ਚਾਰ ਸਾਹਿਬਜ਼ਾਦਿਆਂ ਦੀ ਕੁਰਬਾਨੀ ਨੂੰ ਸਮਰਪਿਤ ਬਾਲ ਦਿਵਸ ਵੱਖਰੇ ਅੰਦਾਜ਼ ’ਚ ਮਨਾਇਆ ਚਾਰ ਸਾਹਿਬਜ਼ਾਦਿਆਂ ਦੀ ਲਾਸਾਨੀਕੁਰਬਾਨੀ ਨੂੰ ਸਮਰਪਿਤ ਬਾਲ ਦਿਵਸ ਵੱਖਰੇ ਅੰਦਾਜ਼ ਵਿੱਚ ਮਨਾਇਆ
Publish Date: Sat, 14 Nov 2026 05:52 PM (IST)
Updated Date: Sat, 14 Nov 2026 05:54 PM (IST)
ਸੁਰਿੰਦਰ ਸਿੰਘ ਸੋਨੀ, ਪੰਜਾਬੀ ਜਾਗਰਣ, ਸ਼੍ਰੀ ਅਨੰਦਪੁਰ ਸਾਹਿਬ : ਕੇਅਰ ਵਨ ਕੇਅਰ ਆਲ ਗਰੁੱਪ ਪੰਜਾਬ-ਆਸਟਰੇਲੀਆ ਤੇ ਮਾਤਾ ਜੀਤੋ ਜੀ ਜੱਚਾ ਬੱਚਾ ਸੰਸਥਾ ਪੰਜਾਬ ਵੱਲੋਂ ਸੰਸਥਾਵਾਂ ਦੇ ਸਹਿਯੋਗ ਨਾਲ ਚਲਾਏ ਜਾ ਰਹੇ ਵਿੱਦਿਅਕ ਪ੍ਰੋਜੈਕਟਾਂ ਓਪਨ ਟਿਊਸ਼ਨ ਸਕੂਲ ਲੋਦੀਪੁਰ, ਕੀਰਤਪੁਰ ਸਾਹਿਬ, ਕੋਚਿੰਗ ਸੈਂਟਰ ਸਹੋਟਾ ਤੇ ਸਿਲਾਈ ਸੈਂਟਰ ਪਹਾੜਪੁਰ ਵਿਖੇ ਬਾਲ ਦਿਵਸ ਚਾਰ ਸਾਹਿਬਜ਼ਾਦਿਆਂ ਦੀ ਲਾਸਾਨੀ ਕੁਰਬਾਨੀ ਨੂੰ ਯਾਦ ਕਰਦਿਆਂ ਬੜੇ ਹੀ ਵਿਲੱਖਣ ਢੰਗ ਨਾਲ ਮਨਾਇਆ ਗਿਆ। ਇਸ ਮੌਕੇ ਇਲਾਕੇ ਦੇ ਪ੍ਰਸਿੱਧ ਸਮਾਜ ਸੇਵੀ ਤੇ ਮੰਡਲ ਪ੍ਰਧਾਨ ਚੌਧਰੀ ਰਤਨ ਕੁਮਾਰ ਧਨੇੜਾ, ਭਾਜਪਾ ਦੇ ਮੰਡਲ ਮੀਤ ਪ੍ਰਧਾਨ ਅਮਰ ਸਿੰਘ ਸੋਢੀ ਤੇ ਯੂਥ ਪ੍ਰਧਾਨ ਸ਼ਾਂਤਨੂੰ ਜੀ ਨੇ ਵੱਖ-ਵੱਖ ਪ੍ਰੋਜੈਕਟਾਂ ’ਚ ਪਹੁੰਚ ਕੇ ਬੱਚਿਆਂ ਨਾਲ ਖੁਸ਼ੀਆਂ ਸਾਂਝੀਆਂ ਕੀਤੀਆਂ। ਉਨ੍ਹਾਂ ਨੇ ਬੱਚਿਆਂ ਨੂੰ ਮਠਿਆਈਆਂ, ਸਟੇਸ਼ਨਰੀ ਤੇ ਲੋੜੀਂਦਾ ਸਮਾਨ ਵੰਡਿਆ। ਇਸ ਦੇ ਨਾਲ ਹੀ ਹਰ ਪ੍ਰੋਜੈਕਟ ਵਿਖੇ ਕੇਕ ਕੱਟ ਕੇ ਬਾਲ ਦਿਵਸ ਮਨਾਇਆ ਗਿਆ। ਸਮਾਜ ਸੇਵੀਆਂ ਨੇ ਬੱਚਿਆਂ ਨਾਲ ਆਪਣੇ ਜੀਵਨ ਦੇ ਤਜਰਬੇ ਸਾਂਝੇ ਕਰਦਿਆਂ ਉਨ੍ਹਾਂ ਨੂੰ ਸਮਾਜਿਕ ਬੁਰਾਈਆਂ ਤੋਂ ਦੂਰ ਰਹਿਣ, ਸਿੱਖਿਆ ਪ੍ਰਾਪਤ ਕਰਨ ਤੇ ਦੇਸ਼ ਤੇ ਸਮਾਜ ਦੀ ਬਿਹਤਰੀ ’ਚ ਆਪਣਾ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕੇਅਰ ਵਨ ਕੇਅਰ ਆਲ ਗਰੁੱਪ ਪੰਜਾਬ ਦੇ ਪ੍ਰਧਾਨ ਰਸ਼ਵਿੰਦਰ ਸਿੰਘ ਨੇ ਦੱਸਿਆ ਕਿ ਚੌਧਰੀ ਰਤਨ ਕੁਮਾਰ ਧਨੇੜਾ ਨੇ ਆਪਣੇ ਸਹਿਯੋਗੀਆਂ ਸਮੇਤ ਅਚਨਚੇਤ ਸੰਸਥਾ ਦੇ ਚੱਲ ਰਹੇ ਪ੍ਰੋਜੈਕਟਾਂ ਦਾ ਦੌਰਾ ਕੀਤਾ ਤੇ ਬੱਚਿਆਂ ਨਾਲ ਸਮਾਂ ਬਿਤਾ ਕੇ ਉਨ੍ਹਾਂ ਦਾ ਹੌਸਲਾ ਵਧਾਇਆ। ਉਨ੍ਹਾਂ ਕਿਹਾ ਕਿ ਅਜਿਹੇ ਉਪਰਾਲੇ ਬੱਚਿਆਂ ਦੇ ਮਨਾਂ ’ਚ ਆਤਮ-ਵਿਸ਼ਵਾਸ ਪੈਦਾ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਸਮਾਜ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਸਮਝਣ ’ਚ ਸਹਾਇਕ ਹੁੰਦੇ ਹਨ। ਇਸ ਮੌਕੇ ਚੌਧਰੀ ਰਤਨ ਕੁਮਾਰ ਧਨੇੜਾ ਤੇ ਹੋਰ ਸਮਾਜ ਸੇਵੀਆਂ ਨੇ ਸੰਸਥਾ ਵੱਲੋਂ ਲੋਕ ਭਲਾਈ ਲਈ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ ਤੇ ਕੇਅਰ ਵਨ ਕੇਅਰ ਆਲ ਗਰੁੱਪ ਆਸਟਰੇਲੀਆ ਦੇ ਬਾਨੀ ਡਾ. ਪਰਮਜੀਤ ਸਿੰਘ ਦਾ ਵਿਸ਼ੇਸ਼ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਅਜਿਹੀਆਂ ਸੰਸਥਾਵਾਂ ਸ੍ਰੀ ਅਨੰਦਪੁਰ ਸਾਹਿਬ ਤੇ ਚੰਗਰ ਇਲਾਕੇ ਦੀ ਵਿੱਦਿਅਕ ’ਤੇ ਸਮਾਜਿਕ ਤਰੱਕੀ ’ਚ ਅਹਿਮ ਯੋਗਦਾਨ ਪਾ ਰਹੀਆਂ ਹਨ। ਇਸ ਮੌਕੇ ਮਾਤਾ ਜੀਤੋ ਜੀ ਸੰਸਥਾ ਦੀ ਪ੍ਰਧਾਨ ਹਰਜੀਤ ਕੌਰ, ਜਗਤਾਰ ਸਿੰਘ ਦਹਿਣੀ, ਸੁਸ਼ਮਾ ਦੇਵੀ, ਡਾ. ਮੰਜੂ, ਜੋਤੀ ਰਾਣੀ, ਸੀਮਾ ਦੇਵੀ, ਸਰਪੰਚ ਭਗਤ ਰਾਮ ਸਮੇਤ ਹੋਰ ਪਤਵੰਤੇ ਹਾਜ਼ਰ ਸਨ।