ਪੀਰ ਬਾਬਾ ਲੱਖ ਦਾਤਾ ਮਜਾਰ ਦੀ ਕਰਵਾਈ ਜਾ ਰਹੀ ਹੈ ਸੇਵਾ ਵਿਲੇਜ ਸੁਧਾਰ ਸਭਾ ਮੰਦਰ ਕਮੇਟੀ ਮੌੜਾ ਵਲੋਂ ਪੀਰ ਬਾਬਾ ਲੱਖ ਦਾਤਾ ਮਜਾਰ ਪਿੰਡ ਮੋੜਾ ਦੀ
Publish Date: Mon, 16 Nov 2026 05:10 PM (IST)
Updated Date: Mon, 16 Nov 2026 05:12 PM (IST)
ਪ੍ਰਧਾਨ ਅਮਰ ਸਿੰਘ ਮੋੜਾ ਨੇ 10 ਸਾਲ ਕੇਸ ਲੜ ਕੇ ਪ੍ਰਾਪਤ ਕੀਤਾ ਮੁਆਵਜ਼ਾ ਮਜਾਰ ਨੂੰ ਡੰਗੇ ਲਗਵਾਉਣ ਤੇ ਹੋਰ ਕਾਰਜਾਂ ’ਤੇ ਆਇਆ 40 ਲੱਖ ਦਾ ਖਰਚਾ ਨਰਿੰਦਰ ਸੈਣੀ, ਪੰਜਾਬੀ ਜਾਗਰਣ, ਸ਼੍ਰੀ ਕੀਰਤਪੁਰ ਸਾਹਿਬ: ਪਿੰਡ ਮੋੜਾ ਦੇ ਵਸਨੀਕ ਸੇਵਾ ਮੁਕਤ ਕਰਮਚਾਰੀ ਅਮਰ ਸਿੰਘ ਜੋ ਕਿ 76 ਸਾਲ ਦੇ ਹੋ ਚੁੱਕੇ ਹਨ ਤੇ ਇਸ ਸਮੇਂ ਵਿਲੇਜ ਸੁਧਾਰ ਸਭਾ ਮੰਦਰ ਕਮੇਟੀ ਮੌੜਾ ਦੇ ਪ੍ਰਧਾਨ ਹਨ, ਵੱਲੋਂ ਪੀਰ ਬਾਬਾ ਲੱਖ ਦਾਤਾ ਮਜਾਰ ਪਿੰਡ ਮੋੜਾ ਦੀ ਪਿਛਲੇ ਛੇ ਮਹੀਨੇ ਤੋਂ ਲਗਾਤਾਰ ਸੇਵਾ ਕੀਤੀ ਜਾ ਰਹੀ ਹੈ। ਉਨ੍ਹਾਂ ਵੱਲੋਂ ਲੱਖ ਦਾਤਾ ਮਜਾਰ ਦੇ ਆਲੇ ਦੁਆਲੇ ਲੱਖਾਂ ਰੁਪਏ ਖਰਚ ਕਰਕੇ ਡੰਗੇ ਦਾ ਨਿਰਮਾਣ ਵੀ ਕਰਵਾਇਆ ਗਿਆ ਹੈ। ਪੀਰ ਬਾਬਾ ਲੱਖ ਦਾਤਾ ਮਜਾਰ ਪਿੰਡ ਮੋੜਾ ਦਾ ਮੌਕਾ ਦਿਖਾਉਂਦੇ ਹੋਏ ਵਿਲੇਜ ਸੁਧਾਰ ਸਭਾ ਮੰਦਰ ਕਮੇਟੀ ਮੋੜਾ ਦੇ ਪ੍ਰਧਾਨ ਅਮਰ ਸਿੰਘ ਨੇ ਦੱਸਿਆ ਕਿ ਇਹ ਮਜ਼ਾਰ ਸਾਡੇ ਬਜ਼ੁਰਗਾਂ ਤੋਂ ਵੀ ਪਹਿਲਾਂ ਦੀ ਬਣੀ ਹੋਈ ਹੈ ਜਿਸ ਨੂੰ ਕਰੀਬ 100 ਸਾਲ ਦਾ ਸਮਾਂ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਸਾਲ 1986-87 ਤੋਂ ਪਹਿਲਾਂ ਇਸ ਬਾਬੇ ਦੀ ਮਜ਼ਾਰ ਦਾ ਨਾ ਕੋਈ ਲਿਖਤੀ ਰਿਕਾਰਡ ਸੀ ਤੇ ਨਾ ਹੀ ਇਨ੍ਹਾਂ ਦੇ ਨਾਮ ਕੋਈ ਜਮੀਨ ਸੀ, ਪਰ 1986-87 ਵਿੱਚ ਗ੍ਰਾਮ ਪੰਚਾਇਤ ਪਿੰਡ ਮੋੜਾ ਦੇ ਸਰਪੰਚ ਸਵਰਗਵਾਸੀ ਸਦਾ ਰਾਮ ਜੋ ਕਿ ਮੇਰੇ ਪਿਤਾ ਜੀ ਸਨ, ਵਲੋਂ ਮਤਾ ਪਾ ਕੇ ਪੰਜ ਕਨਾਲ ਜਮੀਨ ਪੀਰ ਬਾਬਾ ਲੱਖ ਦਾਤਾ ਮਜਾਰ ਦੇ ਨਾਮ ਕਰਵਾਈ ਗਈ ਤੇ ਮਾਲ ਮਹਿਕਮੇ ਦੇ ਖਾਨਾ ਕਾਸਤ ’ਚ ਬਾਬਾ ਜੀ ਦੀ ਮਜ਼ਾਰ ਨੂੰ ਕਾਇਮ ਕੀਤਾ ਗਿਆ। ਅਮਰ ਸਿੰਘ ਨੇ ਦੱਸਿਆ ਕਿ ਜਦੋਂ ਕੀਰਤਪੁਰ ਸਾਹਿਬ ਤੋਂ ਬਿਲਾਸਪੁਰ ਤੱਕ ਕੌਮੀ ਮਾਰਗ ਨੂੰ ਚੌੜਾ ਕਰਨ ਲਈ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਵੱਲੋਂ ਜਮੀਨ ਅਕੁਵਾਇਰ ਕੀਤੀ ਗਈ ਤਾਂ ਇਹ ਮਜ਼ਾਰ ਵੀ ਸੜਕ ਵਿੱਚ ਜਾ ਗਈ ਸੀ। ਇਸ ਮਜ਼ਾਰ ਦੀ ਜਮੀਨ ਦਾ ਪੈਸਾ ਗ੍ਰਾਮ ਪੰਚਾਇਤ ਪਿੰਡ ਮੋੜਾ ਨੂੰ ਮਿਲਿਆ ਜਦ ਕਿ ਮਜਾਰ ਦੀ ਇਮਾਰਤ ਦਾ ਪੈਸਾ ਲੈਣ ਲਈ ਪਿੰਡ ਦੀ ਕੋਈ ਵੀ ਸੰਸਥਾ ਅੱਗੇ ਨਹੀਂ ਆਈ। ਸੜਕ ਬਣਾਉਣ ਵਾਲੀ ਕੰਪਨੀ ਵੱਲੋਂ ਇਸ ਮਜਾਰ ਦੀ ਇਮਾਰਤ ਨੂੰ ਡੇਗ ਦਿੱਤਾ ਗਿਆ। ਜਿਸ ਤੋਂ ਬਾਅਦ ਇਹ ਮਜ਼ਾਰ ਲਵਾਰਸ ਹੋ ਗਈ ਇਸ ਦੀ ਸਾਂਭ ਸੰਭਾਲ ਕਰਨ ਵਾਲਾ ਕੋਈ ਨਹੀਂ ਸੀ। ਅਮਰ ਸਿੰਘ ਨੇ ਦੱਸਿਆ ਕਿ ਸਾਲ 2009 ਦੇ ਵਿੱਚ ਸਾਡੇ ਵੱਲੋਂ ਵਿਲੇਜ ਸੁਧਾਰ ਸਭਾ ਮੰਦਿਰ ਕਮੇਟੀ ਮੋੜਾ ਦਾ ਗਠਨ ਕੀਤਾ ਗਿਆ। ਜਿਸ ਵਿੱਚ ਕਮੇਟੀ ਮੈਂਬਰਾਂ ਵੱਲੋਂ ਮੈਨੂੰ ਪ੍ਰਧਾਨ ਬਣਾਇਆ ਗਿਆ। ਪੀਰ ਬਾਬਾ ਲੱਖ ਦਾਤਾ ਮਜਾਰ ਪਿੰਡ ਮੋੜਾ ਦੀ ਸਾਂਭ ਸੰਭਾਲ ਤੇ ਇਮਾਰਤ ਦੀ ਉਸਾਰੀ ਦਾ ਬੀੜਾ ਸਾਡੀ ਸੰਸਥਾ ਨੇ ਚੁੱਕਿਆ। ਇਸ ਮਜਾਰ ਦੇ ਮਲਬੇ ਦਾ ਪੈਸਾ ਜੋ ਕਿ ਸਰਕਾਰੀ ਖਾਤੇ ਵਿੱਚ ਪਿਆ ਸੀ ਨੂੰ ਪ੍ਰਾਪਤ ਕਰਨ ਲਈ ਵਿਲੇਜ ਸੁਧਾਰ ਸਭਾ ਮੰਦਰ ਕਮੇਟੀ ਮੋੜਾ ਦੇ ਸਮੂਹ ਮੈਂਬਰਾਂ ਵੱਲੋਂ ਕੇਸ ਲੜ ਕੇ ਪੈਸਾ ਪ੍ਰਾਪਤ ਕਰਨ ਦੀ ਜਿੰਮੇਵਾਰੀ ਮੈਨੂੰ ਸੌਂਪੀ ਗਈ। ਸਾਲ 2015 ਤੋਂ ਲੈ ਕੇ ਸਾਲ 2025 ਤੱਕ ਸਾਡੀ ਸੰਸਥਾ ਵੱਲੋਂ ਮਜਾਰ ਦਾ ਪੈਸਾ ਪ੍ਰਾਪਤ ਕਰਨ ਲਈ ਮਾਨਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ’ਚ ਕੇਸ ਲੜਿਆ ਗਿਆ, ਜਿਸ ਵਿੱਚ ਸਾਡੀ ਸੰਸਥਾ ਦੀ ਜਿੱਤ ਹੋਈ। ਉਨ੍ਹਾਂ ਦੱਸਿਆ ਕਿ ਪਿਛਲੇ ਛੇ ਮਹੀਨੇ ਤੋਂ ਸਾਡੀ ਸੰਸਥਾ ਵੱਲੋਂ ਮਜਾਰ ਉੱਪਰ 40 ਲੱਖ ਰੁਪਏ ਖਰਚ ਕੀਤਾ ਜਾ ਚੁੱਕਿਆ ਹੈ। ਉਨ੍ਹਾਂ ਦੱਸਿਆ ਕਿ ਸਾਡੇ ਵੱਲੋਂ ਮਜਾਰ ਨੂੰ ਕਰੀਬ 100 ਫੁੱਟ ਉੱਚਾ 100 ਫੁੱਟ ਲੰਬਾ ਤੇ 10 ਤੋਂ 15 ਫੁੱਟ ਚੌੜਾ ਡੰਗਾ ਲਗਾਇਆ ਗਿਆ ਹੈ।