ਸ੍ਰੀ ਆਨੰਦਪੁਰ ਸਾਹਿਬ ਦਾ ਸਿਆਸੀ ਪਾਰਾ ਚੜ੍ਹਿਆ ; ਮੰਤਰੀ ਬੈਂਸ ਦੇ ਬਿਆਨ ਮਗਰੋਂ ਡਾ. ਸੁਭਾਸ਼ ਸ਼ਰਮਾ ਦਾ ਜਵਾਬ ਸ੍ਰੀ ਆਨੰਦਪੁਰ ਸਾਹਿਬ ਦਾ ਸਿਆਸੀ ਪਾਰਾ ਚੜ੍ਹਿਆ; ਮੰਤਰੀ ਬੈਂਸ ਦੇ ਬਿਆਨ ਮਗਰੋਂ ਡਾ. ਸੁਭਾਸ਼ ਸ਼ਰਮਾ ਦਾ ਜਵਾਬ
Publish Date: Sun, 15 Nov 2026 03:34 PM (IST)
Updated Date: Sun, 15 Nov 2026 03:36 PM (IST)
ਮੰਤਰੀ ਨੇ ਕਿਹਾ, ਇੱਕ ਆਗੂ ਦੀ ਰਾਜਨੀਤੀ ਖ਼ਤਮ ਕਰਨੀ ਤੇ ਦੂਜੇ ਨੂੰ ਹਲਕੇ ’ਚੋਂ ਭਜਾਉਣਾ ਹੈ; ਭਾਜਪਾ ਆਗੂ ਨੇ ਫੇਸਬੁੱਕ ’ਤੇ ਲਿਖਿਆ, ‘ਇਹ ਅੰਗਦ ਦਾ ਪੈਰ ਹੈ, ਕੋਈ ਹਿਲਾ ਨਹੀਂ ਸਕਦਾ’ ਸੁਖਵਿੰਦਰ ਸੁੱਖੂ, ਪੰਜਾਬੀ ਜਾਗਰਣ, ਸ੍ਰੀ ਆਨੰਦਪੁਰ ਸਾਹਿਬ : ਵਿਧਾਨ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ’ਚ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਸਰਗਰਮੀਆਂ ਤੇਜ਼ ਹੋਣ ਦੇ ਨਾਲ ਹੀ ਆਗੂਆਂ ਦਰਮਿਆਨ ਬਿਆਨਬਾਜ਼ੀ ਦਾ ਦੌਰ ਵੀ ਸ਼ੁਰੂ ਹੋ ਗਿਆ ਹੈ। ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਇੱਕ ਸਿਆਸੀ ਆਗੂ ਦੀ ਰਾਜਨੀਤੀ ਖ਼ਤਮ ਕਰਨ ਤੇ ਦੂਜੇ ਨੂੰ ਹਲਕੇ ’ਚੋਂ ਭਜਾਉਣ ਦਾ ਪ੍ਰਣ ਲੈਣ ਸਬੰਧੀ ਦਿੱਤੇ ਬਿਆਨ ਤੋਂ ਬਾਅਦ ਭਾਜਪਾ ਦੇ ਸੂਬਾਈ ਮੀਤ ਪ੍ਰਧਾਨ ਡਾ. ਸੁਭਾਸ਼ ਸ਼ਰਮਾ ਨੇ ਸ਼ੋਸ਼ਲ ਮੀਡੀਆ ਰਾਹੀਂ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਜ਼ਿਕਰਯੋਗ ਹੈ ਕਿ ਸ਼ਨੀਵਾਰ ਨੂੰ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਸਥਾਨਕ ਭਾਈ ਜੈਤਾ ਜੀ ਸਿਵਲ ਹਸਪਤਾਲ ਵਿਖੇ 5.87 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਅਤਿ-ਆਧੁਨਿਕ ਟਰੋਮਾ ਸੈਂਟਰ ਦਾ ਨੀਂਹ ਪੱਥਰ ਰੱਖਿਆ ਸੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਇੱਕ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਨੇ ਪ੍ਰਣ ਲਿਆ ਹੈ ਕਿ ਹਲਕੇ ’ਚ ਇੱਕ ਸਿਆਸੀ ਆਗੂ ਦੀ ਰਾਜਨੀਤੀ ਖ਼ਤਮ ਕਰਨੀ ਹੈ ਤੇ ਇੱਕ ਹੋਰ ਵਿਅਕਤੀ ਨੂੰ ਹਲਕੇ ਵਿੱਚੋਂ ਭਜਾਉਣਾ ਹੈ।ਹਾਲਾਂਕਿ ਮੰਤਰੀ ਨੇ ਆਪਣੇ ਬਿਆਨ ’ਚ ਕਿਸੇ ਵੀ ਆਗੂ ਦਾ ਨਾਂ ਸਪੱਸ਼ਟ ਤੌਰ ’ਤੇ ਨਹੀਂ ਲਿਆ, ਪਰ ਸਿਆਸੀ ਹਲਕਿਆਂ ’ਚ ਇਸ ਬਿਆਨ ਨੂੰ ਵੱਖ-ਵੱਖ ਪਾਰਟੀਆਂ ਨਾਲ ਸਬੰਧਤ ਦੋ ਸਿਆਸੀ ਵਿਰੋਧੀਆਂ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਇਸ ਬਿਆਨ ਤੋਂ ਬਾਅਦ ਐਤਵਾਰ ਨੂੰ ਭਾਜਪਾ ਦੇ ਸੂਬਾਈ ਮੀਤ ਪ੍ਰਧਾਨ ਤੇ ਹਲਕੇ ’ਚ ਪਾਰਟੀ ਦੇ ਪ੍ਰਮੁੱਖ ਚਿਹਰੇ ਵਜੋਂ ਵਿਚਰ ਰਹੇ ਡਾ. ਸੁਭਾਸ਼ ਸ਼ਰਮਾ ਨੇ ਆਪਣੇ ਫੇਸਬੁੱਕ ਪੇਜ ’ਤੇ ਇੱਕ ਪੋਸਟ ਸਾਂਝੀ ਕੀਤੀ। ਉਨ੍ਹਾਂ ਆਪਣੀ ਪੋਸਟ ’ਚ ਲਿਖਿਆ, ‘ਇਹ ਅੰਗਦ ਦਾ ਪੈਰ ਹੈ, ਕੋਈ ਹਿਲਾ ਨਹੀਂ ਸਕਦਾ।’ ਡਾ. ਸ਼ਰਮਾ ਦੀ ਇਸ ਪੋਸਟ ਨੂੰ ਮੰਤਰੀ ਹਰਜੋਤ ਸਿੰਘ ਬੈਂਸ ਦੇ ਬਿਆਨ ਦੇ ਜਵਾਬ ਵਜੋਂ ਦੇਖਿਆ ਜਾ ਰਿਹਾ ਹੈ। ਭਾਵੇਂ ਉਨ੍ਹਾਂ ਨੇ ਵੀ ਆਪਣੀ ਪੋਸਟ ’ਚ ਕਿਸੇ ਦਾ ਨਾਂ ਨਹੀਂ ਲਿਆ, ਪਰ ਸਿਆਸੀ ਹਲਕਿਆਂ ’ਚ ਇਸ ਨੂੰ ਹਲਕੇ ’ਚੋਂ ਬਾਹਰ ਕੱਢਣ ਦੀ ਗੱਲ ਕਰਨ ਵਾਲਿਆਂ ਨੂੰ ਦਿੱਤਾ ਗਿਆ ਸਪੱਸ਼ਟ ਸਿਆਸੀ ਸੰਕੇਤ ਮੰਨਿਆ ਜਾ ਰਿਹਾ ਹੈ। ਦੂਜੇ ਪਾਸੇ, ਮੰਤਰੀ ਬੈਂਸ ਦੇ ਬਿਆਨ ਨੂੰ ਲੈ ਕੇ ਕਾਂਗਰਸ ਦੇ ਕਿਸੇ ਸੀਨੀਅਰ ਆਗੂ ਵੱਲੋਂ ਹਾਲੇ ਤੱਕ ਕੋਈ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ, ਜਦਕਿ ਭਾਜਪਾ ਵੱਲੋਂ ਡਾ. ਸ਼ਰਮਾ ਦੀ ਫੇਸਬੁੱਕ ਪੋਸਟ ਰਾਹੀਂ ਆਪਣਾ ਪੱਖ ਰੱਖਿਆ ਗਿਆ ਹੈ। 2027 ਦੀਆਂ ਵਿਧਾਨ ਸਭਾ ਚੋਣਾਂ ’ਚ ਅਜੇ ਸਮਾਂ ਬਾਕੀ ਹੈ, ਪਰ ਸ੍ਰੀ ਆਨੰਦਪੁਰ ਸਾਹਿਬ ਹਲਕੇ ’ਚ ਸਿਆਸੀ ਬਿਆਨਬਾਜ਼ੀ ਤੇ ਸੋਸ਼ਲ ਮੀਡੀਆ ’ਤੇ ਆ ਰਹੀਆਂ ਪ੍ਰਤੀਕਿਰਿਆਵਾਂ ਨੇ ਚੋਣਾਂ ਤੋਂ ਪਹਿਲਾਂ ਹੀ ਸਿਆਸੀ ਮਾਹੌਲ ਨੂੰ ਗਰਮਾ ਦਿੱਤਾ ਹੈ। ਆਉਣ ਵਾਲੇ ਦਿਨਾਂ ’ਚ ਇਸ ਬਿਆਨਬਾਜ਼ੀ ਦਾ ਦਾਇਰਾ ਹੋਰ ਵਧਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।