ਖਾਟੂ ਸ਼ਿਆਮ ਜੀ ਦੇ ਜਨਮ ਉਤਸਵ ਨੂੰ ਸਮਰਪਿਤ ‘ਇੱਕ ਸ਼ਾਮ ਖਾਟੂ ਸ਼ਿਆਮ ਦੇ ਨਾਮ’ ਜਾਗਰਣ ਕਰਵਾਇਆ ਖਾਟੂ ਸ਼ਿਆਮ ਜੀ ਦੇ ਜਨਮ ਉਤਸਵ ਨੂੰ ਸਮਰਪਿਤ ‘ਇੱਕ ਸ਼ਾਮ ਖਾਟੂ ਸ਼ਿਆਮ ਦੇ ਨਾਮ’ ਜਾਗਰਣ ਕਰਵਾਇਆ
Publish Date: Mon, 16 Nov 2026 04:52 PM (IST)
Updated Date: Mon, 16 Nov 2026 04:54 PM (IST)
ਸਾਬਕਾ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਵੀ ਕੀਤੀ ਸ਼ਿਰਕਤ ਜੰਗ ਬਹਾਦਰ ਸਿੰਘ ,ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ : ਸ੍ਰੀ ਕੀਰਤਪੁਰ ਸਾਹਿਬ ਵਿਖੇ ਸ਼ਿਆਮ ਪਰਿਵਾਰ ਵੱਲੋਂ ਖਾਟੂ ਸ਼ਿਆਮ ਜੀ ਦੇ ਜਨਮ ਉਤਸਵ ਨੂੰ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਉਂਦਿਆਂ ‘ਇੱਕ ਸ਼ਾਮ ਖਾਟੂ ਸ਼ਿਆਮ ਦੇ ਨਾਮ’ ਤਹਿਤ ਸਥਾਨਕ ਰਾਮ ਮੰਦਰ ਚੌਂਕ ਵਿਖੇ ਵਿਸ਼ਾਲ ਜਾਗਰਣ ਕਰਵਾਇਆ ਗਿਆ। ਇਸ ਸਮਾਗਮ ’ਚ ਇਲਾਕੇ ਦੀਆਂ ਸੰਗਤਾਂ ਤੇ ਸ਼ਿਆਮ ਸ਼ਰਧਾਲੂਆਂ ਨੇ ਵੱਡੀ ਗਿਣਤੀ ’ਚ ਸ਼ਮੂਲੀਅਤ ਕਰਕੇ ਖਾਟੂ ਸ਼ਿਆਮ ਜੀ ਦਾ ਗੁਣਗਾਨ ਸੁਣਿਆ ਤੇ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਸ਼ਿਆਮ ਪਰਿਵਾਰ ਵੱਲੋਂ ਖਾਟੂ ਸ਼ਿਆਮ ਜੀ ਦੇ ਜਨਮ ਉਤਸਵ ਦੇ ਸਬੰਧ ’ਚ ਸ਼ਹਿਰ ਅੰਦਰ ਸ਼ਾਨਦਾਰ ਰੱਥ ਯਾਤਰਾ ਕੱਢੀ ਗਈ ਤੇ ਇਸ ਸਮਾਗਮ ਦੇ ਸਬੰਧ ’ਚ ਸ਼ਰਧਾਲੂਆਂ ਦੇ ਲਈ ਭੰਡਾਰੇ ਦਾ ਆਯੋਜਨ ਵੀ ਕੀਤਾ ਗਿਆ ਸੀ, ਜਿਸ ’ਚ ਵੱਡੀ ਗਿਣਤੀ ’ਚ ਸ਼ਰਧਾਲੂਆਂ ਨੇ ਹਿੱਸਾ ਲਿਆ ਸੀ। ਜਾਗਰਣ ਦੀ ਸ਼ੁਰੂਆਤ ਮਹਿਲਾ ਮੰਡਲ ਦੀਆਂ ਮੈਂਬਰਾਂ ਵੱਲੋਂ ਜੋਤੀ ਪ੍ਰਚੰਡ ਕਰਨ ਤੇ ਖਾਟੂ ਸ਼ਿਆਮ ਜੀ ਦੀ ਪੂਜਾ-ਅਰਚਨਾ ਕਰਨ ਨਾਲ ਹੋਈ। ਇਸ ਉਪਰੰਤ ਭਜਨ ਗਾਇਨ ਦਾ ਸਿਲਸਿਲਾ ਸ਼ੁਰੂ ਹੋਇਆ। ਰਾਜਸਥਾਨ ਤੋਂ ਵਿਸ਼ੇਸ਼ ਤੌਰ ’ਤੇ ਪਹੁੰਚੀ ਗਾਇਕਾ ਵੈਸ਼ਨਵੀ ਜਨਵੇਜਾ ਨੇ ਖਾਟੂ ਸ਼ਿਆਮ ਜੀ ਦੀ ਮਹਿਮਾ ਦਾ ਗੁਣਗਾਨ ਕਰਦਿਆਂ ਭੇਟਾਂ ਪੇਸ਼ ਕੀਤੀਆਂ। ਗਾਇਕਾਂ ਵੱਲੋਂ ਪੇਸ਼ ਕੀਤੇ ਗਏ ਭਜਨਾਂ ਨੇ ਸੰਗਤਾਂ ਨੂੰ ਭਗਤੀ ਰੰਗ ’ਚ ਰੰਗ ਦਿੱਤਾ ਤੇ ਸ਼ਰਧਾਲੂ ਭਜਨਾਂ ਦੀਆਂ ਧੁਨਾਂ ’ਤੇ ਨੱਚਦੇ ਤੇ ਜੈਕਾਰਿਆਂ ਨਾਲ ਆਪਣੀ ਸ਼ਰਧਾ ਦਾ ਪ੍ਰਗਟਾਵਾ ਕਰਦੇ ਰਹੇ। ਇਸ ਦੌਰਾਨ ਸਮੁੱਚਾ ਰਾਮ ਮੰਦਰ ਚੌਂਕ ਸ਼ਿਆਮ ਦੇ ਜੈਕਾਰਿਆਂ ਨਾਲ ਗੂੰਜਦਾ ਰਿਹਾ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਵੀ ਸ਼ਿਰਕਤ ਕੀਤੀ। ਉਨ੍ਹਾਂ ਨੇ ਸ਼ਿਆਮ ਪਰਿਵਾਰ ਵੱਲੋਂ ਕਰਵਾਏ ਗਏ ਇਸ ਧਾਰਮਿਕ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਧਾਰਮਿਕ ਸਮਾਗਮ ਸਾਡੀ ਆਸਥਾ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਸਮਾਜ ’ਚ ਆਪਸੀ ਪਿਆਰ, ਸਦਭਾਵਨਾ ਤੇ ਭਾਈਚਾਰਕ ਸਾਂਝ ਨੂੰ ਵੀ ਵਧਾਉਂਦੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਅਜਿਹੇ ਧਾਰਮਿਕ ਸਮਾਗਮਾਂ ’ਚ ਆਪਣੇ ਬੱਚਿਆਂ ਸਮੇਤ ਸ਼ਮੂਲੀਅਤ ਕਰਨੀ ਚਾਹੀਦੀ ਹੈ, ਤਾਂ ਜੋ ਸਾਡੇ ਬੱਚੇ ਵੀ ਪਰਮਾਤਮਾ ਨਾਲ ਜੁੜ ਸਕਣ ਤੇ ਉਨ੍ਹਾਂ ਨੂੰ ਆਪਣੇ ਧਰਮ, ਸੱਭਿਆਚਾਰ ਤੇ ਚੰਗੇ ਸੰਸਕਾਰਾਂ ਦੀ ਜਾਣਕਾਰੀ ਮਿਲ ਸਕੇ। ਅਜਿਹੇ ਸਮਾਗਮ ਉਨ੍ਹਾਂ ਦੇ ਜੀਵਨ ’ਚ ਚੰਗੇ ਵਿਚਾਰਾਂ ਤੇ ਨੈਤਿਕ ਕਦਰਾਂ-ਕੀਮਤਾਂ ਦਾ ਸੰਚਾਰ ਕਰਦੇ ਹਨ। ਇਸ ਮੌਕੇ ਹਿਮਾਸ਼ੂ ਟੰਡਨ ਪ੍ਰਧਾਨ ਬਲਾਕ ਕਾਂਗਰਸ, ਸੁਰਿੰਦਰ ਪਾਲ ਕੋੜਾ ਸਾਬਕਾ ਪ੍ਰਧਾਨ ਨਗਰ ਪੰਚਾਇਤ ਕੀਰਤਪੁਰ ਸਾਹਿਬ , ਮਹੇਸ਼ ਬੇਦੀ, ਸੰਜੀਵ ਜੋਸ਼ੀ, ਡਾ. ਸਰਵਣ ਸਿੰਘ ਸੈਣੀ, ਰਜਨੀਸ਼ ਜੋਸ਼ੀ ਐਮਸੀ ,ਵਿੱਕੀ ਚੱਡਾ, ਅਮਿਤ ਚਾਵਲਾ, ਆਸ਼ੂਤੋਸ਼ ਸ਼ਰਮਾ,ਰੋਬਿਨ ਕੋੜਾ,ਅਭੀਨਵ ਟੰਡਨ, ਮਨੀਸ਼ ਬੇਦੀ,ਗੋਲੂ ਬੇਦੀ, ਮਨਿੰਦਰ ਸਿੰਘ ਸਾਹਿਬ, ਮਹਿੰਦਰ ਸਿੰਘ ਸੈਣੀ , ਦਵਿੰਦਰ ਸਿੰਘ ਛੰਮਾ, ਬ੍ਰਿਜ ਕੋੜਾ,ਸੁਨੀਲ ਦੱਤ ਦਿਵੇਦੀ,ਨਰਿੰਦਰ ਭੱਲਾ, ਤਰਸੇਮ ਲਾਲ ਬਾਵਾ, ਨਿਤਿਨ ਕਪਲ, ਵਿਜੇ ਕੋੜਾ, ਅਭਿਸ਼ੇਕ ਕੋੜਾ, ਵਿਵੇਕ ਬੇਦੀ, ਮਾਧਵ ਬੇਦੀ, ਸੰਨੀ ਬੇਦੀ, ਅਭਿਸ਼ੇਕ ਧਵਨ ਤੇ ਹਰਸ਼ਿਤ ਜੋਸ਼ੀ ਤੋਂ ਇਲਾਵਾ ਵੱਡੀ ਗਿਣਤੀ ’ਚ ਸ਼ਿਆਮ ਸ਼ਰਧਾਲੂ ਤੇ ਇਲਾਕਾ ਵਾਸੀ ਹਾਜ਼ਰ ਸਨ।