ਮੁੱਖ ਮਾਰਗ ’ਤੇ ਭਰਤਗੜ੍ਹ ਨਜ਼ਦੀਕ ਲੱਗਿਆ ਭਾਰੀ ਜਾਮ ਮੁੱਖ ਮਾਰਗ ’ਤੇ ਭਰਤਗੜ੍ਹ ਨਜ਼ਦੀਕ ਲੱਗਿਆ ਭਾਰੀ ਜਾਮ
Publish Date: Mon, 16 Nov 2026 04:13 PM (IST)
Updated Date: Mon, 16 Nov 2026 04:15 PM (IST)
ਭਰਤਗੜ੍ਹ ਤੋਂ ਗਰਦਲੇ ਤੱਕ ਲੱਗੀਆਂ ਵਾਹਨਾਂ ਦੀਆਂ ਕਤਾਰਾਂ ਨਰਿੰਦਰ ਸੈਣੀ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ: ਸ਼੍ਰੀ ਕੀਰਤਪੁਰ ਸਾਹਿਬ ਚੰਡੀਗੜ੍ਹ ਮੁੱਖ ਮਾਰਗ ’ਤੇ ਭਰਤਗੜ ਨਜ਼ਦੀਕ ਸ਼ਾਮ ਸਮੇਂ ਭਾਰੀ ਜਾਮ ਲੱਗਿਆ ਜਿਸ ’ਚ ਵਾਹਨਾਂ ਦੀਆਂ ਕਤਾਰਾਂ ਪਿੰਡ ਗਰਦਲੇ ਤੱਕ ਪਹੁੰਚ ਗਈਆਂ। ਇਸ ਜਾਮ ’ਚ ਕਈ ਯਾਤਰੀ ਏਅਰਪੋਰਟ ਜਾਣ ਲਈ ਖੜੇ ਸਨ ਤੇ ਐਬੂਲੈਂਸਾਂ ਵੀ ਜਾਮ ’ਚ ਫਸੀਆਂ ਦੇਖੀਆਂ ਗਈਆਂ। ਇਸ ਦੌਰਾਨ ਕਈ ਯਾਤਰੀ ਪਰਿਵਾਰਿਕ ਮੈਂਬਰਾਂ ਸਮੇਤ ਪਰੇਸ਼ਾਨ ਦਿਖਾਈ ਦਿੱਤੇ। ਦੱਸਣਯੋਗ ਹੈ ਕੀ ਭਰਤਗੜ੍ਹ ਤੋਂ ਪੰਜਹਿਰਾ ਚੌਂਕ ਤੇ ਭਰਤਗੜ੍ਹ ਤੋਂ ਦਬੋਟਾ ਚੌਂਕ ਕਾਰਨ ਸੜਕ ’ਤੇ ਅਕਸਰ ਹੀ ਜਾਮ ਵੇਖਿਆ ਜਾਂਦਾ ਹੈ। ਖਾਸ ਕਰਕੇ ਇਹ ਜਾਮ ਐਤਵਾਰ ਦੀ ਛੁੱਟੀ ਤੋਂ ਬਾਅਦ ਜਿਆਦਾ ਲੱਗਦਾ ਹੈ ਕਿਉਂਕਿ ਨੌਕਰੀ ਪੇਸ਼ਾ ਲੋਕ ਜਾਂ ਪੜ੍ਹਨ ਵਾਲੇ ਵਿਦਿਆਰਥੀ ਹਿਮਾਚਲ ਪ੍ਰਦੇਸ਼ ਜਾਂ ਆਸ ਪਾਸ ਦੇ ਇਲਾਕੇ ਤੋਂ ਚੰਡੀਗੜ੍ਹ ਲਈ ਸ਼ਾਮ ਸਮੇਂ ਰਵਾਨਾ ਹੁੰਦੇ ਹਨ। ਇਸ ਜਾਮ ’ਚ ਕੋਈ ਵੀ ਟਰੈਫਿਕ ਪੁਲਿਸ ਕਰਮਚਾਰੀ ਜਾ ਪੁਲਿਸ ਪ੍ਰਸ਼ਾਸਨ ਜਾਮ ਖਲਵਾਉਣ ਲਈ ਸੜਕ ’ਤੇ ਨਹੀਂ ਦੇਖਿਆ ਗਿਆ ਜਦੋਂ ਕਿ ਕਈ ਰਾਹਗੀਰ ਵਿਦੇਸ਼ਾਂ ’ਚ ਜਾਣ ਲਈ ਏਅਰਪੋਰਟ ਜਾ ਰਹੇ ਸਨ ਤੇ ਕਈਆਂ ਦੀ ਫਲਾਈਟ ਵੀ ਲੇਟ ਹੋ ਰਹੀ ਸੀ। ਭਰਤਗੜ ਦੇ ਨਾਲ ਨਾਲ ਬੂੰਗਾ ਸਾਹਿਬ ਟੀ ਪੁਆਇੰਟ ਤੇ ਵੀ ਅਕਸਰ ਜਾਮ ਦੀ ਸਥਿਤੀ ਰਹਿੰਦੀ ਹੈ ਮੁੱਖ ਮਾਰਗ ਤੇ ਵੱਧਦੀ ਹੋਈ ਆਵਾਜਾਈ ਕਾਰਨ ਜੇਕਰ ਦੋ ਮਿੰਟ ਲਈ ਵੀ ਕੋਈ ਵਾਹਨ ਸੜਕ ’ਤੇ ਰੁਕਦਾ ਹੈ ਤਾਂ ਜਾਮ ਕਈ ਕਿਲੋਮੀਟਰ ਲੰਮਾ ਹੋ ਜਾਂਦਾ ਹੈ। ਸਥਾਨਕ ਲੋਕਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਪੰਜੇਹਰਾ ਚੌਂਕ, ਦੁਬੋਟਾ ਚੌਂਕ, ਤੇ ਬੂੰਗਾ ਸਾਹਿਬ ਟੀ ਪੁਆਇੰਟ ਤੇ ਲਾਈਟਾਂ ਜਾਂ ਪੱਕੇ ਪੁਲਿਸ ਮੁਲਾਜ਼ਮ ਤੈਨਾਤ ਕੀਤੇ ਜਾਣ ਤਾਂ ਜੋ ਮੁੱਖ ਮਾਰਗ ’ਤੇ ਆਵਾਜਾਈ ਸੰਚਾਰ ਰੂਪ ਨਾਲ ਚਲਦੀ ਰਹਿ ਸਕੇ। ਇਸ ਸਬੰਧੀ ਜਦੋਂ ਚੌਂਕੀ ਇੰਚਾਰਜ ਭਰਤਗੜ੍ਹ ਸਰਤਾਜ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਐਤਵਾਰ ਕਰਕੇ ਆਵਾਜਾਈ ਜ਼ਿਆਦਾ ਹੁੰਦੀ ਹੈ ਤੇ ਹਿਮਾਚਲ ਪ੍ਰਦੇਸ਼ ਵੱਲ ਨੂੰ ਜਾਣ ਵਾਲੇ ਹੈਵੀ ਵਹੀਕਲ ਵੱਡੀ ਗਿਣਤੀ ’ਚ ਮੁੜਨ ਲਈ ਖੜੇ ਹੁੰਦੇ ਹਨ। ਇਸ ਕਰਕੇ ਕਈ ਵਾਰ ਜਾਮ ਲੱਗ ਜਾਂਦਾ ਹੈ, ਪਰ ਪੁਲਿਸ ਮੁਲਾਜ਼ਮ ਆਵਾਜਾਈ ਨੂੰ ਸੰਚਾਰੂ ਰੂਪ ਨਾਲ ਚਲਾਉਣ ਲਈ ਤਾਇਨਾਤ ਗਏ ਹਨ ਤੇ ਕੁਝ ਹੀ ਸਮੇਂ ’ਚ ਜਾਮ ਤੋਂ ਨਿਜਾਤ ਮਿਲ ਜਾਵੇਗੀ।