ਸਫ਼ਾਈ ਪ੍ਰਬੰਧਾਂ ਨੂੰ ਲੈ ਕੇ ਭਾਜਪਾ ਨੇ ਘੇਰੀ ਸਰਕਾਰ, ਡਾ. ਸੁਭਾਸ਼ ਸ਼ਰਮਾ ਨੇ ਚੁੱਕੇ ਸਵਾਲ ਸਫ਼ਾਈ ਪ੍ਰਬੰਧਾਂ ਨੂੰ ਲੈ ਕੇ ਭਾਜਪਾ ਨੇ ਘੇਰੀ ਸਰਕਾਰ, ਡਾ. ਸੁਭਾਸ਼ ਸ਼ਰਮਾ ਨੇ ਚੁੱਕੇ ਸਵਾਲ
Publish Date: Sat, 14 Nov 2026 05:33 PM (IST)
Updated Date: Sat, 14 Nov 2026 05:36 PM (IST)
ਐਵਾਰਡ ਮਿਲਣਾ ਮਾਣ ਵਾਲੀ ਗੱਲ, ਪਰ ਜ਼ਮੀਨੀ ਪੱਧਰ ’ਤੇ ਸੁਧਾਰ ਦੀ ਲੋੜ ਸੁਖਵਿੰਦਰ ਸੁੱਖੂ, ਪੰਜਾਬੀ ਜਾਗਰਣ, ਸ੍ਰੀ ਆਨੰਦਪੁਰ ਸਾਹਿਬ: ਸ਼ਹਿਰ ਦੀ ਸਫ਼ਾਈ ਵਿਵਸਥਾ ਨੂੰ ਲੈ ਕੇ ਭਾਜਪਾ ਤੇ ਆਮ ਆਦਮੀ ਪਾਰਟੀ ਦੇ ਆਗੂ ਆਹਮੋ-ਸਾਹਮਣੇ ਆ ਗਏ ਹਨ। ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਡਾ. ਸੁਭਾਸ਼ ਸ਼ਰਮਾ ਨੇ ਅੱਜ ਰਵਿਦਾਸ ਚੌਕ ’ਚ ਟੁੱਟੀਆਂ ਟਾਇਲਾਂ ਤੇ ਕੰਗ ਹਸਪਤਾਲ ਨੇੜੇ ਲੱਗੇ ਕੂੜੇ ਦੇ ਢੇਰਾਂ ਦਾ ਜਾਇਜ਼ਾ ਲੈਂਦਿਆਂ ਪੰਜਾਬ ਸਰਕਾਰ ਤੇ ਨਗਰ ਕੌਂਸਲ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕੇ। ਡਾ. ਸ਼ਰਮਾ ਨੇ ਕਿਹਾ ਕਿ ਗੁਰੂ ਨਗਰੀ ’ਚ ਥਾਂ-ਥਾਂ ਸੀਵਰੇਜ ਓਵਰਫਲੋ ਹੋ ਰਿਹਾ ਹੈ ਤੇ ਟਾਇਲਾਂ ਟੁੱਟੀਆਂ ਪਈਆਂ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਨੂੰ ਸਫ਼ਾਈ ਵਿਵਸਥਾ ’ਚ ਸੂਬੇ ਦਾ ਪਹਿਲਾ ਸਥਾਨ ਮਿਲਣਾ ਮਾਣ ਵਾਲੀ ਗੱਲ ਹੈ ਤੇ ਉਹ ਇਸ ਪ੍ਰਾਪਤੀ ਦਾ ਸਵਾਗਤ ਕਰਦੇ ਹਨ, ਪਰ ਅਵਾਰਡ ਦੇ ਨਾਲ-ਨਾਲ ਜ਼ਮੀਨੀ ਪੱਧਰ ’ਤੇ ਵੀ ਕੰਮ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਲੋਕ ਬੁਨਿਆਦੀ ਸਹੂਲਤਾਂ ਦੀ ਘਾਟ ਕਾਰਨ ਪ੍ਰੇਸ਼ਾਨ ਹਨ। ਇਸ ਮੌਕੇ ਸਾਬਕਾ ਜ਼ਿਲ੍ਹਾ ਪ੍ਰਧਾਨ ਜਤਿੰਦਰ ਸਿੰਘ ਅਠਵਾਲ, ਮੰਡਲ ਪ੍ਰਧਾਨ ਰਤਨ ਧਨੇੜਾ, ਪ੍ਰਦੀਪ ਕੋਟਲਾ,ਅਮਰ ਸੋਢੀ ਸਮੇਤ ਹੋਰ ਆਗੂ ਹਾਜ਼ਰ ਸਨ। ਭਾਜਪਾ ਦੀ ਕਾਰਵਾਈ ਸਿਆਸੀ ਸਟੰਟ : ਦਲੀਪ ਹੰਸ ਉਧਰ, ‘ਆਪ’ ਆਗੂ ਤੇ ਪੰਜਾਬ ਦਲਿਤ ਵਿਕਾਸ ਬੋਰਡ ਦੇ ਮੈਂਬਰ ਦਲੀਪ ਹੰਸ ਨੇ ਭਾਜਪਾ ਦੀ ਇਸ ਕਾਰਵਾਈ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਦਿਆਂ ਕਿਹਾ ਕਿ ਸਾਢੇ ਚਾਰ ਸਾਲਾਂ ਦੌਰਾਨ ਭਾਜਪਾ ਆਗੂ ਕਿੱਥੇ ਸਨ? ਉਨ੍ਹਾਂ ਕਿਹਾ ਕਿ ਸ਼ਹਿਰ ਨੂੰ ਸਫ਼ਾਈ ਵਿਵਸਥਾ ’ਚ ਸੂਬੇ ਦਾ ਪਹਿਲਾ ਸਥਾਨ ਮਿਲਣ ਤੋਂ ਬਾਅਦ ਵਿਰੋਧੀ ਇਸ ਪ੍ਰਾਪਤੀ ਨੂੰ ਬਰਦਾਸ਼ਤ ਨਹੀਂ ਕਰ ਰਹੇ। ਉਨ੍ਹਾਂ ਕਿਹਾ ਕਿ ਲੋਕਾਂ ਦੀ ਵੱਡੀ ਆਮਦ ਕਾਰਨ ਕੁਝ ਸਮੱਸਿਆਵਾਂ ਪੈਦਾ ਹੁੰਦੀਆਂ ਹਨ, ਪਰ ਸਰਕਾਰ ਤੇ ਪ੍ਰਸ਼ਾਸਨ ਸਫ਼ਾਈ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਲਈ ਲਗਾਤਾਰ ਯਤਨਸ਼ੀਲ ਹੈ ਤੇ ਇਸੇ ਦਾ ਨਤੀਜਾ ਹੈ ਕੇਂਦਰ ਸਰਕਾਰ ਵੱਲੋਂ ਸ੍ਰੀ ਆਨੰਦਪੁਰ ਸਾਹਿਬ ਨੂੰ ਸਫਾਈ ਵਿਵਸਥਾ ਦੇ ’ਚ ਪੰਜਾਬ ਦਾ ਪਹਿਲੇ ਨੰਬਰ ਦਾ ਸ਼ਹਿਰ ਹੋਣ ਦਾ ਅਵਾਰਡ ਦਿੱਤਾ ਗਿਆ ਹੈ।