ਟਿਕਟ ਦੀ ਦੇਰੀ ’ਤੇ ਕੈਬਨਿਟ ਮੰਤਰੀ ਨੇ ਤੋੜੀ ਚੁੱਪੀ ਟਿਕਟ ਦੀ ਦੇਰੀ ’ਤੇ ਕੈਬਨਿਟ ਮੰਤਰੀ ਨੇ ਤੋੜੀ ਚੁੱਪੀ
Publish Date: Sat, 14 Nov 2026 06:31 PM (IST)
Updated Date: Sat, 14 Nov 2026 06:33 PM (IST)
ਇੱਕ ਨੂੰ ਹਲਕੇ ’ਚੋਂ ਭਜਾਉਣਾ ਹੈ ਤੇ ਦੂਜੇ ਦੀ ਰਾਜਨੀਤੀ ਖਤਮ ਕਰਨਾ ਮੇਰੀ ਪ੍ਰਤਿਗਿਆ : ਹਰਜੋਤ ਬੈਂਸ ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ, ਨੰਗਲ: ਪਿਛਲੇ ਲੰਬੇ ਅਰਸੇ ਤੋਂ ਕੈਬਨਿਟ ਮੰਤਰੀ ਹਰਜੋਤ ਸਿੰਘ ਦੇ ਖਿਲਾਫ ਰਾਜਨੀਤਿਕ ਵਿਰੋਧੀਆਂ ਵੱਲੋਂ ਕੀਤੀ ਜਾ ਰਹੀ ਦੂਸ਼ਣਬਾਜ਼ੀ ਕਿ ਉਹ ਸਾਹਨੇਵਾਲ ਤੋਂ ਚੋਣ ਲੜਨਗੇ ’ਤੇ ਆਖਰਕਾਰ ਆਪਣੀ ਚੁੱਪੀ ਤੋੜ ਦਿੱਤੀ। ਉਨ੍ਹਾਂ ਨੇ ਅੱਜ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ’ਚ ਕਿਹਾ ਕਿ ਮੇਰੀ ਟਿਕਟ ਦੀ ਚਿੰਤਾ ਨਾ ਕਰੋ। ਮੈਂ ਪ੍ਰਤਿਗਿਆ ਲਈ ਹੋਈ ਹੈ ਕਿ ਇੱਕ ਨੂੰ ਹਲਕੇ ’ਚੋਂ ਭਜਾਉਣਾ ਹੈ ਤੇ ਦੂਜੇ ਦੀ ਰਾਜਨੀਤੀ ਖਤਮ ਕਰਨੀ ਹੈ। ਉਨ੍ਹਾਂ ਨੇ ਕਿਹਾ ਕਿ ਕੁਝ ਲੋਕ ਬਾਹਰੋਂ ਆ ਕੇ ਲੋਕਲ ਲੋਕਾਂ ਨੂੰ ਡਰਾ ਰਹੇ ਹਨ ਤੇ ਉਨ੍ਹਾਂ ਨੂੰ ਵੀ ਪਤਾ ਹੈ ਕਿ ਉਨ੍ਹਾਂ ਦਾ ਹਸ਼ਰ ਕੀ ਹੋਣਾ ਹੈ। ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਪੰਜਾਬੀ ਜਾਗਰਣ ਨਾਲ ਵਿਸ਼ੇਸ਼ ਗੱਲਬਾਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਇਲਾਕੇ ਦੀ ਸੇਵਾ ਇਲਾਕੇ ਦਾ ਪੁੱਤ ਬੱਚਾ ਬਣ ਕੇ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਇਲਾਕੇ ਦੇ ’ਚ ਵਿਕਾਸ ਦੀ ਨਵੀਂ ਲਹਿਰ ਤੋਰੀ ਹੈ, ਫਿਰ ਭਾਵੇਂ ਚੰਗਰ ਦੇ ’ਚ ਪਾਣੀ ਦੀ ਮੁਸ਼ਕਿਲ ਨੂੰ ਹੱਲ ਕੀਤਾ ਹੋਵੇ ਭਾਵੇਂ ਨੰਗਲ ਦੇ ਲਟਕ ਰਹੇ ਫਲਾਈ ਓਵਰ ਨੂੰ ਸਮੇਂ ਸਿਰ ਪੂਰਾ ਕਰਕੇ ਨੰਗਲ ਨੂੰ ਤਰੱਕੀ ਦੇ ਵੱਲ ਲਿਜਾਉਣ ਦੀ ਗੱਲ ਹੋਵੇ। ਉਨ੍ਹਾਂ ਨੇ ਕਿਹਾ ਕਿ ਮੈਂ ਨੰਗਲ ਤੇ ਲੋਕਾਂ ਤੋਂ ਵੋਟ ਆਪਣੇ ਕੰਮਾਂ ਕਰਕੇ ਮੰਗਾਂਗਾ। ਉਨ੍ਹਾਂ ਨੇ ਕਿਹਾ ਕਿ ਪੰਜ ਸਾਲ ਦੇ ’ਚ ਲੋਕਾਂ ਨੇ ਸਕੂਨ ਨਾਲ ਜ਼ਿੰਦਗੀ ਬਤੀਤ ਕੀਤੀ ਹੈ, ਕਿਸੇ ਨੂੰ ਕੋਈ ਪੁਲਿਸ ਦਾ ਡਰ ਨਹੀਂ ਰਿਹਾ ਜੋ ਕਿ ਪਹਿਲਾਂ ਹੁੰਦਾ ਸੀ। ਉਨ੍ਹਾਂ ਨੇ ਕਿਹਾ ਕਿ ਮੈਂ ਲੋਕਾਂ ਦੇ ਨਾਲ ਹਾਂ ਤੇ ਮੇਰੇ ਇਲਾਕੇ ਦੇ ਲੋਕ ਮੇਰੇ ਨਾਲ ਹਨ ਤੇ ਮੈਂ ਇਨ੍ਹਾਂ ਦੋਨਾਂ ਦਾ ਬਿਸਤਰਾ ਗੋਲ ਕਰਕੇ ਹੀ ਰਹਾਂਗਾ।