ਸ੍ਰੀ ਅਨੰਦਪੁਰ ਸਾਹਿਬ ਵਿਖੇ ਬਣੇਗਾ ਅਤਿ-ਆਧੁਨਿਕ ਟਰੋਮਾ ਸੈਂਟਰ 5.87 ਕਰੋੜ ਦੀ ਲਾਗਤ ਨਾਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਬਣੇਗਾ ਅਤਿ-ਆਧੁਨਿਕ ਟਰੋਮਾ ਸੈਂਟਰ, ਹਰਜੋਤ ਬੈਂਸ ਨੇ ਰੱਖਿਆ ਨੀਂਹ ਪੱਥਰ
Publish Date: Sat, 14 Nov 2026 05:39 PM (IST)
Updated Date: Sat, 14 Nov 2026 05:42 PM (IST)
ਸਬ ਹੈਡਿੰਗ........ਹਰਜੋਤ ਬੈਂਸ ਨੇ ਰੱਖਿਆ ਨੀਂਹ ਪੱਥਰ, 5.87 ਕਰੋੜ ਦੀ ਆਵੇਗੀ ਲਾਗਤ ਸੁਰਿੰਦਰ ਸਿੰਘ ਸੋਨੀ, ਪੰਜਾਬੀ ਜਾਗਰਣ, ਸ੍ਰੀ ਅਨੰਦਪੁਰ ਸਾਹਿਬ : ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਿਹਤ ਸਹੂਲਤਾਂ ਨੂੰ ਹੋਰ ਮਜ਼ਬੂਤ ਕਰਨ ਲਈ 5.87 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਅਤਿ-ਆਧੁਨਿਕ ਟਰੋਮਾ ਸੈਂਟਰ ਦਾ ਨੀਂਹ ਪੱਥਰ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਰੱਖਿਆ ਗਿਆ। ਭਾਈ ਜੈਤਾ ਜੀ ਸਿਵਲ ਹਸਪਤਾਲ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਉਨ੍ਹਾਂ ਨੇ ਨਿਰਮਾਣ ਕਾਰਜ ਦੀ ਸ਼ੁਰੂਆਤ ਕਰਵਾਈ। ਇਸ ਟਰੋਮਾ ਸੈਂਟਰ ਦਾ ਨਿਰਮਾਣ 18 ਮਹੀਨਿਆਂ ਦੇ ਅੰਦਰ ਮੁਕੰਮਲ ਕਰਨ ਦਾ ਟੀਚਾ ਰੱਖਿਆ ਗਿਆ ਹੈ। ਇਸ ਮੌਕੇ ਸੰਬੋਧਨ ਕਰਦਿਆਂ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ 10 ਬੈੱਡਾਂ ਦੀ ਸਮਰੱਥਾ ਵਾਲਾ ਇਹ ਟਰੋਮਾ ਸੈਂਟਰ ਸ੍ਰੀ ਅਨੰਦਪੁਰ ਸਾਹਿਬ ਤੇ ਆਲੇ-ਦੁਆਲੇ ਦੇ ਇਲਾਕਿਆਂ ਦੇ ਲੋਕਾਂ ਲਈ ਵੱਡੀ ਸਹੂਲਤ ਸਾਬਤ ਹੋਵੇਗਾ। ਸੜਕ ਹਾਦਸਿਆਂ ਤੇ ਹੋਰ ਐਮਰਜੈਂਸੀ ਹਾਲਾਤਾਂ ’ਚ ਮਰੀਜ਼ਾਂ ਨੂੰ ਤੁਰੰਤ ਇਲਾਜ ਮਿਲ ਸਕੇਗਾ। ਇਸ ਪ੍ਰੋਜੈਕਟ ਲਈ ਇਮਾਰਤ ਦੇ ਨਿਰਮਾਣ ਤੋਂ ਇਲਾਵਾ 3 ਕਰੋੜ ਰੁਪਏ ਦੀ ਲਾਗਤ ਨਾਲ ਅਤਿ-ਆਧੁਨਿਕ ਮੈਡੀਕਲ ਮਸ਼ੀਨਰੀ ਤੇ ਉਪਕਰਨ ਸਥਾਪਿਤ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਟਰੋਮਾ ਸੈਂਟਰ ਦੀ ਇਮਾਰਤ ਲਗਭਗ 16,500 ਵਰਗ ਫੁੱਟ ਖੇਤਰ ’ਚ ਬਣਾਈ ਜਾਵੇਗੀ, ਜਿਸ ’ਚ ਗਰਾਊਂਡ ਫਲੋਰ ਤੇ ਪਹਿਲੀ ਮੰਜ਼ਿਲ ਹੋਵੇਗੀ। ਗਰਾਊਂਡ ਫਲੋਰ ’ਤੇ ਟਰਾਈਏਜ ਏਰੀਆ ਬਣਾਇਆ ਜਾਵੇਗਾ, ਜਿੱਥੇ ਐਮਰਜੈਂਸੀ ’ਚ ਆਉਣ ਵਾਲੇ ਮਰੀਜ਼ਾਂ ਦੀ ਮੁੱਢਲੀ ਜਾਂਚ ਕਰਕੇ ਉਨ੍ਹਾਂ ਦੀ ਹਾਲਤ ਅਨੁਸਾਰ ਇਲਾਜ ਨੂੰ ਤਰਜੀਹ ਦਿੱਤੀ ਜਾਵੇਗੀ। ਇਸ ਨਾਲ ਹਾਦਸਿਆਂ ਦੇ ਮਰੀਜ਼ਾਂ ਦਾ ਕੀਮਤੀ ਸਮਾਂ ਬਚਾਉਣ ’ਚ ਮਦਦ ਮਿਲੇਗੀ। ਇਸ ਮੌਕੇ ਨਗਰ ਕੌਂਸਲ ਪ੍ਰਧਾਨ ਹਰਜੀਤ ਸਿੰਘ ਜੀਤਾ, ਡਾ. ਸੰਜੀਵ ਗੌਤਮ, ਡੀ.ਐੱਫ.ਪੀ.ਓ. ਡਾ. ਅੰਜਲੀ ਚੌਧਰੀ, ਸੀਨੀਅਰ ਮੈਡੀਕਲ ਅਫਸਰ ਡਾ. ਹਰਿੰਦਰ ਸਿੰਘ, ਡੀ.ਐੱਸ.ਪੀ. ਜਸ਼ਨਦੀਪ ਸਿੰਘ, ਨਾਇਬ ਤਹਿਸੀਲਦਾਰ ਜਸਵਿੰਦਰ ਕੌਰ, ਚੰਨਣ ਸਿੰਘ ਪੰਮੂ ਢਿੱਲੋਂ, ਦੀਪਕ ਸੋਨੀ, ਇੰਦਰਜੀਤ ਸਿੰਘ ਅਰੋੜਾ, ਦੀਪਕ ਆਂਗਰਾਂ, ਜਤਿਨ ਕੌਸ਼ਲ, ਹਰਪਾਲ ਕੌਰ, ਮਮਤਾ ਸ਼ਰਮਾ, ਵੀਰ ਕੌਰ, ਡਾ. ਰਣਬੀਰ ਸਿੰਘ, ਡਾ. ਅਮਰਿੰਦਰ ਸਿੰਘ, ਡਾ. ਰਾਜੇਸ਼ ਬੈਂਸ, ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ, ਪਤਵੰਤੇ ਤੇ ਵੱਡੀ ਗਿਣਤੀ ’ਚ ਆਮ ਆਦਮੀ ਪਾਰਟੀ ਦੇ ਵਰਕਰ ਹਾਜ਼ਰ ਸਨ।