- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੁਦਰਤੀ ਨਜ਼ਾਰਿਆਂ ਅਤੇ ਸੈਰ-ਸਪਾਟਾ ਸਥਾਨਾਂ ਦੀ ਖੂਬਸੂਰਤੀ ਨੂੰ ਗ੍ਰਹਿਣ ਲਗਾ ਰਹੇ ਹਨ ਕੁਝ ਗੈਰ ਜਿੰਮੇਵਾਰ ਸੈਲਾਨੀ

ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ : ਕੁਦਰਤ ਨੇ ਮਨੁੱਖ ਨੂੰ ਆਪਣੀ ਝੋਲੀ ’ਚ ਅਜਿਹੇ ਅਨਮੋਲ ਨਜ਼ਾਰੇ ਬਖ਼ਸ਼ੇ ਹਨ, ਜਿਨ੍ਹਾਂ ਨੂੰ ਦੇਖ ਕੇ ਮਨ ਨੂੰ ਸਕੂਨ ਮਿਲਦਾ ਹੈ ਤੇ ਰੂਹ ਨੂੰ ਇੱਕ ਵੱਖਰੀ ਤਾਜ਼ਗੀ ਦਾ ਅਹਿਸਾਸ ਹੁੰਦਾ ਹੈ। ਪਹਾੜਾਂ ਦੀਆਂ ਉੱਚੀਆਂ ਚੋਟੀਆਂ, ਵਗਦੇ ਪਾਣੀਆਂ ਦੀ ਮਧੁਰ ਆਵਾਜ਼, ਹਰੇ-ਭਰੇ ਜੰਗਲ ਤੇ ਖੁੱਲ੍ਹੀਆਂ ਵਾਦੀਆਂ ਮਨੁੱਖ ਨੂੰ ਕੁਦਰਤ ਦੇ ਨੇੜੇ ਲੈ ਜਾਂਦੀਆਂ ਹਨ। ਪਰ ਅਫ਼ਸੋਸ ਦੀ ਗੱਲ ਹੈ ਕਿ ਜਿਨ੍ਹਾਂ ਥਾਵਾਂ ਦੀ ਖੂਬਸੂਰਤੀ ਮਾਣਨ ਲਈ ਲੋਕ ਦੂਰ-ਦੁਰਾਡੇ ਤੋਂ ਪਹੁੰਚਦੇ ਹਨ, ਉਨ੍ਹਾਂ ਹੀ ਥਾਵਾਂ ਨੂੰ ਕੁਝ ਲੋਕ ਆਪਣੀ ਲਾਪਰਵਾਹੀ ਨਾਲ ਗੰਦਗੀ ਦੇ ਢੇਰਾਂ ’ਚ ਤਬਦੀਲ ਕਰ ਰਹੇ ਹਨ।
ਸੈਰ-ਸਪਾਟਾ ਸਥਾਨਾਂ ਤੇ ਕੁਦਰਤੀ ਸੈਰਗਾਹਾਂ ’ਚ ਖਾਣ-ਪੀਣ ਦੀਆਂ ਵਸਤਾਂ ਦੇ ਲਿਫ਼ਾਫ਼ੇ, ਪਲਾਸਟਿਕ ਦੀਆਂ ਬੋਤਲਾਂ, ਡਿਸਪੋਜ਼ਲ ਗਲਾਸ ਤੇ ਹੋਰ ਕੂੜਾ-ਕਰਕਟ ਖੁੱਲ੍ਹੇਆਮ ਸੁੱਟਿਆ ਜਾ ਰਿਹਾ ਹੈ। ਜਿਸ ਕੁਦਰਤ ਦੀ ਗੋਦ ’ਚ ਕੁਝ ਪਲ ਬਿਤਾਉਣ ਲਈ ਲੋਕ ਆਉਂਦੇ ਹਨ, ਉਸੇ ਦੀ ਸੁੰਦਰਤਾ ਨੂੰ ਆਪਣੇ ਹੱਥੀਂ ਵਿਗਾੜ ਕੇ ਵਾਪਸ ਪਰਤ ਜਾਂਦੇ ਹਨ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਪਿਛਲੇ ਕੁਝ ਸਮੇਂ ਤੋਂ ਸੈਲਾਨੀਆਂ ਦੀ ਆਮਦ ਵਧਣ ਦੇ ਨਾਲ-ਨਾਲ ਗੰਦਗੀ ਦੀ ਸਮੱਸਿਆ ਵੀ ਗੰਭੀਰ ਹੁੰਦੀ ਜਾ ਰਹੀ ਹੈ। ਕਈ ਸਥਾਨਾਂ ’ਤੇ ਲੋਕ ਖਾਣ-ਪੀਣ ਤੋਂ ਬਾਅਦ ਕੂੜਾ ਡਸਟਬਿਨ ’ਚ ਪਾਉਣ ਦੀ ਬਜਾਏ ਇੱਧਰ-ਉੱਧਰ ਸੁੱਟ ਦਿੰਦੇ ਹਨ। ਇਸ ਕਾਰਨ ਨਾ ਸਿਰਫ਼ ਇਨ੍ਹਾਂ ਸਥਾਨਾਂ ਦੀ ਸੁੰਦਰਤਾ ਪ੍ਰਭਾਵਿਤ ਹੋ ਰਹੀ ਹੈ, ਸਗੋਂ ਵਾਤਾਵਰਣ ਤੇ ਜੰਗਲੀ ਜੀਵਾਂ ਲਈ ਵੀ ਖ਼ਤਰਾ ਪੈਦਾ ਹੋ ਰਿਹਾ ਹੈ।
ਕੁਦਰਤੀ ਸਥਾਨ ਸਾਡੀ ਸਾਂਝੀ ਵਿਰਾਸਤ : ਪੰਕਜ ਚੇਚੀ
ਇਸ ਸਬੰਧੀ ਗੱਲਬਾਤ ਕਰਦਿਆਂ ਸਮਾਜ ਸੇਵੀ ਪੰਕਜ ਚੇਚੀ ਨੇ ਕਿਹਾ ਕਿ ਕੁਦਰਤੀ ਸਥਾਨ ਸਾਡੀ ਸਾਂਝੀ ਵਿਰਾਸਤ ਹਨ। ਇਨ੍ਹਾਂ ਦੀ ਸਾਂਭ-ਸੰਭਾਲ ਕਰਨਾ ਸਿਰਫ਼ ਸਰਕਾਰ ਜਾਂ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਨਹੀਂ, ਸਗੋਂ ਹਰੇਕ ਨਾਗਰਿਕ ਦਾ ਫ਼ਰਜ਼ ਹੈ। ਲੋਕ ਇੱਥੇ ਘੁੰਮਣ ਅਤੇ ਮਨੋਰੰਜਨ ਲਈ ਆਉਂਦੇ ਹਨ, ਪਰ ਆਪਣੇ ਪਿੱਛੇ ਗੰਦਗੀ ਛੱਡ ਜਾਂਦੇ ਹਨ, ਜੋ ਬੇਹੱਦ ਮੰਦਭਾਗੀ ਗੱਲ ਹੈ। ਉਨ੍ਹਾਂ ਕਿਹਾ ਕਿ ਕਈ ਵਾਰ ਪਰਿਵਾਰਾਂ ਸਮੇਤ ਆਉਣ ਵਾਲੇ ਲੋਕ ਵੀ ਖਾਣ-ਪੀਣ ਦੀਆਂ ਵਸਤਾਂ ਦੀ ਰਹਿੰਦ-ਖੂੰਹਦ ਖੁੱਲ੍ਹੇ ’ਚ ਸੁੱਟ ਦਿੰਦੇ ਹਨ। ਲੋਕਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਜੇਕਰ ਹਰ ਕੋਈ ਇਸੇ ਤਰ੍ਹਾਂ ਲਾਪਰਵਾਹੀ ਕਰੇਗਾ ਤਾਂ ਕੁਝ ਹੀ ਸਮੇਂ ’ਚ ਇਹ ਖੂਬਸੂਰਤ ਸਥਾਨ ਆਪਣੀ ਪਛਾਣ ਗੁਆ ਬੈਠਣਗੇ।
ਨਾ ਗਲਣ ਵਾਲਾ ਕੂੜਾ ਕੁਦਰਤੀ ਵਾਤਾਵਰਣ ਲਈ ਵੱਡਾ ਖ਼ਤਰਾ : ਡਾ. ਜੋਤਵੰਸ਼
ਮੈਡੀਕਲ ਅਫਸਰ ਡਾਕਟਰ ਜੋਤਵੰਸ਼ ਸਿੰਘ ਨੇ ਕਿਹਾ ਕਿ ਪਲਾਸਟਿਕ ਤੇ ਹੋਰ ਨਾ ਗਲਣ ਵਾਲਾ ਕੂੜਾ ਕੁਦਰਤੀ ਵਾਤਾਵਰਣ ਲਈ ਵੱਡਾ ਖ਼ਤਰਾ ਹੈ। ਇਸ ਨਾਲ ਜ਼ਮੀਨ, ਪਾਣੀ ਤੇ ਜੀਵ-ਜੰਤੂਆਂ 'ਤੇ ਮਾੜਾ ਪ੍ਰਭਾਵ ਪੈਂਦਾ ਹੈ। ਕਈ ਵਾਰ ਜੰਗਲੀ ਜੀਵ ਵੀ ਖਾਣੇ ਦੇ ਬਚੇ ਹੋਏ ਪਦਾਰਥਾਂ ਤੇ ਪਲਾਸਟਿਕ ਦੇ ਸੰਪਰਕ ’ਚ ਆ ਕੇ ਨੁਕਸਾਨ ਝੱਲਦੇ ਹਨ। ਉਨ੍ਹਾਂ ਕਿਹਾ ਕਿ ਸੈਲਾਨੀਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਨਾਲ ਲਿਆਂਦਾ ਕੂੜਾ ਵਾਪਸ ਲਿਜਾਉਣ, ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਤੋਂ ਗੁਰੇਜ਼ ਕਰਨ ਤੇ ਦੂਜਿਆਂ ਨੂੰ ਵੀ ਸਫ਼ਾਈ ਪ੍ਰਤੀ ਜਾਗਰੂਕ ਕਰਨ। ਕੁਦਰਤ ਦੀ ਸੰਭਾਲ ਲਈ ਛੋਟੀਆਂ-ਛੋਟੀਆਂ ਕੋਸ਼ਿਸ਼ਾਂ ਵੀ ਵੱਡਾ ਬਦਲਾਅ ਲਿਆ ਸਕਦੀਆਂ ਹਨ।
ਹਰ ਵਿਅਕਤੀ ਨੂੰ ਵਿਹਾਰ ’ਚ ਤਬਦੀਲੀ ਲਿਆਉਣ ਦੀ ਲੋੜ : ਪਰਵਿੰਦਰ ਭੀਮ
ਇਸ ਸਬੰਧੀ ਗੋਲਡ ਮੈਡਲਿਸਟ ਰੰਗਕਰਮੀ ਪਰਵਿੰਦਰ ਸਿੰਘ ਭੀਮ ਨੇ ਕਿਹਾ ਕਿ ਅੱਜਕੱਲ੍ਹ ਲੋਕ ਖੂਬਸੂਰਤ ਥਾਵਾਂ ’ਤੇ ਤਸਵੀਰਾਂ ਖਿੱਚਵਾਉਣ ਤੇ ਸੋਸ਼ਲ ਮੀਡੀਆ ’ਤੇ ਪਾਉਣ ਨੂੰ ਤਾਂ ਤਰਜੀਹ ਦਿੰਦੇ ਹਨ, ਪਰ ਉਨ੍ਹਾਂ ਥਾਵਾਂ ਨੂੰ ਸਾਫ਼ ਰੱਖਣ ਦੀ ਜ਼ਿੰਮੇਵਾਰੀ ਨਹੀਂ ਨਿਭਾਉਂਦੇ। ਉਨ੍ਹਾਂ ਕਿਹਾ ਕਿ ਸਿਰਫ਼ ਸਫ਼ਾਈ ਦੀਆਂ ਗੱਲਾਂ ਕਰਨ ਨਾਲ ਕੁਝ ਨਹੀਂ ਹੋਵੇਗਾ, ਸਗੋਂ ਹਰ ਵਿਅਕਤੀ ਨੂੰ ਆਪਣੇ ਵਿਹਾਰ ’ਚ ਤਬਦੀਲੀ ਲਿਆਉਣੀ ਪਵੇਗੀ। ਜੇਕਰ ਕੋਈ ਵਿਅਕਤੀ ਕਿਸੇ ਹੋਰ ਨੂੰ ਗੰਦਗੀ ਫੈਲਾਉਂਦੇ ਦੇਖਦਾ ਹੈ ਤਾਂ ਉਸ ਨੂੰ ਵੀ ਪਿਆਰ ਨਾਲ ਅਜਿਹਾ ਕਰਨ ਤੋਂ ਰੋਕਣਾ ਚਾਹੀਦਾ ਹੈ। ਜੇਕਰ ਹਰ ਨੌਜਵਾਨ ਇਸ ਮੁਹਿੰਮ ਦਾ ਹਿੱਸਾ ਬਣੇ ਤਾਂ ਕੁਦਰਤੀ ਸਥਾਨਾਂ ਦੀ ਸੁੰਦਰਤਾ ਨੂੰ ਬਰਕਰਾਰ ਰੱਖਿਆ ਜਾ ਸਕਦਾ ਹੈ।
ਕੁਦਰਤ ਦੀ ਖੂਬਸੂਰਤੀ ਨੂੰ ਆਉਣ ਵਾਲੀਆਂ ਪੀ਼ੜ੍ਹੀਆਂ ਲਈ ਸਾਂਭ ਕੇ ਰੱਖਣਾ ਸਾਡੀ ਜ਼ਿੰਮੇਵਾਰੀ : ਕਮਲ ਕਿਸ਼ੋਰ
ਗੁੱਜਰ ਮਹਾਸਭਾ ਦੇ ਪੰਜਾਬ ਪ੍ਰਧਾਨ ਕਮਲ ਕਿਸ਼ੋਰ ਰੋੜੂਆਣਾ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਵੀ ਇਸ ਪਾਸੇ ਗੰਭੀਰਤਾ ਨਾਲ ਧਿਆਨ ਦੇਣ ਦੀ ਲੋੜ ਹੈ। ਸੈਰ-ਸਪਾਟਾ ਸਥਾਨਾਂ ’ਤੇ ਢੁੱਕਵੀਂ ਗਿਣਤੀ ’ਚ ਕੂੜੇਦਾਨ ਰੱਖੇ ਜਾਣ, ਨਿਯਮਿਤ ਸਫ਼ਾਈ ਕਰਵਾਈ ਜਾਵੇ ਤੇ ਗੰਦਗੀ ਫੈਲਾਉਣ ਵਾਲਿਆਂ ਖ਼ਿਲਾਫ਼ ਜੁਰਮਾਨੇ ਦੀ ਵਿਵਸਥਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸਿਰਫ਼ ਸਫ਼ਾਈ ਮੁਹਿੰਮਾਂ ਚਲਾਉਣਾ ਕਾਫ਼ੀ ਨਹੀਂ, ਸਗੋਂ ਇਨ੍ਹਾਂ ਦੀ ਨਿਰੰਤਰ ਨਿਗਰਾਨੀ ਵੀ ਹੋਣੀ ਚਾਹੀਦੀ ਹੈ। ਇਸ ਦੇ ਨਾਲ ਸਕੂਲਾਂ, ਕਾਲਜਾਂ ਅਤੇ ਸਮਾਜਿਕ ਸੰਸਥਾਵਾਂ ਰਾਹੀਂ ਲੋਕਾਂ ਨੂੰ ਵਾਤਾਵਰਣ ਦੀ ਸੰਭਾਲ ਲਈ ਜਾਗਰੂਕ ਕੀਤਾ ਜਾਣਾ ਚਾਹੀਦਾ ਹੈ। ਕੁਦਰਤ ਦੀ ਖੂਬਸੂਰਤੀ ਸਿਰਫ਼ ਦੇਖਣ ਦੀ ਚੀਜ਼ ਨਹੀਂ, ਸਗੋਂ ਇਸ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਸੰਭਾਲ ਕੇ ਰੱਖਣਾ ਵੀ ਸਾਡੀ ਜ਼ਿੰਮੇਵਾਰੀ ਹੈ। ਲੋੜ ਹੈ ਕਿ ਅਸੀਂ ਸੈਰ-ਸਪਾਟੇ ਨੂੰ ਸਿਰਫ਼ ਮਨੋਰੰਜਨ ਤੱਕ ਸੀਮਤ ਨਾ ਰੱਖੀਏ, ਬਲਕਿ ਕੁਦਰਤ ਪ੍ਰਤੀ ਆਪਣਾ ਫ਼ਰਜ਼ ਵੀ ਨਿਭਾਈਏ। ਕਿਉਂਕਿ ਜੇਕਰ ਅਸੀਂ ਹੀ ਕੁਦਰਤ ਦੀ ਸੁੰਦਰਤਾ ਨੂੰ ਨਸ਼ਟ ਕਰਾਂਗੇ ਤਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਿਰਫ਼ ਤਸਵੀਰਾਂ ’ਚ ਹੀ ਇਹ ਨਜ਼ਾਰੇ ਦੇਖਣ ਨੂੰ ਮਿਲਣਗੇ।