ਸੜਕਾਂ ’ਤੇ ਘੁੰਮਦੇ ਓਵਰਲੋਡ ਟਿੱਪਰ ਬਣ ਰਹੇ ਹਾਦਸਿਆਂ ਦਾ ਕਾਰਨ ਸੜਕਾਂ ’ਤੇ ਘੁੰਮਦੇ ਓਵਰਲੋਡ ਟਿੱਪਰ ਬਣ ਰਹੇ ਹਨ ਹਾਦਸਿਆਂ ਦਾ ਕਾਰਨ ਪ੍ਰਸ਼ਾਸਨ ਬੇਖਬਰ
Publish Date: Sun, 15 Nov 2026 04:35 PM (IST)
Updated Date: Sun, 15 Nov 2026 04:36 PM (IST)
ਨਰਿੰਦਰ ਸੈਣੀ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ: ਸ੍ਰੀ ਅਨੰਦਪੁਰ ਸਾਹਿਬ ਚੰਡੀਗੜ੍ਹ ਮੁੱਖ ਮਾਰਗ ’ਤੇ ਸ਼ਾਮ ਹੁੰਦੇ ਹੀ ਸੈਂਕੜਿਆਂ ਦੀ ਗਿਣਤੀ ’ਚ ਓਵਰਲੋਡ ਟਿੱਪਰ ਚੰਡੀਗੜ੍ਹ ਸਮੇਤ ਪੰਜਾਬ ਦੇ ਵੱਖ-ਵੱਖ ਹਿੱਸਿਆਂ ਨੂੰ ਲਾਈਨਾਂ ਲਗਾ ਕੇ ਲੰਘਦੇ ਹਨ ਜਿਸ ਨਾਲ ਕਈ ਵੱਡੇ ਹਾਦਸੇ ਵੀ ਵਾਪਰ ਚੁੱਕੇ ਹਨ, ਪਰ ਪ੍ਰਸ਼ਾਸਨ ਇਨ੍ਹਾਂ ’ਤੇ ਰੋਕ ਲਗਾਉਣ ਲਈ ਨਾ ਕਾਮਯਾਬ ਸਾਬਤ ਹੋ ਰਿਹਾ ਹੈ। ਹੈਰਾਨੀ ਦੀ ਗੱਲ ਹੈ ਕੀ ਸਮਰੱਥਾ ਤੋਂ ਕਿਤੇ ਵੱਧ ਲੋੜ ਲੈ ਕੇ ਸੜਕਾਂ ’ਤੇ ਦੌੜ ਰਹੇ ਟਿੱਪਰ ਪ੍ਰਸ਼ਾਸਨ ਨੂੰ ਦਿਖਾਈ ਹੀ ਨਹੀਂ ਦੇ ਰਹੇ ਜਦੋਂ ਕਿ ਬਹੁਤ ਗਿਣਤੀ ’ਚ ਟਿੱਪਰਾਂ ਦੀਆਂ ਨੰਬਰ ਪਲੇਟਾਂ ਵੀ ਨਹੀਂ ਹੁੰਦੀਆਂ ਜਿਸ ਕਾਰਨ ਹਾਦਸੇ ਤੋਂ ਬਾਅਦ ਇਹ ਭੱਜਣ ’ਚ ਕਾਮਯਾਬ ਹੋ ਜਾਂਦੇ ਹਨ ਤੇ ਪੁਲਿਸ ਨੂੰ ਹਾਦਸੇ ਤੋਂ ਬਾਅਦ ਨਾ ਮਾਲੂਮ ਵਾਹਨ ’ਤੇ ਮੁਕਦਮਾ ਦਰਜ ਕਰਨਾ ਪੈਂਦਾ ਹੈ। ਦੇਖਣ ’ਚ ਆਇਆ ਹੈ ਕਿ ਕਈ ਟਿੱਪਰਾਂ ਦੇ ਦਸਤਾਵੇਜ਼ ਵੀ ਪੂਰੇ ਨਹੀਂ ਹੁੰਦੇ। ਦੱਸਣ ਯੋਗ ਹੈ ਕੀ 28 ਟਨ ਦੀ ਸਮਰੱਥਾ ਵਾਲੇ 10 ਟਾਇਰੇ ਟਿੱਪਰ ’ਚ 40 ਤੋਂ 50 ਟਨ ਵਜਨ ਪਾਇਆ ਜਾਂਦਾ ਹੈ ਤੇ 35 ਟਨ ਪਾਸਿੰਗ ਵਾਲੇ ਟਿੱਪਰ ’ਚ 60 ਟਨ ਤੋਂ ਵੀ ਉੱਪਰ ਵਜਨ ਪਾ ਕੇ ਬੇਖੌਫ ਸੜਕਾਂ ’ਤੇ ਚਲਦੇ ਹਨ। ਕਈ ਵਾਰ ਓਵਰਲੋਡ ਹੋਣ ਕਾਰਨ ਟਿੱਪਰ ਡਰਾਈਵਰ ਦੇ ਕਾਬੂ ਤੋਂ ਬਾਹਰ ਹੋ ਜਾਂਦਾ ਹੈ ਤੇ ਹਾਦਸਾ ਵਾਪਰ ਜਾਂਦਾ ਹੈ। ਜੇਕਰ ਪਿਛਲੇ ਸਮੇਂ ਦੌਰਾਨ ਦੇਖੀਏ ਤਾਂ ਇਨ੍ਹਾਂ ਓਵਰਲੋਡ ਟਿੱਪਰਾਂ ਕਾਰਨ ਕਈ ਹਾਦਸੇ ਸੜਕਾਂ ’ਤੇ ਵਾਪਰੇ ਜਿਨ੍ਹਾਂ ’ਚ ਕਈ ਕੀਮਤੀ ਜਾਨਾਂ ਵੀ ਜਾ ਚੁੱਕੀਆਂ ਹਨ, ਪਰ ਪ੍ਰਸ਼ਾਸਨ ਵੱਲੋਂ ਸਿਰਫ ਖਾਨਾ ਪੂਰਤੀ ਕਰਕੇ ਸਖ਼ਤਾਈ ਕਾਗਜਾਂ ਤੱਕ ਹੀ ਸੀਮਤ ਰੱਖੀ ਜਾਂਦੀ। ਇਸ ਸਬੰਧੀ ਸਮੇਂ ਸਮੇਂ ਦੌਰਾਨ ਸ਼ੋਸ਼ਲ ਮੀਡੀਆ ਤੇ ਅਖਬਾਰਾਂ ’ਚ ਖਬਰਾਂ ਪ੍ਰਕਾਸ਼ਿਤ ਹੁੰਦੀਆਂ ਰਹਿੰਦੀਆਂ ਹਨ, ਪਰ ਅੱਜ ਤੱਕ ਇਨ੍ਹਾਂ ’ਤੇ ਰੋਕ ਨਹੀਂ ਲੱਗੀ। ਸ਼ਾਮ ਸਮੇਂ ਕੋਟਲਾ ਨਜ਼ਦੀਕ ਟੋਲ ਪਲਾਜ਼ਾ ਨਜ਼ਦੀਕ ਤੇ ਬੂੰਗਾ ਸਾਹਿਬ ਤੋਂ ਅੱਗੇ ਮੁੱਖ ਮਾਰਗ ਤੇ ਸੈਂਕੜਿਆਂ ਦੀ ਗਿਣਤੀ ’ਚ ਟਿੱਪਰ ਖੜੇ ਹੁੰਦੇ ਹਨ, ਜੋ ਕਿ ਇਕੱਠੇ ਲਾਈਨਾਂ ਬਣਾ ਕੇ ਚਲਦੇ ਹਨ। ਕਈ ਵਾਰ ਨਾਲ ਨਾਲ ਚੱਲ ਰਹੇ ਟਿੱਪਰ ਪਿੱਛੇ ਹੋਰ ਵਾਹਨਾਂ ਨੂੰ ਪਾਸ ਵੀ ਨਹੀਂ ਦਿੰਦੇ ਜਿਸ ਕਾਰਨ ਸੜਕਾਂ ’ਤੇ ਕਈ ਵਾਰ ਵਾਹਨਾਂ ਦੀਆਂ ਲਾਈਨਾਂ ਇਨ੍ਹਾਂ ਪਿੱਛੇ ਚੱਲਦੀਆਂ ਦਿਖਾਈ ਦਿੰਦੀਆਂ ਹਨ। ਖਾਸ ਕਰਕੇ ਬੜਾ ਪਿੰਡ ਨਜ਼ਦੀਕ ਚੜਾਈ ’ਚ ਸ਼ਾਮ ਸਮੇਂ ਹਮੇਸ਼ਾ ਜਾਮ ਇਨ੍ਹਾਂ ਕਰਕੇ ਲੱਗਦਾ ਹੈ। ਸਥਾਨਕ ਇਲਾਕਾ ਨਿਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਓਵਰਲੋਡ ਟਿੱਪਰਾਂ ’ਤੇ ਨਕੇਲ ਕੱਸੀ ਜਾਵੇ ਤੇ ਤੈਅਸ਼ੁਦਾ ਵਜਨ ਪਾ ਕੇ ਹੀ ਸੜਕਾਂ ’ਤੇ ਚੱਲਣ ਦਿੱਤਾ ਜਾਵੇ ਤਾਂ ਜੋ ਸੜਕਾਂ ’ਤੇ ਹੋ ਰਹੇ ਭਿਆਨਕ ਹਾਦਸਿਆਂ ਨੂੰ ਰੋਕਿਆ ਜਾ ਸਕੇ। ਇਸ ਸਬੰਧੀ ਥਾਣਾ ਮੁਖੀ ਰਾਹੁਲ ਸ਼ਰਮਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਕਾਨੂੰਨ ਨੂੰ ਤੋੜਨ ਵਾਲੇ ਵਾਹਨ ਚਾਲਕਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ।