ਹੌਸਲੇ ਅੱਗੇ ਹਾਰੀ ਉਮਰ, 65 ਸਾਲਾ ਰਾਜ ਕੁਮਾਰ ਨੇ ਮੈਰਾਥਨ ’ਚ ਗੱਡੇ ਝੰਡੇ ਹੌਸਲੇ ਅੱਗੇ ਉਮਰ ਹਾਰੀ, 65 ਸਾਲਾ ਰਾਜ ਕੁਮਾਰ ਨੇ ਮੈਰਾਥਨ ਵਿੱਚ ਗੱਡੇ ਝੰਡੇ
Publish Date: Sun, 15 Nov 2026 04:39 PM (IST)
Updated Date: Sun, 15 Nov 2026 04:39 PM (IST)
42.2 ਕਿਲੋਮੀਟਰ ਦੀ ਦੌੜ 5 ਘੰਟੇ 30 ਮਿੰਟ ’ਚ ਕੀਤੀ ਪੂਰੀ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਰਹਿਣ ਦਾ ਦਿੱਤਾ ਸੁਨੇਹਾ ਸੁਰਿੰਦਰ ਸਿੰਘ ਸੋਨੀ, ਪੰਜਾਬੀ ਜਾਗਰਣ, ਸ਼੍ਰੀ ਅਨੰਦਪੁਰ ਸਾਹਿਬ : 65 ਸਾਲ ਦੀ ਉਮਰ ’ਚ ਵੀ ਨੌਜਵਾਨਾਂ ਵਰਗਾ ਜੋਸ਼ ਤੇ ਜਜ਼ਬਾ ਰੱਖਣ ਵਾਲੇ ਰਾਜ ਕੁਮਾਰ ਸ਼ਰਮਾ ਨੇ ਮੈਰਾਥਨ ਦੌੜ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੂਜਾ ਸਥਾਨ ਹਾਸਲ ਕਰਕੇ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ ਹੈ। ਉਨ੍ਹਾਂ ਦੀ ਇਸ ਪ੍ਰਾਪਤੀ ਨਾਲ ਇਲਾਕੇ ’ਚ ਖੁਸ਼ੀ ਦੀ ਲਹਿਰ ਹੈ। ਸ਼ਹੀਦ ਬਾਬਾ ਦੀਪ ਸਿੰਘ ਫਾਊਂਡੇਸ਼ਨ ਵੱਲੋਂ 15 ਨਵੰਬਰ 2026 ਨੂੰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਅਸਥਾਨ ਪਹੂਵਿੰਡ, ਭਿੱਖੀਵਿੰਡ ਨੇੜੇ, ਜ਼ਿਲ੍ਹਾ ਤਰਨਤਾਰਨ ਵਿਖੇ ‘ਦਿ ਗ੍ਰੇਟ ਮਾਝਾ ਰਨ’ ਮੈਰਾਥਨ ਕਰਵਾਈ ਗਈ। ਇਸ ਮੁਕਾਬਲੇ ’ਚ ਰਾਜ ਕੁਮਾਰ ਸ਼ਰਮਾ ਨੇ 42.2 ਕਿਲੋਮੀਟਰ ਦੀ ਫੁੱਲ ਮੈਰਾਥਨ ’ਚ ਹਿੱਸਾ ਲਿਆ ਤੇ 5 ਘੰਟੇ 30 ਮਿੰਟ ’ਚ ਦੌੜ ਪੂਰੀ ਕਰਕੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸ ਤੋਂ ਪਹਿਲਾਂ ਵੀ ਉਹ ਕਈ ਮੈਰਾਥਨ ਮੁਕਾਬਲਿਆਂ ’ਚ ਜਿੱਤਾਂ ਦਰਜ ਕਰਵਾ ਚੁੱਕੇ ਹਨ। ਇਸ ਮੌਕੇ ਰਾਜ ਕੁਮਾਰ ਸ਼ਰਮਾ ਨੇ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਰਹਿਣ ਦਾ ਸੁਨੇਹਾ ਦਿੰਦਿਆਂ ਕਿਹਾ ਕਿ ਹਰ ਵਿਅਕਤੀ ਨੂੰ ਆਪਣੀ ਸਿਹਤ ਨੂੰ ਪਹਿਲ ਦੇਣੀ ਚਾਹੀਦੀ ਹੈ। ਕੰਮਕਾਜ ਤੇ ਹੋਰ ਜ਼ਿੰਮੇਵਾਰੀਆਂ ਦੇ ਨਾਲ-ਨਾਲ ਆਪਣੇ ਸਰੀਰ ਲਈ ਰੋਜ਼ਾਨਾ ਸਮਾਂ ਜ਼ਰੂਰ ਕੱਢਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਿਹਤ ਹੀ ਠੀਕ ਨਹੀਂ ਹੋਵੇਗੀ ਤਾਂ ਜ਼ਿੰਦਗੀ ’ਚ ਕਮਾਇਆ ਪੈਸਾ ਤੇ ਹੋਰ ਪ੍ਰਾਪਤੀਆਂ ਵੀ ਕਿਸੇ ਕੰਮ ਨਹੀਂ ਆਉਣਗੀਆਂ। ਉਨ੍ਹਾਂ ਲੋਕਾਂ ਨੂੰ ਰੋਜ਼ਾਨਾ ਸੈਰ, ਕਸਰਤ ਤੇ ਦੌੜ ਵਰਗੀਆਂ ਸਰੀਰਕ ਗਤੀਵਿਧੀਆਂ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਤੰਦਰੁਸਤ ਸਰੀਰ ਨਾਲ ਹੀ ਇਨਸਾਨ ਖੁਸ਼ਹਾਲ ਜੀਵਨ ਬਤੀਤ ਕਰ ਸਕਦਾ ਹੈ। ਹਮੇਸ਼ਾ ਖੁਸ਼ ਰਹੋ, ਹੱਸਦੇ-ਵੱਸਦੇ ਰਹੋ ਤੇ ਆਪਣੀ ਸਿਹਤ ਦਾ ਖਿਆਲ ਰੱਖੋ।