ਯੋਗਾ ਦੇ ਮੈਦਾਨ ’ਚ ਨੰਨ੍ਹੇ ਖਿਡਾਰੀਆਂ ਨੇ ਗੱਡੇ ਜਿੱਤ ਦੇ ਝੰਡੇ ਯੋਗਾ ਦੇ ਮੈਦਾਨ ’ਚ ਕਾਹਨਪੁਰ ਖੂਹੀ ਦੇ ਨੰਨ੍ਹੇ ਖਿਡਾਰੀਆਂ ਨੇ ਗੱਡੇ ਜਿੱਤ ਦੇ ਝੰਡੇ
Publish Date: Sun, 15 Nov 2026 05:31 PM (IST)
Updated Date: Sun, 15 Nov 2026 05:33 PM (IST)
9 ਸੋਨ ਤੇ 3 ਚਾਂਦੀ ਦੇ ਤਗਮੇ ਜਿੱਤ ਕੇ ਵਧਾਇਆ ਮਾਣ ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ: ਮਿਹਨਤ, ਅਨੁਸ਼ਾਸਨ ਤੇ ਦ੍ਰਿੜ੍ਹ ਇਰਾਦੇ ਨਾਲ ਜਦੋਂ ਨੰਨ੍ਹੇ ਕਦਮ ਅੱਗੇ ਵਧਦੇ ਹਨ ਤਾਂ ਕਾਮਯਾਬੀ ਦੀਆਂ ਨਵੀਆਂ ਇਬਾਰਤਾਂ ਲਿਖੀਆਂ ਜਾਂਦੀਆਂ ਹਨ। ਇਸ ਦੀ ਮਿਸਾਲ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਕਾਹਨਪੁਰ ਖੂਹੀ ਦੇ ਵਿਦਿਆਰਥੀਆਂ ਨੇ ਪੇਸ਼ ਕੀਤੀ ਹੈ। 46ਵੀਆਂ ਜ਼ਿਲ੍ਹਾ ਪੱਧਰੀ ਖੇਡਾਂ ਦੇ ਯੋਗਾ ਮੁਕਾਬਲਿਆਂ ’ਚ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਨੇ ਆਪਣੀ ਬਿਹਤਰੀਨ ਖੇਡ ਕਲਾ ਤੇ ਅਭਿਆਸ ਦੇ ਦਮ ’ਤੇ 9 ਸੋਨ ਤਗਮੇ ਤੇ 3 ਚਾਂਦੀ ਦੇ ਤਗਮੇ ਜਿੱਤ ਕੇ ਨਾ ਸਿਰਫ਼ ਸਕੂਲ ਸਗੋਂ ਪੂਰੇ ਇਲਾਕੇ ਦਾ ਮਾਣ ਵਧਾਇਆ ਹੈ। ਇਸ ਮਾਣਮੱਤੀ ਪ੍ਰਾਪਤੀ ਨਾਲ ਸਕੂਲ ਅੰਦਰ ਖੁਸ਼ੀ ਤੇ ਉਤਸ਼ਾਹ ਦਾ ਮਾਹੌਲ ਬਣਿਆ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਹੈੱਡ ਟੀਚਰ ਬਲਵੀਰ ਸਿੰਘ ਨੇ ਦੱਸਿਆ ਕਿ ਵਿਦਿਆਰਥੀਆਂ ਨੇ ਯੋਗਾ ਮੁਕਾਬਲਿਆਂ ਲਈ ਲੰਮੇ ਸਮੇਂ ਤੋਂ ਪੂਰੀ ਲਗਨ ਤੇ ਨਿਯਮਤ ਅਭਿਆਸ ਕੀਤਾ ਸੀ। ਮੈਦਾਨ ’ਚ ਉਨ੍ਹਾਂ ਦੇ ਆਤਮ-ਵਿਸ਼ਵਾਸ, ਇਕਾਗਰਤਾ ਤੇ ਸਰੀਰਕ ਸੰਤੁਲਨ ਨੇ ਉਨ੍ਹਾਂ ਦੀ ਮਿਹਨਤ ਨੂੰ ਤਗਮਿਆਂ ’ਚ ਬਦਲ ਦਿੱਤਾ। ਇਸ ਸਫਲਤਾ ’ਚ ਯੋਗਾ ਇੰਚਾਰਜ ਮਾਸਟਰ ਮੋਹਣ ਸਿੰਘ ਦੀ ਸਿਖਲਾਈ ਤੇ ਹੈੱਡ ਟੀਚਰ ਬਲਵੀਰ ਸਿੰਘ ਦੀ ਅਗਵਾਈ ਨੇ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੱਧਰੀ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਦੀ ਸਟੇਟ ਪੱਧਰੀ ਖੇਡ ਮੁਕਾਬਲਿਆਂ ਲਈ ਚੋਣ ਹੋਣਾ ਸਕੂਲ ਵਾਸਤੇ ਹੋਰ ਵੀ ਮਾਣ ਵਾਲੀ ਗੱਲ ਹੈ। ਹੁਣ ਇਹ ਨੰਨ੍ਹੇ ਖਿਡਾਰੀ ਸੂਬਾ ਪੱਧਰ ’ਤੇ ਆਪਣੀ ਕਲਾ ਦਾ ਪ੍ਰਦਰਸ਼ਨ ਕਰਨ ਲਈ ਤਿਆਰੀਆਂ ’ਚ ਜੁਟਣਗੇ। ਸਕੂਲ ਅਧਿਆਪਕਾਂ ਨੇ ਆਸ ਪ੍ਰਗਟਾਈ ਕਿ ਇਹ ਵਿਦਿਆਰਥੀ ਅਗਲੇ ਪੜਾਅ ’ਤੇ ਵੀ ਆਪਣੀ ਮਿਹਨਤ ਤੇ ਖੇਡ ਭਾਵਨਾ ਨਾਲ ਨਵੀਆਂ ਉਚਾਈਆਂ ਛੂਹਣਗੇ। ਇਸ ਮੌਕੇ ਸਕੂਲ ਦੇ ਸਮੂਹ ਸਟਾਫ ਵੱਲੋਂ ਜੇਤੂ ਵਿਦਿਆਰਥੀਆਂ ਦਾ ਵਿਸ਼ੇਸ਼ ਸਨਮਾਨ ਕਰਦਿਆਂ ਉਨ੍ਹਾਂ ਨੂੰ ਵਧਾਈ ਦਿੱਤੀ ਗਈ। ਅਧਿਆਪਕਾਂ ਨੇ ਕਿਹਾ ਕਿ ਬੱਚਿਆਂ ਦੀ ਇਸ ਪ੍ਰਾਪਤੀ ਪਿੱਛੇ ਉਨ੍ਹਾਂ ਦੀ ਅਣਥੱਕ ਮਿਹਨਤ ਦੇ ਨਾਲ-ਨਾਲ ਅਧਿਆਪਕਾਂ ਦਾ ਸਹੀ ਮਾਰਗਦਰਸ਼ਨ ਵੀ ਸ਼ਾਮਲ ਹੈ। ਉਨ੍ਹਾਂ ਮਾਸਟਰ ਮੋਹਣ ਸਿੰਘ ਤੇ ਹੈੱਡ ਟੀਚਰ ਬਲਵੀਰ ਸਿੰਘ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਖਿਡਾਰੀਆਂ ਨੂੰ ਸਟੇਟ ਪੱਧਰੀ ਮੁਕਾਬਲਿਆਂ ਲਈ ਸ਼ੁਭਕਾਮਨਾਵਾਂ ਦਿੱਤੀਆਂ।