ਖੇੜਾ ਕਲਮੋਟ 'ਚ ਬਿਨਾਂ ਕਾਗਜ਼ਾਂ ਤੋਂ ਚੱਲ ਰਹੇ ਨੇ ਕਰੈਸ਼ਰ? ਖੇੜਾ ਕਲਮੋਟ 'ਚ ਬਿਨਾਂ ਕਾਗਜ਼ਾਂ ਤੋਂ ਚੱਲ ਰਹੇ ਨੇ ਕਰੈਸ਼ਰ?
Publish Date: Sun, 15 Nov 2026 05:11 PM (IST)
Updated Date: Sun, 15 Nov 2026 05:12 PM (IST)
ਮਾਈਨਿੰਗ ਵਿਭਾਗ ਨੂੰ ਕਰੈਸ਼ਰਾਂ ਦੀ ਪੂਰੀ ਜਾਣਕਾਰੀ ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ, ਨੰਗਲ : ਖੇੜਾ ਕਲਮੋਟ ’ਚ ਮਾਈਨਿੰਗ ਮਾਫੀਆ ਦੀ ਅੰਧੇਰ ਨਗਰੀ ਚੋਪਟ ਰਾਜਾ ਵਾਲੀ ਕਹਾਵਤ ਸੱਚੀ ਹੋ ਰਹੀ ਹੈ, ਇੱਥੇ ਹੁਣ ਨਾਜਾਇਜ਼ ਮਾਈਨਿੰਗ ਤੋ ਉੱਤੇ ਦੀਆਂ ਕਹਾਣੀਆਂ ਤੋਂ ਪਰਦੇ ਉਠਣੇ ਸ਼ੁਰੂ ਹੋ ਗਏ ਹਨ। ਨਾਜਾਇਜ਼ ਮਾਈਨਿੰਗ ਤਾਂ ਖੇੜਾ ਕਲਮੋਟ ਦੇ ’ਚ ਇਸ ਹੱਦ ਤੱਕ ਹੈ ਕਿ ਪਹਾੜ ਸਾਫ ਕਰਕੇ ਹੁਣ ਉੱਥੇ ਮੈਦਾਨ ਨਜ਼ਰ ਆਉਣੇ ਸ਼ੁਰੂ ਹੋ ਗਏ ਹਨ। ਪਰ ਇਸ ਤੋਂ ਵੀ ਹੈਰਾਨੀ ਦੀ ਗੱਲ ਇਹ ਹੈ ਕਿ ਖੇੜਾ ਕਲਮੋਟ ਦੇ ’ਚ ਕਰੈਸ਼ਰ ਹੀ ਬਿਨਾਂ ਆਗਿਆ, ਬਿਨਾਂ ਕਾਗਜਾਂ ਤੋਂ ਧੜੱਲੇ ਨਾਲ ਚੱਲ ਰਹੇ ਹਨ। ਜਿੱਥੇ ਕਿਸੇ ਕੋਲ ਇੱਕ ਐੱਨਓਸੀ ਨਾ ਹੋਵੇ ਤਾਂ ਮਾਈਨਿੰਗ ਵਿਭਾਗ ਕਰੈਸ਼ਰਾ ਨੂੰ ਚੱਲਣ ਨਹੀਂ ਦਿੰਦਾ, ਉਥੇ ਹੀ ਅੱਜ ਖੇੜਾ ਕਲਮੋਟ ਦੇ ’ਚ ਬਿਨ੍ਹਾਂ ਕਾਗਜ਼ਾਂ ਪੱਤਰਾਂ ਤੋਂ ਹੀ ਕਰੈਸ਼ਰ ਚੱਲ ਰਹੇ ਹਨ ਤੇ ਇਹ ਕਿਸ ਦੀ ਛਤਰ ਛਾਇਆ ਹੇਠ ਚੱਲ ਰਹੇ ਹਨ ? ਇਹ ਮਾਈਨਿੰਗ ਵਿਭਾਗ ਹੀ ਦੱਸ ਸਕਦਾ ਹੈ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਬੀਤੇ ਕੱਲ ਪੁਲਿਸ ਵੱਲੋਂ ਨਾਜਾਇਜ਼ ਮਾਈਨਿੰਗ ਕਰਦੀਆਂ ਮਸ਼ੀਨਾਂ ਤੇ ਮੁਕੱਦਮਾ ਦਰਜ ਵੀ ਕੀਤਾ ਗਿਆ ਹੈ, ਪਰ ਜੇਕਰ ਸੂਤਰਾਂ ਦੀ ਮੰਨੀਏ ਤਾਂ ਇਹ ਸਭ ਕੁਝ ਮਜਬੂਰੀ ਵਸ ਕੀਤਾ ਗਿਆ ਹੈ ਤੇ ਵੱਡੇ ਧੁਰੰਦਰ ਅਜੇ ਵੀ ਬਚੇ ਹੋਏ ਹਨ। ਇਸ ਨੂੰ ਭਾਵੇਂ ਨਸੀਬ ਕਹਿ ਲਓ ਭਾਵੇਂ ਅਫਸਰਾਂ ਦੀ ਮਿਹਰਬਾਨੀ ਕਹਿ ਲਓ ਕਿ ਉਹਨਾਂ ਦੇ ਗਲੇ ਨੂੰ ਕਿਸੇ ਨੇ ਹੱਥ ਨਹੀਂ ਪਾਇਆ ਤੇ ਜਿਥੇ ਸਤਲੁਜ ਕਰੈਸ਼ਰਾਂ ਵਲੋਂ ਉਜਾੜਿਆ ਜਾ ਰਿਹਾ ਹੈ ਉਥੇ ਹੀ ਪਹਾੜ ਵੀ ਕਰੈਸ਼ਰਾਂ ਵਲੋਂ ਹੀ ਖ਼ਤਮ ਕੀਤੇ ਜਾ ਰਹੇ ਹਨ । ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਖੇੜਾ ਕਲਮੋਟ ਦੀਆਂ ਪਹਾੜੀਆਂ ਨੂੰ ਸ਼ਿਵਾਲਕ ਦੀਆਂ ਵਾਦੀਆਂ ਦਾ ਸ਼ਿੰਗਾਰ ਕਿਹਾ ਜਾਂਦਾ ਸੀ, ਪਰ ਅੱਜ ਜੇਕਰ ਮੌਕੇ ਤੇ ਜਾ ਕੇ ਦੇਖਿਆ ਜਾਵੇ ਤਾਂ ਪਹਾੜੀਆਂ ਦੀਆਂ ਪਹਾੜੀਆਂ ਹੀ ਮਾਈਨਿੰਗ ਮਾਫੀਆ ਵੱਲੋਂ ਖਤਮ ਕਰ ਦਿੱਤੀਆਂ ਗਈਆਂ ਹਨ ਤੇ ਇਸ ਤੋਂ ਵੀ ਹੈਰਾਨੀ ਦੀ ਗੱਲ ਇਹ ਹੈ ਕਿ ਇਸ ਦੇ ’ਚ ਚੱਲ ਰਹੇ ਕਰੈਸ਼ਰਾਂ ਦੇ ਪ੍ਰਸ਼ਾਸਨ ਵੱਲੋਂ ਕਾਗਜ਼ ਵੀ ਪੁੱਛਣ ਦੀ ਹਿੰਮਤ ਨਹੀਂ ਕੀਤੀ ਜਾਂਦੀ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਪਿਛਲੇ ਦਿਨੀ ਮਾਈਨਿੰਗ ਮਾਫੀਆ ਤੋਂ ਦੁਖੀ ਹੋਏ ਪਿੰਡ ਦੇ ਲੋਕਾਂ ਨੇ ਇਕੱਠੇ ਹੋ ਕੇ ਵੀਡੀਓ ਬਣਾ ਕੇ ਸ਼ੋਸ਼ਲ ਮੀਡੀਆ ’ਤੇ ਪਾਈ ਸੀ ਕਿ ਉਨ੍ਹਾਂ ਦੀ ਪ੍ਰਸ਼ਾਸਨ ਤੇ ਪੁਲਿਸ ਵੱਲੋਂ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ ਤੇ ਇਸ ਵੀਡੀਓ ਤੋਂ ਬਾਅਦ ਕੁਝ ਰਾਜਨੀਤਿਕ ਆਗੂ ਵੀ ਮੌਕੇ ਤੇ ਪਹੁੰਚੇ ਸਨ ਤੇ ਉਨ੍ਹਾਂ ਨੇ ਨਾਜਾਇਜ਼ ਮਾਈਨਿੰਗ ਦਾ ਵਿਰੋਧ ਕੀਤਾ ਸੀ। ਕੀ ਕਹਿਣਾ ਹੈ ਮਾਈਨਿੰਗ ਵਿਭਾਗ ਦੇ ਐੱਸਡੀਓ ਦਾ ਇਸ ਸਬੰਧੀ ਜਦੋਂ ਮਾਈਨਿੰਗ ਵਿਭਾਗ ਦੇ ਐਸਡੀਓ ਨਰਿੰਦਰ ਕੁਮਾਰ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਜਾਣਕਾਰੀ ਹੈ, ਪਰ ਜਦੋਂ ਮੌਕੇ ਤੇ ਜਾਂਦੇ ਹਨ ਤਾਂ ਕਰੈਸ਼ਰ ਵੀ ਬੰਦ ਮਿਲਦਾ ਹੈ ਤੇ ਮਾਲਕ ਵੀ ਨਹੀਂ ਮਿਲਦੇ। ਉਹਨਾਂ ਨੇ ਕਿਹਾ ਕਿ ਜਦੋਂ ਵੀ ਕਰੈਸ਼ਰ ਚਲਦੇ ਪਾਏ ਗਏ ਇਨ੍ਹਾਂ ’ਤੇ ਕਾਰਵਾਈ ਕੀਤੀ ਜਾਵੇਗੀ।