- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐਲਗਰਾਂ ਪੁਲ ਤੋਂ ਦੋ ਪਹੀਆਂ ਵਾਹਨਾ ਦੀ ਆਵਾਜਾਈ ਹੋਈ ਸ਼ੁਰੂ

15.87 ਕਰੋੜ ਦੀ ਲਾਗਤ ਨਾਲ ਕੀਤਾ ਗਿਆ ਪੁਲ ਦੀ ਮੁਰੰਮਤ ਤੇ ਪ੍ਰੋਟੈਕਸ਼ਨ ਵਰਕ
ਗੁਰਨਾਮ ਸਿੰਘ ਭੱਲੜੀ,ਪੰਜਾਬੀ ਜਾਗਰਣ, ਨੰਗਲ : ਵਿਧਾਨ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਅਧੀਨ ਪੈਂਦੇ ਨੰਗਲ-ਐਲਗਰਾਂ-ਕਲਮਾ ਮੋੜ ਸੜਕ ’ਤੇ ਸਵਾਂ ਨਦੀ ਉੱਪਰ ਸਥਿਤ ਐਲਗਰਾਂ ਪੁਲ ਦੀ ਮੁਰੰਮਤ ਲਗਭਗ ਪੂਰੀ ਹੋ ਚੁੱਕੀ ਹੈ। ਜਲਦ ਹੀ ਇਹ ਆਮ ਲੋਕਾਂ ਲਈ ਆਵਾਜਾਈ ਦੀ ਸਹੂਲਤ ਲਈ ਖੋਲਿਆ ਜਾ ਸਕਦਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਭਾਵੇਂ ਵਿਭਾਗ ਵਲੋਂ ਅਧਿਕਾਰਤ ਤੌਰ ’ਤੇ ਇਸ ਪੁਲ ਨੂੰ ਨਹੀ ਖੋਲਿਆ ਗਿਆ,ਪਰ ਇਸ ਪੁਲ ਤੋਂ ਦੋ ਪਹੀਆਂ ਵਾਹਨ ਗੁਜਰਨੇ ਸ਼ੁਰੂ ਹੋ ਚੁੱਕੇ ਹਨ।
ਸੂਤਰਾਂ ਅਨੁਸਾਰ ਇਹ ਪੁਲ ਇਸ ਮਹੀਨੇ ਦੇ ਆਖ਼ਰੀ ਹਫ਼ਤੇ ਆਮ ਲੋਕਾਂ ਲਈ ਖੋਲ੍ਹ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਗੈਰ ਕਾਨੂੰਨੀ ਮਾਈਨਿੰਗ ਦੀ ਭੇਟ ਚੜੇ ਇਸ ਪੁਲ ਦੇ ਬੰਦ ਹੋਣ ਨਾਲ ਕਰੀਬ ਤਿੰਨ ਸਾਲਾ ਤੋਂ ਸੰਤਾਪ ਭੋਗ ਰਹੇ ਸਨ। ਬੀਤੇ ਤਿੰਨ ਸਾਲਾ ਤੋਂ ਨੰਗਲ ਤੋਂ ਨੂਰਪੁਰਬੇਦੀ, ਰੂਪਨਗਰ ਜਾਣ ਵਾਲੇ ਰਾਹਗੀਰਾ ਨੂੰ ਲੰਬਾ ਪੈਡਾ ਤਹਿ ਕਰਕੇ ਵਾਇਆ ਸ਼੍ਰੀ ਅਨੰਦਪੁਰ ਸਾਹਿਬ ਕਰੀਬ 25 ਕਿਲੋਮੀਟਰ ਦਾ ਵਾਧੂ ਸਫ਼ਰ ਕਰਨਾ ਪੈਦਾ ਸੀ। ਬਰਸਾਤ ਦੇ ਦਿਨਾਂ ’ਚ ਇਨ੍ਹਾਂ ਦੋਵੇ ਇਲਾਕਿਆਂ ਦਾ ਸਬੰਧ ਆਪਸ ’ਚ ਪੂਰੀ ਤਰਾਂ ਟੁੱਟ ਜਾਂਦਾ ਸੀ, ਜਿਸ ਨਾਲ ਇਸ ਰਸਤੇ ’ਤੇ ਰੋਜ਼ਾਨਾ ਸਫ਼ਰ ਕਰਨ ਵਾਲੇ ਵਿਦਿਆਰਥੀ ਤੇ ਨੌਕਰੀ ਪੇਸ਼ਾ ਲੋਕ ਡਾਢਾ ਸੰਤਾਪ ਭੋਗ ਰਹੇ ਸਨ।
ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੇ ਯਤਨਾਂ ਸਦਕਾ ਪੰਜਾਬ ਸਰਕਾਰ ਵਲੋਂ ਇਸ ਪੁਲ ਦੀ ਮੁਰੰਮਤ ਤੇ ਪ੍ਰੋਟੈਕਸ਼ਨ ਵਰਕ ’ਤੇ 15.87 ਕਰੋੜ ਰੁਪਏ ਦੀ ਲਾਗਤ ਨਾਲ ਨਵੀਨੀਕਰਨ ਕੀਤਾ ਗਿਆ ਹੈ। ਇਸ ਪੁਲ ਦੀ ਮੁਰੰਮਤ ਮੁਕੰਮਲ ਹੋਣ ਨਾਲ ਇਲਾਕੇ ਦੇ ਲੋਕਾਂ ਨੂੰ ਆਵਾਜਾਈ ’ਚ ਵੱਡੀ ਰਾਹਤ ਮਿਲਣ ਦੀ ਉਮੀਦ ਹੈ। ਪੁਲ ਦੀ ਮਹੱਤਤਾ ਨੂੰ ਦੇਖਦਿਆਂ ਇਸ ਦੇ ਨਿਰਮਾਣ ਅਤੇ ਮੁਰੰਮਤ ਕਾਰਜਾਂ ਨੂੰ ਤੇਜ਼ੀ ਨਾਲ ਨੇਪਰੇ ਚਾੜ੍ਹਨ ਲਈ ਯਤਨ ਕੀਤੇ ਜਾ ਰਹੇ ਹਨ। ਪੁਲ ਖੁੱਲ੍ਹਣ ਨਾਲ ਨੰਗਲ, ਐਲਗਰਾਂ ਅਤੇ ਕਲਮਾ ਮੋੜ ਸਮੇਤ ਆਸ-ਪਾਸ ਦੇ ਇਲਾਕਿਆਂ ਦੇ ਵਸਨੀਕਾਂ ਨੂੰ ਆਉਣ-ਜਾਣ ’ਚ ਸਹੂਲਤ ਮਿਲੇਗੀ ਅਤੇ ਰੋਜ਼ਾਨਾ ਦੇ ਸਫ਼ਰ ’ਚ ਹੋਣ ਵਾਲੀਆਂ ਮੁਸ਼ਕਲਾਂ ਘਟਣਗੀਆਂ । ਐਲਗਰਾਂ ਪੁੱਲ ਦੀ ਮੁਰੰਮਤ ਅਤੇ ਸੁਰੱਖਿਆ ਕਾਰਜ ਇਲਾਕੇ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਵੱਲ ਇੱਕ ਅਹਿਮ ਕਦਮ ਹੈ।