ਤੀਰਥ ਯਾਤਰਾ ਤਹਿਤ ਪਿੰਡ ਬਾਸੋਵਾਲ ਤੋਂ ਬੱਸ ਰਵਾਨਾ ਜਨਮ ਦਿਨ ਮੌਕੇ ਹਰਜੋਤ ਸਿੰਘ ਬੈਂਸ ਨੇ ਪਿੰਡ ਬਾਸੋਵਾਲ ਤੋਂ ਮੁੱਖ ਮੰਤਰੀ ਤੀਰਥ ਯਾਤਰਾ
Publish Date: Sun, 15 Nov 2026 05:59 PM (IST)
Updated Date: Sun, 15 Nov 2026 06:00 PM (IST)
ਯਾਤਰੀਆਂ ਤੇ ਪਾਰਟੀ ਵਰਕਰਾਂ ਨੇ ਕੇਕ ਕੱਟ ਕੇ ਕੈਬਨਿਟ ਮੰਤਰੀ ਦਾ ਜਨਮ ਦਿਨ ਮਨਾਇਆ ਸੁਖਵਿੰਦਰ ਸੁੱਖੂ, ਪੰਜਾਬੀ ਜਾਗਰਣ, ਸ੍ਰੀ ਅਨੰਦਪੁਰ ਸਾਹਿਬ : ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਆਪਣੇ ਜਨਮ ਦਿਨ ਮੌਕੇ ਪਿੰਡ ਬਾਸੋਵਾਲ ਤੋਂ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਤਹਿਤ ਸ਼ਰਧਾਲੂਆਂ ਦੀ ਬੱਸ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਮੌਕੇ ਉਨ੍ਹਾਂ ਨੇ ਯਾਤਰੀਆਂ ਨਾਲ ਮੁਲਾਕਾਤ ਕਰਦਿਆਂ ਸੁਖਦ ਤੇ ਸੁਰੱਖਿਅਤ ਯਾਤਰਾ ਲਈ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਬਜ਼ੁਰਗਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਸਤਿਕਾਰ ਕਰਦਿਆਂ ਉਨ੍ਹਾਂ ਨੂੰ ਇਹ ਵਿਸ਼ੇਸ਼ ਸਹੂਲਤ ਪ੍ਰਦਾਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਬਜ਼ੁਰਗ ਸਾਡੇ ਸਮਾਜ ਦਾ ਅਨਮੋਲ ਸਰਮਾਇਆ ਹਨ ਤੇ ਉਨ੍ਹਾਂ ਦੀਆਂ ਇੱਛਾਵਾਂ ਪੂਰੀਆਂ ਕਰਨਾ ਸਾਡੀ ਜ਼ਿੰਮੇਵਾਰੀ ਹੈ। ਮੁੱਖ ਮੰਤਰੀ ਤੀਰਥ ਯਾਤਰਾ ਤਹਿਤ ਯਾਤਰਾ ਦਾ ਸਾਰਾ ਖਰਚਾ ਪੰਜਾਬ ਸਰਕਾਰ ਵੱਲੋਂ ਕੀਤਾ ਜਾਂਦਾ ਹੈ, ਤਾਂ ਜੋ ਸ਼ਰਧਾਲੂਆਂ ਉੱਤੇ ਕੋਈ ਆਰਥਿਕ ਬੋਝ ਨਾ ਪਵੇ। ਇਸ ਦੌਰਾਨ ਕੈਬਨਿਟ ਮੰਤਰੀ ਦੇ ਜਨਮ ਦਿਨ ਦੀ ਖੁਸ਼ੀ ’ਚ ਤੀਰਥ ਯਾਤਰਾ ’ਤੇ ਜਾਣ ਵਾਲੇ ਯਾਤਰੀਆਂ ਤੇ ਪਾਰਟੀ ਵਰਕਰਾਂ ਵੱਲੋਂ ਕੇਕ ਕੱਟ ਕੇ ਉਨ੍ਹਾਂ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਦਿੱਤੀਆਂ ਗਈਆਂ। ਸਾਰਿਆਂ ਨੇ ਉਨ੍ਹਾਂ ਦੀ ਚੰਗੀ ਸਿਹਤ, ਲੰਮੀ ਉਮਰ ਤੇ ਲੋਕ ਸੇਵਾ ਦੇ ਕਾਰਜਾਂ ’ਚ ਸਫਲਤਾ ਦੀ ਕਾਮਨਾ ਕੀਤੀ। ਬੈਂਸ ਨੇ ਇਸ ਪਿਆਰ ਤੇ ਸਤਿਕਾਰ ਲਈ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਲੋਕਾਂ ਦਾ ਵਿਸ਼ਵਾਸ ਹੀ ਉਨ੍ਹਾਂ ਦੀ ਸਭ ਤੋਂ ਵੱਡੀ ਤਾਕਤ ਹੈ ਤੇ ਉਹ ਹਮੇਸ਼ਾ ਲੋਕਾਂ ਦੀ ਸੇਵਾ ਤੇ ਹਲਕੇ ਦੇ ਵਿਕਾਸ ਲਈ ਸਮਰਪਿਤ ਰਹਿਣਗੇ। ਇਸ ਮੌਕੇ ਰੋਹਿਤ ਕਾਲੀਆ ਪ੍ਰਧਾਨ ਟਰੱਕ ਯੂਨੀਅਨ ਨੰਗਲ, ਗੁਰਮੀਤ ਸਿੰਘ ਕਲੋਤਾ, ਬਾਲ ਕ੍ਰਿਸ਼ਨ ਪਾਠਕ, ਗਗਨ ਨੱਡਾ, ਬਬਲੂ ਪੰਡਿਤ, ਜਸਮੇਰ ਸਿੰਘ ਰਾਣਾ, ਚੇਤ ਰਾਮ, ਨਿਸ਼ਾਂਤ ਕਾਲੀਆ, ਦੀਪਕ ਨੱਡਾ, ਅੰਕੁਸ਼ ਪਾਠਕ, ਤਿਲਕ ਰਾਜ ਪਾਠਕ ਤੇ ਧਰਮਿੰਦਰ ਕਾਲੀਆ ਸਮੇਤ ਹੋਰ ਪਤਵੰਤੇ ਤੇ ਪਾਰਟੀ ਵਰਕਰ ਹਾਜ਼ਰ ਸਨ।