ਨਿਯਮਾਂ ਦੀ ਉਲੰਘਣਾ ਕਰਨ ਵਾਲੇ ਦੋ ਦਰਜਨ ਵਾਹਨਾਂ ਦੇ ਕੀਤੇ ਚਲਾਨ ਟਰੈਫਿਕ ਪੁਲਿਸ ਵੱਲੋਂ ਤੇਜ ਗਤੀ ਅਤੇ ਸੜਕੀ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਦੋ ਦਰਜਨ ਵਾਹਨਾਂ ਦੇ ਕੀਤੇ ਚਲਾਨ
Publish Date: Mon, 16 Nov 2026 06:36 PM (IST)
Updated Date: Mon, 16 Nov 2026 06:39 PM (IST)
ਨਰਿੰਦਰ ਸੈਣੀ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ : ਸੀਨੀਅਰ ਪੁਲਿਸ ਕਪਤਾਨ ਰੂਪਨਗਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਟਰੈਫਿਕ ਪੁਲਿਸ ਸ੍ਰੀ ਕੀਰਤਪੁਰ ਸਾਹਿਬ ਵਲੋਂ ਜ਼ਿਲ੍ਹਾ ਟਰੈਫਿਕ ਪੁਲਿਸ ਰੂਪਨਗਰ ਦੇ ਸਹਿਯੋਗ ਨਾਲ ਸ੍ਰੀ ਕੀਰਤਪੁਰ ਸਾਹਿਬ ਚੰਡੀਗੜ੍ਹ ਮੁੱਖ ਮਾਰਗ ’ਤੇ ਪਿੰਡ ਡਾਢੀ ਨਜ਼ਦੀਕ ਨਾਕੇਬੰਦੀ ਦੌਰਾਨ ਸੜਕੀ ਨਿਯਮਾਂ ਦੀ ਉਲੰਘਣਾ ਤੇ ਨਿਯਮਤ ਗਤੀ ਸੀਮਾ ਤੋਂ ਵੱਧ ਰਫ਼ਤਾਰ ਨਾਲ ਚੱਲਣ ਵਾਲੇ ਵਾਹਨਾਂ ਦੇ ਆਧੁਨਿਕ ਯੰਤਰਾਂ ਨਾਲ ਮਾਪਣ ਤੋਂ ਬਾਅਦ ਕਰੀਬ ਦੋ ਦਰਜਨ ਵਾਹਨਾਂ ਦੇ ਚਲਾਨ ਕੀਤੇ ਗਏ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਰਾਜਕੁਮਾਰ ਤੇ ਟਰੈਫਿਕ ਇੰਚਾਰਜ ਬਲਵੰਤ ਸਿੰਘ ਨੇ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵੱਖ ਵੱਖ ਮੁੱਖ ਮਾਰਗਾਂ ’ਤੇ ਸੜਕ ਹੀ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨਾਂ ਦੇ ਚਲਾਨ ਕੱਟੇ ਜਾਂਦੇ ਹਨ ਸੜਕੀ ਹਾਦਸੇ ਜਿਆਦਾਤਰ ਕਾਰਨ ਤੇਜ਼ ਰਫਤਾਰ ਵਾਹਨਾ ਕਾਰਨ ਵਾਪਰਦੇ ਹਨ। ਉਨ੍ਹਾਂ ਦੱਸਿਆ ਕਿ ਵੱਖ-ਵੱਖ ਟੈਕਸੀ ਯੂਨੀਅਨ ਟਰੱਕ ਯੂਨੀਅਨ ਤੇ ਹੋਰ ਵਾਹਨ ਚਾਲਕਾਂ ਨੂੰ ਕੈਂਪ ਲਗਾ ਕੇ ਸੜਕੀ ਨਿਯਮਾਂ ਦੀ ਪਾਲਣਾ ਕਰਨ ਸਬੰਧੀ ਜਾਗਰੂਕ ਕੀਤਾ ਜਾਂਦਾ ਹੈ, ਪਰ ਫਿਰ ਵੀ ਕਈ ਵਾਰ ਵੇਖਣ ’ਚ ਆਉਂਦਾ ਹੈ ਕਿ ਲੋਕ ਸੜਕੀ ਨਿਯਮਾਂ ਦੀ ਉਲੰਘਣਾ ਕਰਦੇ ਹਨ ਜਿਸ ਕਾਰਨ ਕਈ ਵਾਰ ਭਿਆਨਕ ਹਾਦਸੇ ਵਾਪਰ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਅੱਜ ਤੇਜ਼ ਗਤੀ ਵਾਹਨਾਂ, ਬਿਨ੍ਹਾਂ ਸੀਟ ਬੈਲਟ ਤੇ ਬਿਨ੍ਹਾਂ ਹੈਲਮਟ ਵਾਹਨ ਚਾਲਕਾਂ ਦੇ ਚਲਾਨ ਕੀਤੇ ਗਏ ਹਨ, ਜਿਨ੍ਹਾਂ ਵਾਹਨ ਚਾਲਕਾਂ ਨੇ ਨਾਕੇਬੰਦੀ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਹੈ, ਉਨ੍ਹਾਂ ਦੇ ਨੰਬਰ ਟਰੇਸ ਕਰਕੇ ਆਨਲਾਈਨ ਚਲਾਨ ਉਨ੍ਹਾਂ ਦੇ ਘਰ ਭੇਜੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਜੇਕਰ ਵਾਰ-ਵਾਰ ਕੋਈ ਵਾਹਨ ਚਾਲਕ ਗਲਤੀ ਕਰਦਾ ਹੈ, ਉਨ੍ਹਾਂ ਦੇ ਲਾਈਸੰਸ ਰੱਦ ਕਰਨ ਲਈ ਅਗਲੀ ਕਨੂੰਨੀ ਕਾਰਵਾਈ ਕੀਤੀ ਜਾਵੇਗੀ। ਉਹਨਾਂ ਇਲਾਕਾ ਨਿਵਾਸੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਛੋਟੀ ਉਮਰ ਦੇ ਬੱਚਿਆਂ ਨੂੰ ਦੋ ਪਹੀਆ ਵਾਹਨ ਦੇ ਕੇ ਸੜਕ ’ਤੇ ਨਾ ਭੇਜਿਆ ਜਾਵੇ ਜਦੋਂ ਤੱਕ ਲਾਈਸੈਂਸ ਨਹੀਂ ਬਣਦਾ ਉਦੋਂ ਤੱਕ ਵਾਹਨ ਸੜਕ ’ਤੇ ਨਹੀਂ ਚਲਾਉਣਾ ਚਾਹੀਦਾ ਤੇ ਸਫ਼ਰ ਕਰਦੇ ਸਮੇਂ ਆਪਣੇ ਵਾਹਨਾਂ ਦੇ ਦਸਤਾਵੇਜ ਪੂਰੇ ਕਰਕੇ ਹੀ ਸੜਕੀ ਨਿਯਮਾਂ ਦੀ ਪਾਲਣਾ ਕਰਦੇ ਹੋਏ ਸਫ਼ਰ ਕਰਨਾ ਚਾਹੀਦਾ ਹੈ। ਇਸ ਮੌਕੇ ਰੂਪਨਗਰ ਟਰੈਫਿਕ ਪੁਲਿਸ ਵੱਲੋਂ ਸਹਾਇਕ ਥਾਣੇਦਾਰ ਰਾਜਕੁਮਾਰ, ਏਐਸਆਈ ਬਲਵੰਤ ਸਿੰਘ, ਏਐਸਆਈ ਦੀਦਾਰ ਸਿੰਘ ਤੇ ਏਐਸਆਈ ਕਮਲਜੀਤ ਸਿੰਘ ਸਮੇਤ ਟਰੈਫਿਕ ਕਰਮਚਾਰੀ ਮੌਜੂਦ ਸਨ।