ਪਾਰਟੀ ਅਸੂਲਾਂ ਦੇ ਪਹਿਰੇਦਾਰ ਰਹੇ ਡਾ. ਪਵਨ ਸ਼ਰਮਾ ਭੋਗ ’ਤੇ ਵਿਸ਼ੇਸ਼ ਸ਼ਰਧਾਂਜਲੀ
Publish Date: Sat, 14 Nov 2026 05:35 PM (IST)
Updated Date: Sat, 14 Nov 2026 05:36 PM (IST)
ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ, ਨੰਗਲ: ਉਂਝ ਤਾਂ ਇਸ ਫਾਨੀ ਸੰਸਾਰ ’ਚ ਜੋ ਵੀ ਆਇਆ ਹੈ, ਉਸ ਨੇ ਇੱਕ ਦਿਨ ਚਲੇ ਹੀ ਜਾਣਾ ਹੈ। ਪਰ ਕੁਝ ਲੋਕ ਜਾਂਦੇ ਨਹੀਂ, ਉਹ ਯਾਦਾਂ ’ਚ ਵੱਸ ਜਾਂਦੇ ਹਨ। ਡਾ. ਪਵਨ ਸ਼ਰਮਾ ਅਜਿਹੀ ਹੀ ਇੱਕ ਮਿਸਾਲ ਸਨ। ਉਹ ਸਿਰਫ਼ ਇੱਕ ਡਾਕਟਰ ਨਹੀਂ ਸਨ, ਉਹ ਨੰਗਲ ਦਾ ਮਾਣ ਸਨ। ਖਿੜੇ ਮੱਥੇ ਹੱਸਦੇ-ਹੱਸਾਉਂਦੇ, ਹਰ ਇੱਕ ਦੇ ਦੁੱਖ-ਸੁੱਖ ’ਚ ਸਭ ਤੋਂ ਪਹਿਲਾਂ ਪਹੁੰਚਣ ਵਾਲੇ, ਗਰੀਬ ਹੋਵੇ ਜਾਂ ਅਮੀਰ, ਸਭ ਨੂੰ ਇੱਕੋ ਜਿਹਾ ਪਿਆਰ ’ਤੇ ਸਤਿਕਾਰ ਦੇਣ ਵਾਲੇ। ਕਮੀਜ਼-ਪਜਾਮਾ ਉਨ੍ਹਾਂ ਨੂੰ ਐਨਾ ਫੱਬਦਾ ਸੀ ਕਿ ਕਿਸੇ ਵੀ ਸਮਾਗਮ ’ਚ ਦਾਖਲ ਹੁੰਦਿਆਂ ਹੀ ਪਤਾ ਲੱਗ ਜਾਂਦਾ ਸੀ, ਨੰਗਲ ਦਾ ਮਸ਼ਹੂਰ ਡਾ. ਪਵਨ ਸ਼ਰਮਾ ਆ ਗਿਆ ਹੈ। ਮੜ੍ਹਕ ਨਾਲ ਤੁਰਨਾ, ਅੱਖਾਂ ’ਚ ਪਿਆਰ, ਗੱਲਾਂ ’ਚ ਸਚਾਈ। ਉਨ੍ਹਾਂ ਕੋਲ ਬੈਠ ਕੇ ਘੜੀ ਦਾ ਪਤਾ ਹੀ ਨਹੀਂ ਲੱਗਦਾ ਸੀ। ਗੱਲਾਂ ਛੋਟੀਆਂ ਹੁੰਦੀਆਂ, ਪਰ ਅਰਥ ਬੜੇ ਡੂੰਘੇ। ਇੰਝ ਲੱਗਦਾ ਜਿਵੇਂ ਉਹ ਗੱਲ ਨਹੀਂ ਕਰ ਰਹੇ, ਝੋਲੀ ਭਰ ਰਹੇ ਹੋਣ।ਜਦੋਂ ਨੰਗਲ ਵਿਖੇ ਫਲਾਈਓਵਰ ਦੇ ਕੰਮ ’ਚ ਦੇਰੀ ਹੋ ਰਹੀ ਸੀ ਤਾਂ ਸ਼ਹਿਰ ਵਾਸੀਆਂ ਵੱਲੋਂ ਲੜੇ ਜਾ ਰਹੇ ਸੰਘਰਸ਼ ’ਚ ਭਰਪੂਰ ਸਹਿਯੋਗ ਦਿੱਤਾ। ਉਨ੍ਹਾਂ ਦਾ ਜੀਵਨ ਸੰਘਰਸ਼ ਦੀ ਕਹਾਣੀ ਹੈ। 20 ਅਪ੍ਰੈਲ 1954 ਨੂੰ ਪਿੰਡ ਦੁਬੇਟਾ ਵਿਖੇ ਮਾਤਾ ਕ੍ਰਿਸ਼ਨਾ ਦੇਵੀ ਦੀ ਕੁੱਖੋਂ ਅਤੇ ਪਿਤਾ ਸ਼ਿਵ ਕੁਮਾਰ ਦੇ ਘਰ ਜਨਮ ਹੋਇਆ। ਘਰ ’ਚ ਅੱਤ ਦੀ ਗਰੀਬੀ ਸੀ। ਬਹੁਤ ਛੋਟੀ ਉਮਰੇ ਮਾਂ ਦਾ ਸਾਇਆ ਸਿਰ ਤੋਂ ਉੱਠ ਗਿਆ। ਪਿਤਾ ਨੇ ਬੜੀ ਮੁਸ਼ਕਿਲ ਨਾਲ ਪਾਲਿਆ ਅਤੇ ਪਿੰਡ ਦੇ ਪ੍ਰਸਿੱਧ ਕਮਿਊਨਿਸਟ ਡਾਕਟਰ ਮਹਿੰਦਰ ਪਾਲ ਗੌਤਮ ਕੋਲ ਡਾਕਟਰੀ ਸਿੱਖਣ ਲਈ ਛੱਡ ਦਿੱਤਾ। ਇਥੋਂ ਹੀ ਪਾਰਟੀ ਦੀ ਲਗਨ ਲੱਗ ਗਈ ਜੋ ਕਿ ਅੱਜ ਤੱਕ ਪਰਿਵਾਰ ਪਾਰਟੀ ਨਾਲ ਜੁੜਿਆ ਹੈ। ਦਿਨ-ਰਾਤ ਮਿਹਨਤ, ਕਿਤਾਬਾਂ ਦਾ ਅਧਿਐਨ ਅਤੇ ਗੁਰੂ ਦੀ ਸੰਗਤ ਨੇ ਉਨ੍ਹਾਂ ਨੂੰ ਡਾਕਟਰ ਬਣਾ ਦਿੱਤਾ। 1975 ’ਚ ਉਹ ਸੀਪੀਆਈਐਮ ਦੇ ਮੈਂਬਰ ਬਣੇ ਅਤੇ 1978 ’ਚ ਰੇਲਵੇ ਰੋਡ, ਨੰਗਲ ਵਿਖੇ ਆਪਣੀ ਪ੍ਰੈਕਟਿਸ ਸ਼ੁਰੂ ਕੀਤੀ। ਫਿਰ ਉਹ ਨੰਗਲ ਦੇ ਹੀ ਹੋ ਕੇ ਰਹਿ ਗਏ। ਪਰਿਵਾਰ ਉਨ੍ਹਾਂ ਦਾ ਮਾਣ ਹੈ। ਪਤਨੀ ਆਸ਼ਾ ਰਾਣੀ, ਵੱਡੇ ਪੁੱਤਰ ਡਾ. ਦਿਨੇਸ਼ ਸ਼ਰਮਾ ਜੋ ਮੋਹਾਲੀ ਵਿਖੇ ਡੈਂਟਲ ਸਰਜਨ ਵਜੋਂ ਸੇਵਾ ਕਰ ਰਹੇ ਹਨ, ਛੋਟੇ ਪੁੱਤਰ ਵਿਸ਼ਾਲ ਸ਼ੈਲੀ ਨੰਗਲ ਦੇ ਕਾਰੋਬਾਰੀ ਹਨ। ਨੂੰਹ ਸ਼ਾਲੂ ਸ਼ਰਮਾ ਚੰਡੀਗੜ੍ਹ ਦੇ ਵੱਡੇ ਕਾਲਜ ’ਚ ਪ੍ਰੋਫੈਸਰ ਹੈ, ਦੂਜੀ ਨੂੰਹ ਸੋਨੀ ਸ਼ਰਮਾ ਘਰ ਸੰਭਾਲ ਰਹੀ ਹੈ। ਪੋਤੇ-ਪੋਤੀਆਂ ਪੜ੍ਹਾਈ ’ਚ ਹੋਣਹਾਰ ਹਨ।