13 ਸਾਲਾ ਇੱਕਲੀਨ ਕੌਰ ਨੇ ਖੇਡ ਮੁਕਾਬਲਿਆਂ ’ਚ ਜਿੱਤੇ 5 ਤਮਗੇ 13 ਸਾਲਾ ਇੱਕਲੀਨ ਕੌਰ ਨੇ ਖੇਡ ਮੁਕਾਬਲਿਆਂ ਵਿੱਚ ਜਿੱਤੇ ਪੰਜ ਤਗ਼ਮੇ
Publish Date: Mon, 16 Nov 2026 05:05 PM (IST)
Updated Date: Mon, 16 Nov 2026 05:06 PM (IST)
ਸੁਰਿੰਦਰ ਸਿੰਘ ਸੋਨੀ, ਪੰਜਾਬੀ ਜਾਗਰਣ, ਸ਼੍ਰੀ ਅਨੰਦਪੁਰ ਸਾਹਿਬ: ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਦੀ 13 ਸਾਲਾ ਹੋਣਹਾਰ ਬੇਟੀ ਇੱਕਲੀਨ ਕੌਰ ਨੇ ਆਪਣੀ ਸਖ਼ਤ ਮਿਹਨਤ, ਲਗਨ ਤੇ ਦ੍ਰਿੜ੍ਹ ਇਰਾਦੇ ਸਦਕਾ ਖੇਡਾਂ ਦੇ ਖੇਤਰ ’ਚ ਸ਼ਾਨਦਾਰ ਪ੍ਰਾਪਤੀ ਕਰਦਿਆਂ ਇਲਾਕੇ ਤੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਹੈ। ਵੱਖ-ਵੱਖ ਖੇਡ ਮੁਕਾਬਲਿਆਂ ’ਚ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਉਂਦਿਆਂ ਇੱਕਲੀਨ ਕੌਰ ਨੇ ਕੁੱਲ ਪੰਜ ਤਗ਼ਮੇ ਜਿੱਤੇ ਹਨ, ਜਿਨ੍ਹਾਂ ’ਚ ਦੋ ਚਾਂਦੀ ਤੇ ਤਿੰਨ ਕਾਂਸੀ ਦੇ ਤਗ਼ਮੇ ਸ਼ਾਮਲ ਹਨ। ਖਾਸ ਗੱਲ ਇਹ ਹੈ ਕਿ ਇੱਕਲੀਨ ਕੌਰ ਦੀ ਉਮਰ 13 ਸਾਲ 11 ਮਹੀਨੇ ਤੇ ਸਰੀਰਕ ਭਾਰ ਸਿਰਫ਼ 40 ਕਿਲੋਗ੍ਰਾਮ ਹੈ, ਪਰ ਉਸ ਨੇ ਅੰਡਰ-17 ਵਰਗ ਦੇ 43 ਕਿਲੋਗ੍ਰਾਮ ਭਾਰ ਵਰਗ ’ਚ ਆਪਣੇ ਨਾਲੋਂ ਵੱਡੀ ਉਮਰ ਤੇ ਵਧੇਰੇ ਤਜ਼ਰਬੇ ਵਾਲੀਆਂ ਖਿਡਾਰਨਾਂ ਨੂੰ ਸਖ਼ਤ ਟੱਕਰ ਦਿੱਤੀ। ਉਸ ਦੇ ਪਿਤਾ ਜਗਜੀਤ ਸਿੰਘ ਨੇ ਦੱਸਿਆ ਕਿ ਖੰਨਾ ਵਿਖੇ ਕਰਵਾਈਆਂ ਗਈਆਂ ਪੰਜਾਬ ਰਾਜ ਪੱਧਰੀ ਖੇਡਾਂ ’ਚ ਇੱਕਲੀਨ ਕੌਰ ਨੇ ਪਾਵਰਲਿਫਟਿੰਗ ਮੁਕਾਬਲੇ ਦੌਰਾਨ ਕੁੱਲ 182 ਕਿਲੋਗ੍ਰਾਮ ਭਾਰ ਚੁੱਕ ਕੇ ਕਾਂਸੀ ਦਾ ਤਗ਼ਮਾ ਹਾਸਲ ਕੀਤਾ। ਇਸੇ ਤਰ੍ਹਾਂ ਪੰਜਾਬ ਸਰਕਾਰ ਵੱਲੋਂ ਕਰਵਾਈਆਂ ਗਈਆਂ ਖੇਡਾਂ ਵਤਨ ਪੰਜਾਬ ਦੀਆਂ ’ਚ ਉਸ ਨੇ ਪਾਵਰਲਿਫਟਿੰਗ ’ਚ ਚਾਂਦੀ ਤੇ ਵੇਟਲਿਫਟਿੰਗ ’ਚ ਕਾਂਸੀ ਦਾ ਤਗ਼ਮਾ ਜਿੱਤਿਆ। ਇਸ ਤੋਂ ਇਲਾਵਾ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ’ਚ ਵੀ ਆਪਣੀ ਕਾਬਲੀਅਤ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਾਵਰਲਿਫਟਿੰਗ ’ਚ ਚਾਂਦੀ ਤੇ ਵੇਟਲਿਫਟਿੰਗ ’ਚ ਕਾਂਸੀ ਦਾ ਤਗ਼ਮਾ ਆਪਣੇ ਨਾਂ ਕੀਤਾ। ਇਸ ਤਰ੍ਹਾਂ ਉਸ ਨੇ ਵੱਖ-ਵੱਖ ਪੱਧਰਾਂ ਦੇ ਮੁਕਾਬਲਿਆਂ ’ਚ ਪੰਜ ਤਗ਼ਮੇ ਜਿੱਤ ਕੇ ਆਪਣੀ ਪ੍ਰਤਿਭਾ ਦਾ ਸਬੂਤ ਦਿੱਤਾ ਹੈ। ਇੱਕਲੀਨ ਕੌਰ ਦੀ ਇਸ ਕਾਮਯਾਬੀ ਪਿੱਛੇ ਉਸ ਦੀ ਆਪਣੀ ਮਿਹਨਤ ਦੇ ਨਾਲ-ਨਾਲ ਕੋਚ ਹਰਪ੍ਰੀਤ ਸਿੰਘ, ਕੁਲਵਿੰਦਰ ਸਿੰਘ ਤੇ ਜਗਜੀਤ ਸਿੰਘ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ। ਕੋਚਾਂ ਵੱਲੋਂ ਦਿੱਤੀ ਜਾ ਰਹੀ ਸਖ਼ਤ ਸਿਖਲਾਈ ਤੇ ਸਹੀ ਮਾਰਗਦਰਸ਼ਨ ਸਦਕਾ ਉਹ ਲਗਾਤਾਰ ਆਪਣੀ ਖੇਡ ’ਚ ਨਿਖਾਰ ਲਿਆ ਰਹੀ ਹੈ। ਇੱਕਲੀਨ ਕੌਰ ਦੀ ਇਸ ਪ੍ਰਾਪਤੀ ਨਾਲ ਸ੍ਰੀ ਅਨੰਦਪੁਰ ਸਾਹਿਬ ਇਲਾਕੇ ’ਚ ਖੁਸ਼ੀ ਦੀ ਲਹਿਰ ਹੈ। ਖੇਡ ਪ੍ਰੇਮੀਆਂ ਤੇ ਇਲਾਕਾ ਨਿਵਾਸੀਆਂ ਨੇ ਇਸ ਹੋਣਹਾਰ ਖਿਡਾਰਨ, ਉਸ ਦੇ ਮਾਪਿਆਂ ਤੇ ਕੋਚਾਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਉਮੀਦ ਪ੍ਰਗਟਾਈ ਕਿ ਇਹ ਧੀ ਭਵਿੱਖ ’ਚ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ’ਤੇ ਵੀ ਸ਼ਾਨਦਾਰ ਪ੍ਰਦਰਸ਼ਨ ਕਰਕੇ ਦੇਸ਼ ਦਾ ਨਾਂ ਰੌਸ਼ਨ ਕਰੇਗੀ।