ਬਾਲ ਦਿਵਸ ਮੌਕੇ ਕਿੰਡਰਗਾਰਟਨ ਵਿੰਗ ਦੀ ਸਪੋਰਟਸ ਮੀਟ ਮਧੂਵਨ ਵਾਟਿਕਾ ਸਕੂਲ ਵਿਖੇ ਬਾਲ ਦਿਵਸ ਮੌਕੇ ਕਿੰਡਰਗਾਰਟਨ ਵਿੰਗ ਦੀ ਸਪੋਰਟਸ ਮੀਟ ਕਰਵਾਈ
Publish Date: Sat, 14 Nov 2026 04:53 PM (IST)
Updated Date: Sat, 14 Nov 2026 04:54 PM (IST)
ਨੰਨ੍ਹੇ-ਮੁੰਨ੍ਹੇ ਬੱਚਿਆਂ ਨੇ ਵੱਖ-ਵੱਖ ਖੇਡ ਮੁਕਾਬਲਿਆਂ ’ਚ ਦਿਖਾਈ ਆਪਣੀ ਪ੍ਰਤਿਭਾ ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ : ਬੱਚਿਆਂ ਦੇ ਚਿਹਰਿਆਂ ’ਤੇ ਖਿੜੀਆਂ ਮੁਸਕਰਾਹਟਾਂ, ਖੇਡ ਮੈਦਾਨ ’ਚ ਗੂੰਜਦੀਆਂ ਤਾੜੀਆਂ ਤੇ ਜਿੱਤ ਵਾਲੇ ਜਜ਼ਬੇ ਦੇ ਮਾਹੌਲ ’ਚ ਬਾਲ ਦਿਵਸ ਦੇ ਮੌਕੇ ’ਤੇ ਮਧੂਵਨ ਵਾਟਿਕਾ ਪਬਲਿਕ ਸਕੂਲ, ਅਸਮਾਨਪੁਰ ਵਿਖੇ ਕਿੰਡਰਗਾਰਟਨ ਵਿੰਗ ਵੱਲੋਂ ਵਿਸ਼ੇਸ਼ ਸਪੋਰਟਸ ਮੀਟ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਨੰਨ੍ਹੇ-ਮੁੰਨ੍ਹੇ ਬੱਚਿਆਂ ਨੇ ਪੂਰੇ ਜੋਸ਼, ਉਤਸ਼ਾਹ ਤੇ ਖੇਡ ਭਾਵਨਾ ਨਾਲ ਵੱਖ-ਵੱਖ ਮੁਕਾਬਲਿਆਂ ’ਚ ਹਿੱਸਾ ਲੈਂਦਿਆਂ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸਮਾਗਮ ਦਾ ਮੁੱਖ ਉਦੇਸ਼ ਬੱਚਿਆਂ ’ਚ ਖੇਡਾਂ ਪ੍ਰਤੀ ਰੁਚੀ ਪੈਦਾ ਕਰਨ ਦੇ ਨਾਲ-ਨਾਲ ਉਨ੍ਹਾਂ ਅੰਦਰ ਆਤਮ-ਵਿਸ਼ਵਾਸ, ਅਨੁਸ਼ਾਸਨ, ਆਪਸੀ ਸਹਿਯੋਗ ਤੇ ਟੀਮ ਭਾਵਨਾ ਵਰਗੇ ਗੁਣਾਂ ਦਾ ਵਿਕਾਸ ਕਰਨਾ ਸੀ। ਇਸ ਮੌਕੇ ਸਕੂਲ ਦੇ ਚੇਅਰਮੈਨ ਅਮਿਤ ਚੱਢਾ, ਮੈਨੇਜਿੰਗ ਡਾਇਰੈਕਟਰ ਕੇਸ਼ਵ ਕੁਮਾਰ, ਅਮਨ ਕੁਮਾਰ ਚੱਢਾ, ਪ੍ਰਿੰਸੀਪਲ ਦੀਪਿਕਾ ਪੁਰੀ ਤੇ ਪ੍ਰਿੰਸੀਪਲ ਅਨੂ ਕੋਚਲ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਸਮਾਗਮ ਦੀ ਸ਼ੁਰੂਆਤ ਮੁੱਖ ਮਹਿਮਾਨਾਂ ਵੱਲੋਂ ਸਾਂਝੇ ਤੌਰ ’ਤੇ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਕੇ ਕੀਤੀ ਗਈ। ਇਸ ਉਪਰੰਤ ਨੰਨ੍ਹੇ ਵਿਦਿਆਰਥੀਆਂ ਨੇ ਅਨੁਸ਼ਾਸਨਬੱਧ ਮਾਰਚ ਪਾਸਟ ਕਰਦਿਆਂ ਮੁੱਖ ਮਹਿਮਾਨਾਂ ਨੂੰ ਸਲਾਮੀ ਦਿੱਤੀ। ਬੱਚਿਆਂ ਦੇ ਕਦਮਾਂ ’ਚ ਦਿਖਾਈ ਦਿੰਦਾ ਉਤਸ਼ਾਹ ਤੇ ਚਿਹਰਿਆਂ ’ਤੇ ਝਲਕਦਾ ਆਤਮ-ਵਿਸ਼ਵਾਸ ਸਮਾਗਮ ਦੀ ਖਿੱਚ ਦਾ ਵਿਸ਼ੇਸ਼ ਕੇਂਦਰ ਰਿਹਾ। ਇਸ ਮੌਕੇ ਰੰਗ-ਬਿਰੰਗੇ ਗੁਬਾਰੇ ਅਸਮਾਨ ’ਚ ਛੱਡ ਕੇ ਖੁਸ਼ੀ ਤੇ ਉਮੰਗ ਦਾ ਸੁੰਦਰ ਸੰਦੇਸ਼ ਵੀ ਦਿੱਤਾ ਗਿਆ। ਸਪੋਰਟਸ ਮੀਟ ਦੌਰਾਨ ਛੋਟੇ ਬੱਚਿਆਂ ਲਈ ਕਈ ਦਿਲਚਸਪ ਤੇ ਮਨੋਰੰਜਕ ਖੇਡ ਮੁਕਾਬਲੇ ਕਰਵਾਏ ਗਏ। ਇਨ੍ਹਾਂ ’ਚ ਬੱਚਿਆਂ ਨੇ ਪੂਰੀ ਸਰਗਰਮੀ ਨਾਲ ਭਾਗ ਲੈਂਦਿਆਂ ਆਪਣੀ ਖੇਡ ਕਲਾ ਦਾ ਪ੍ਰਦਰਸ਼ਨ ਕੀਤਾ। ਮੁਕਾਬਲਿਆਂ ਦੌਰਾਨ ਕਿਤੇ ਜਿੱਤ ਦੀ ਖੁਸ਼ੀ ਤੇ ਕਿਤੇ ਅਗਲੀ ਵਾਰ ਬਿਹਤਰ ਕਰਨ ਦਾ ਜਜ਼ਬਾ ਦੇਖਣ ਨੂੰ ਮਿਲਿਆ। ਖ਼ਾਸ ਤੌਰ ’ਤੇ ਸੈਕ ਰੇਸ ਸਮੇਤ ਵੱਖ-ਵੱਖ ਖੇਡਾਂ ’ਚ ਬੱਚਿਆਂ ਦੀ ਭਾਗੀਦਾਰੀ ਨੇ ਦਰਸ਼ਕਾਂ ਦਾ ਮਨ ਮੋਹ ਲਿਆ। ਸਮਾਗਮ ਦੇ ਅੰਤ ’ਚ ਵੱਖ-ਵੱਖ ਖੇਡ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਮੈਡਲ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਕੂਲ ਦੇ ਚੇਅਰਮੈਨ ਅਮਿਤ ਚੱਢਾ ਨੇ ਬੱਚਿਆਂ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਕਿਹਾ ਕਿ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵੀ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਬੇਹੱਦ ਜ਼ਰੂਰੀ ਹਨ। ਖੇਡਾਂ ਨਾ ਸਿਰਫ਼ ਸ਼ਰੀਰਕ ਤੰਦਰੁਸਤੀ ਨੂੰ ਬਰਕਰਾਰ ਰੱਖਦੀਆਂ ਹਨ, ਸਗੋਂ ਬੱਚਿਆਂ ’ਚ ਆਤਮ-ਵਿਸ਼ਵਾਸ, ਅਨੁਸ਼ਾਸਨ, ਸਹਿਣਸ਼ੀਲਤਾ ਤੇ ਮਿਲ-ਜੁਲ ਕੇ ਕੰਮ ਕਰਨ ਦੀ ਭਾਵਨਾ ਵੀ ਪੈਦਾ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮ ਬੱਚਿਆਂ ਦੀਆਂ ਅੰਦਰੂਨੀ ਪ੍ਰਤਿਭਾਵਾਂ ਨੂੰ ਨਿਖਾਰਨ ਤੇ ਉਨ੍ਹਾਂ ਨੂੰ ਆਪਣੀ ਯੋਗਤਾ ਦਾ ਪ੍ਰਦਰਸ਼ਨ ਕਰਨ ਲਈ ਇੱਕ ਸੁਚੱਜਾ ਮੰਚ ਪ੍ਰਦਾਨ ਕਰਦੇ ਹਨ।