟ ਰਨਰ ਅੱਪ ਟਰਾਫੀ ਸਮੇਤ ਤਿੰਨ ਓਵਰਆਲ ਟਰਾਫੀਆਂ ਆਪਣੇ ਨਾਮ ਕੀਤੀਆਂ। ਇਸ ਤੋਂ ਇਲਾਵਾ ਵੱਖ-ਵੱਖ ਮੁਕਾਬਲਿਆਂ ’ਚ 29 ਪੁਜ਼ੀਸ਼ਨਾਂ ਹਾਸਲ ਕਰਕੇ ਵਿਦਿਆਰਥੀਆਂ ਨੇ ਆਪਣੀ ਕਲਾ ਤੇ ਪ੍ਰਤਿਭਾ ਦਾ ਲੋਹਾ ਮਨਵਾਇਆ। ਕਾਲਜ ਨੇ ਓਵਰਆਲ ਰਨਰ ਅੱਪ ਟਰਾਫੀ ਦੇ ਨਾਲ ਸੰਗੀਤ ਤੇ ਵਿਰਾਸਤੀ ਵਸਤਾਂ ਦੀਆਂ ਓਵਰਆਲ ਟਰਾਫੀਆਂ ਵੀ ਜਿੱਤੀਆਂ। ਵਿਦਿਆਰਥੀਆਂ ਨੇ ਵੱਖ-ਵੱਖ ਮੁਕਾਬਲਿਆਂ ’ਚ 14 ਪਹਿਲੇ, 8 ਦੂਜੇ ਤੇ 7 ਤੀਜੇ ਸਥਾਨ ਹਾਸਲ ਕੀਤੇ। ਪਹਿਲੇ ਸਥਾਨ ਪ੍ਰਾਪਤ ਕਰਨ ਵਾਲੀਆਂ ਵੰਨਗੀਆਂ ’ਚ ਇੰਡੀਅਨ ਗਰੁੱਪ ਸੌਂਗ, ਵੈਸਟਰਨ ਗਰੁੱਪ ਸੌਂਗ, ਫੋਕ ਆਰਕੈਸਟਰਾ, ਲੋਕ ਸਾਜ਼, ਕਲੀ ਗਾਇਨ, ਵਾਰ ਗਾਇਨ, ਮਿਮਿਕਰੀ, ਭੰਗੜਾ ਤੇ ਪੱਖੀ, ਰੱਸਾ, ਛਿੱਕੂ ਤੇ ਖਿੱਦੋ ਬੁਣਨ ਸਮੇਤ ਪੀੜ੍ਹੀ ਬਣਾਉਣ ਤੇ ਕ੍ਰੋਸ਼ੀਆ ਦੀ ਬੁਣਤੀ ਸ਼ਾਮਲ ਰਹੀ। ਇਸੇ ਤਰ੍ਹਾਂ ਗੀਤ, ਲੋਕ ਗੀਤ, ਲੰਮੀਆਂ ਹੇਕਾਂ ਵਾਲੇ ਗੀਤ, ਨੁੱਕੜ ਨਾਟਕ, ਫੋਟੋਗ੍ਰਾਫੀ, ਲੁੱਡੀ, ਕਢਾਈ ਤੇ ਗੁੱਡੀਆਂ ਪਟੋਲੇ ’ਚ ਦੂਜਾ ਸਥਾਨ ਪ੍ਰਾਪਤ ਕੀਤਾ। ਜਦਕਿ ਕਲਾਸੀਕਲ ਇੰਸਟਰੂਮੈਂਟਲ, ਵੈਸਟਰਨ ਇੰਸਟਰੂਮੈਂਟਲ ਸੋਲੋ, ਵਨ ਐਕਟ ਪਲੇਅ, ਭੰਡ, ਮਹਿੰਦੀ, ਪੋਸਟਰ ਮੇਕਿੰਗ ਤੇ ਕਲਾਸੀਕਲ ਡਾਂਸ ’ਚ ਤੀਜੀਆਂ ਪੁਜ਼ੀਸ਼ਨਾਂ ਹਾਸਲ ਕੀਤੀਆਂ। ਇਸ ਸ਼ਾਨਦਾਰ ਪ੍ਰਾਪਤੀ ’ਤੇ ਕਾਲਜ ਦੇ ਪ੍ਰਿੰਸੀਪਲ ਡਾ. ਜਸਵੀਰ ਸਿੰਘ ਨੇ ਵਿਦਿਆਰਥੀਆਂ, ਅਧਿਆਪਕਾਂ ਤੇ ਗੈਰ-ਅਧਿਆਪਨ ਅਮਲੇ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਹ ਸਫਲਤਾ ਵਿਦਿਆਰਥੀਆਂ ਦੀ ਸਖ਼ਤ ਮਿਹਨਤ, ਅਧਿਆਪਕਾਂ ਦੀ ਯੋਗ ਅਗਵਾਈ ਤੇ ਸਮੁੱਚੇ ਕਾਲਜ ਪਰਿਵਾਰ ਦੇ ਸਾਂਝੇ ਯਤਨਾਂ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੇ ਪੜ੍ਹਾਈ ਦੇ ਨਾਲ-ਨਾਲ ਕਲਾ, ਸੱਭਿਆਚਾਰ ਤੇ ਵਿਰਾਸਤ ਦੇ ਖੇਤਰ ’ਚ ਵੀ ਆਪਣੀ ਵਿਲੱਖਣ ਪਛਾਣ ਬਣਾਈ ਹੈ। ਉਨ੍ਹਾਂ ਇਸ ਪ੍ਰਾਪਤੀ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਕਾਲਜ ਗਵਰਨਿੰਗ ਬਾਡੀ ਦੇ ਪ੍ਰਧਾਨ ਡਾ. ਦਲਜੀਤ ਸਿੰਘ ਚੀਮਾ, ਅੰਤ੍ਰਿੰਗ ਕਮੇਟੀ ਮੈਂਬਰ ਦਲਜੀਤ ਸਿੰਘ ਭਿੰਡਰ, ਸ਼੍ਰੋਮਣੀ ਕਮੇਟੀ ਮੈਂਬਰ ਅਜਮੇਰ ਸਿੰਘ ਖੇੜਾ ਤੇ ਸਕੱਤਰ ਵਿੱਦਿਆ ਇੰਜੀਨੀਅਰ ਸੁਖਵਿੰਦਰ ਸਿੰਘ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਮੁਹੱਈਆ ਕਰਵਾਈ ਗਈ ਵਿੱਤੀ ਸਹਾਇਤਾ ਤੇ ਸਹੂਲਤਾਂ ਨੇ ਇਸ ਸਫਲਤਾ ’ਚ ਅਹਿਮ ਯੋਗਦਾਨ ਪਾਇਆ ਹੈ। ਕਾਲਜ ਦੇ ਡੀਨ ਕਲਚਰਲ ਤੇ ਸੰਗੀਤ ਵਿਭਾਗ ਦੇ ਮੁਖੀ ਡਾ. ਜਗਪਿੰਦਰਪਾਲ ਸਿੰਘ ਨੇ ਵੀ ਵਿਦਿਆਰਥੀਆਂ ਦੀ ਮਿਹਨਤ ਤੇ ਸਮੂਹ ਇੰਚਾਰਜਾਂ, ਕਨਵੀਨਰਾਂ ਤੇ ਸਟਾਫ਼ ਦੇ ਸਹਿਯੋਗ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਤਿੰਨ ਓਵਰਆਲ ਟਰਾਫੀਆਂ ਜਿੱਤਣਾ ਕਾਲਜ ਲਈ ਬੇਹੱਦ ਮਾਣ ਵਾਲੀ ਗੱਲ ਹੈ।