ਮੁਫ਼ਤ ਅੱਖਾਂ ਦੀ ਜਾਂਚ ਤੇ ਆਪ੍ਰੇਸ਼ਨ ਕੈਂਪ ਲਾਇਆ ਧਾਮ ਝਾਂਡੀਆਂ ਕਲਾਂ ਵਿਖੇ 48ਵਾਂ ਮੁਫ਼ਤ ਅੱਖਾਂ ਦਾ ਜਾਂਚ ’ਤੇ ਆਪ੍ਰੇਸ਼ਨ ਕੈਂਪ ਲਗਾਇਆ
Publish Date: Sun, 15 Nov 2026 05:08 PM (IST)
Updated Date: Sun, 15 Nov 2026 05:09 PM (IST)
262 ਮਰੀਜ਼ਾਂ ਦੀ ਕੀਤੀ ਜਾਂਚ, 40 ਮਰੀਜ਼ਾਂ ਦੇ ਮੁਫ਼ਤ ਆਪ੍ਰੇਸ਼ਨ ਕੀਤੇ ਜਾਣਗੇ, 177 ਨੂੰ ਐਨਕਾਂ ਵੰਡੀਆਂ ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ : ਸ਼੍ਰੀ ਸਤਿਗੁਰੂ ਭੂਰੀਵਾਲੇ ਗੁਰਗੱਦੀ ਪਰੰਪਰਾ (ਗਰੀਬਦਾਸੀ ਸੰਪਰਦਾਇ) ਦੇ ਧਾਮ ਝਾਂਡੀਆਂ ਕਲਾਂ ਵਿਖੇ ਸਤਿਗੁਰੂ ਲਾਲ ਦਾਸ ਬ੍ਰਹਮਾਨੰਦ ਭੂਰੀਵਾਲੇ ਗਰੀਬਦਾਸੀ ਟਰੱਸਟ ਵੱਲੋਂ ਸਤਿਗੁਰੂ ਬ੍ਰਹਮ ਸਾਗਰ ਭੂਰੀਵਾਲੇ ਤੇ ਸਤਿਗੁਰੂ ਲਾਲ ਦਾਸ ਬ੍ਰਹਮਾਨੰਦ ਭੂਰੀਵਾਲੇ ਜੀ ਦੀ ਯਾਦ ਨੂੰ ਸਮਰਪਿਤ 48ਵਾਂ ਮੁਫ਼ਤ ਅੱਖਾਂ ਦਾ ਜਾਂਚ ਤੇ ਆਪ੍ਰੇਸ਼ਨ ਕੈਂਪ ਲਗਾਇਆ ਗਿਆ। ਮੌਜੂਦਾ ਗੱਦੀਨਸ਼ੀਨ ਵੇਦਾਂਤ ਆਚਾਰੀਆ ਸਵਾਮੀ ਚੇਤਨਾ ਨੰਦ ਭੂਰੀਵਾਲਿਆਂ ਦੀ ਰਹਿਨੁਮਾਈ ਹੇਠ ਲਗਾਏ ਗਏ ਇਸ ਕੈਂਪ ਦਾ ਉਦਘਾਟਨ ਸਵਾਮੀ ਚੇਤਨਾ ਨੰਦ ਭੂਰੀਵਾਲਿਆਂ ਨੇ ਰੀਬਨ ਕੱਟ ਕੇ ਕੀਤਾ। ਇਸ ਮੌਕੇ ਸਵਾਮੀ ਚੇਤਨਾ ਨੰਦ ਭੂਰੀਵਾਲਿਆਂ ਨੇ ਕਿਹਾ ਕਿ ਮਨੁੱਖਤਾ ਦੀ ਸੇਵਾ ਹੀ ਸਭ ਤੋਂ ਉੱਤਮ ਸੇਵਾ ਹੈ ਤੇ ਲੋੜਵੰਦਾਂ ਦੇ ਦੁੱਖਾਂ ਨੂੰ ਦੂਰ ਕਰਨ ਲਈ ਕੀਤੇ ਗਏ ਉਪਰਾਲੇ ਹੀ ਅਸਲ ਸਮਾਜ ਸੇਵਾ ਹਨ। ਉਨ੍ਹਾਂ ਕਿਹਾ ਕਿ ਅੱਖਾਂ ਮਨੁੱਖੀ ਜੀਵਨ ਦਾ ਅਨਮੋਲ ਅੰਗ ਹਨ ਤੇ ਨਜ਼ਰ ਦੀ ਸਮੱਸਿਆ ਕਾਰਨ ਕਿਸੇ ਵੀ ਵਿਅਕਤੀ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ’ਚ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੰਤਵ ਨਾਲ ਟਰੱਸਟ ਵੱਲੋਂ ਲਗਾਤਾਰ ਅਜਿਹੇ ਸਿਹਤ ਜਾਂਚ ਕੈਂਪ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਧਾਰਮਿਕ ਅਸਥਾਨਾਂ ਦੀ ਸਾਰਥਕਤਾ ਸਿਰਫ਼ ਧਾਰਮਿਕ ਸਮਾਗਮਾਂ ਤੱਕ ਸੀਮਤ ਨਹੀਂ, ਸਗੋਂ ਸਮਾਜ ਦੇ ਲੋੜਵੰਦ ਵਰਗ ਦੀ ਮਦਦ ਕਰਨਾ ਵੀ ਇਨ੍ਹਾਂ ਦਾ ਅਹਿਮ ਫਰਜ਼ ਹੈ। ਉਨ੍ਹਾਂ ਕੈਂਪ ’ਚ ਸੇਵਾਵਾਂ ਨਿਭਾਉਣ ਵਾਲੇ ਡਾਕਟਰਾਂ ਤੇ ਸਹਿਯੋਗੀਆਂ ਦਾ ਧੰਨਵਾਦ ਕਰਦਿਆਂ ਮਰੀਜ਼ਾਂ ਨੂੰ ਆਪਣੀਆਂ ਅੱਖਾਂ ਦੀ ਨਿਯਮਤ ਜਾਂਚ ਕਰਵਾਉਣ ਦੀ ਅਪੀਲ ਵੀ ਕੀਤੀ। ਕੈਂਪ ਦੌਰਾਨ ਕੁੱਲ 262 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ, ਜਿਨ੍ਹਾਂ ’ਚੋਂ 40 ਮਰੀਜ਼ਾਂ ਨੂੰ ਆਪ੍ਰੇਸ਼ਨ ਲਈ ਚੁਣਿਆ ਗਿਆ। ਇਨ੍ਹਾਂ ਮਰੀਜ਼ਾਂ ਦੇ ਮੁਫ਼ਤ ਆਪ੍ਰੇਸ਼ਨ ਸ੍ਰੀ ਸਤਿਗੁਰੂ ਲਾਲ ਦਾਸ ਬ੍ਰਹਮਾਨੰਦ ਭੂਰੀਵਾਲੇ ਗਰੀਬਦਾਸੀ ਚੈਰੀਟੇਬਲ ਆਈ ਹਸਪਤਾਲ, ਰਾਮਸਰ ਮੋਕਸ਼ ਧਾਮ ਟੱਪਰੀਆਂ ਖੁਰਦ ਵਿਖੇ ਆਧੁਨਿਕ ਮਸ਼ੀਨਾਂ ਨਾਲ ਲੈਸ ਆਪ੍ਰੇਸ਼ਨ ਥੀਏਟਰ ’ਚ ਕੀਤੇ ਜਾਣਗੇ। ਇਸ ਤੋਂ ਇਲਾਵਾ ਟਰੱਸਟ ਵੱਲੋਂ ਲੋੜਵੰਦ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਤੇ 177 ਮਰੀਜ਼ਾਂ ਨੂੰ ਐਨਕਾਂ ਵੀ ਮੁਹੱਈਆ ਕਰਵਾਈਆਂ ਗਈਆਂ। ਕੈਂਪ ’ਚ ਅੱਖਾਂ ਦੇ ਮਾਹਿਰ ਡਾਕਟਰ ਡਿੰਕੀ ਅਰੋੜਾ, ਡਾਕਟਰ ਅਮਨ ਅਰੋੜਾ ਤੇ ਦੁਆਬਾ ਆਪਟੀਕਲ ਦੇ ਡਾਕਟਰ ਹਰਬੰਸ ਲਾਲ ਨੇ ਆਪਣੀਆਂ ਸੇਵਾਵਾਂ ਪ੍ਰਦਾਨ ਕੀਤੀਆਂ। ਟਰੱਸਟ ਵੱਲੋਂ ਸਮੂਹ ਡਾਕਟਰਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਇਸ ਮੌਕੇ ਕਾਂਗਰਸ ਓ.ਬੀ.ਸੀ. ਦੇ ਜ਼ਿਲ੍ਹਾ ਪ੍ਰਧਾਨ ਕਮਲ ਚੌਹਾਨ, ਡਾਕਟਰ ਯਸ਼ਪਾਲ, ਸੁਰਿੰਦਰ ਕੁਮਾਰ, ਕਮਲਜੀਤ, ਸ਼ਾਮ ਲਾਲ ਤੇ ਹੋਰ ਸੇਵਾਦਾਰ ਹਾਜ਼ਰ ਸਨ।