ਪੋਸਟਰ ਪਾੜਨ ਨਾਲ ਲੋਕਾਂ ਦੇ ਦਿਲਾਂ ’ਚੋਂ ਕਿਸੇ ਆਗੂ ਦੀ ਜਗ੍ਹਾ ਨਹੀਂ ਮਿਟਾਈ ਜਾ ਸਕਦੀ : ਰਜਨੀਸ਼ ਜੋਸ਼ੀ ਪੋਸਟਰ ਪਾੜਨ ਨਾਲ ਲੋਕਾਂ ਦੇ ਦਿਲਾਂ ਵਿੱਚੋਂ ਕਿਸੇ ਆਗੂ ਦੀ ਜਗ੍ਹਾ ਨਹੀਂ ਮਿਟਾਈ ਜਾ ਸਕਦੀ : ਰਜਨੀਸ਼ ਜੋਸ਼ੀ
Publish Date: Sat, 14 Nov 2026 04:21 PM (IST)
Updated Date: Sat, 14 Nov 2026 04:24 PM (IST)
ਲੋਕਤੰਤਰ ’ਚ ਵਿਰੋਧ ਕਰਨ ਦਾ ਹੱਕ ਸਭ ਨੂੰ ਪਰ ਦੂਜਿਆਂ ਦੀ ਵਿਚਾਰਧਾਰਾ ਤੇ ਸਿਆਸੀ ਸਰਗਰਮੀਆਂ ਨੂੰ ਨੁਕਸਾਨ ਪਹੁੰਚਾਉਣਾ ਬਰਦਾਸ਼ਤਯੋਗ ਨਹੀਂ ਜੰਗ ਬਹਾਦਰ ਸਿੰਘ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ : ਭਾਰਤੀ ਜਨਤਾ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਸੁਭਾਸ਼ ਸ਼ਰਮਾ ਦੇ ਪੋਸਟਰ ਸ਼ਰਾਰਤੀ ਅਨਸਰਾਂ ਵੱਲੋਂ ਪਾੜੇ ਜਾਣ ਦੀ ਘਟਨਾ ਦੀ ਸਖ਼ਤ ਸ਼ਬਦਾਂ ’ਚ ਨਿਖੇਧੀ ਕਰਦਿਆਂ ਭਾਜਪਾ ਦੇ ਸੀਨੀਅਰ ਆਗੂ, ਸਾਬਕਾ ਮੰਡਲ ਪ੍ਰਧਾਨ ਤੇ ਨਗਰ ਪੰਚਾਇਤ ਕੀਰਤਪੁਰ ਸਾਹਿਬ ਦੇ ਮੌਜੂਦਾ ਐੱਮਸੀ ਰਜਨੀਸ਼ ਜੋਸ਼ੀ ਨੇ ਕਿਹਾ ਕਿ ਅਜਿਹੀਆਂ ਹਰਕਤਾਂ ਤੰਗ ਮਾਨਸਿਕਤਾ ਤੇ ਘਟੀਆ ਸੋਚ ਵਾਲੇ ਵਿਅਕਤੀਆਂ ਦੀਆਂ ਨਿਸ਼ਾਨੀਆਂ ਹਨ। ਉਨ੍ਹਾਂ ਕਿਹਾ ਕਿ ਸਿਆਸੀ ਖੇਤਰ ’ਚ ਵਿਚਾਰਧਾਰਕ ਮਤਭੇਦ ਹੋਣਾ ਸੁਭਾਵਿਕ ਗੱਲ ਹੈ ਤੇ ਲੋਕਤੰਤਰ ’ਚ ਹਰ ਵਿਅਕਤੀ ਨੂੰ ਆਪਣੀ ਗੱਲ ਰੱਖਣ ਤੇ ਕਿਸੇ ਵੀ ਪਾਰਟੀ ਜਾਂ ਆਗੂ ਦੀ ਨੀਤੀ ਨਾਲ ਅਸਹਿਮਤੀ ਪ੍ਰਗਟਾਉਣ ਦਾ ਪੂਰਾ ਅਧਿਕਾਰ ਹੈ, ਪਰ ਇਸ ਦਾ ਮਤਲਬ ਇਹ ਨਹੀਂ ਕਿ ਕੋਈ ਵਿਅਕਤੀ ਨਿੱਜੀ ਖੁੰਦਕ ਜਾਂ ਸਿਆਸੀ ਰੰਜਿਸ਼ ਕਾਰਨ ਦੂਜਿਆਂ ਦੇ ਪੋਸਟਰ ਪਾੜਨ ਵਰਗੀਆਂ ਘਟੀਆ ਹਰਕਤਾਂ ’ਤੇ ਉਤਰ ਆਵੇ। ਰਜਨੀਸ਼ ਜੋਸ਼ੀ ਨੇ ਕਿਹਾ ਕਿ ਕਿਸੇ ਆਗੂ ਦੀ ਲੋਕਾਂ ’ਚ ਵਧ ਰਹੀ ਪਛਾਣ, ਸਿਆਸੀ ਸਰਗਰਮੀ ਤੇ ਲੋਕਪ੍ਰਿਅਤਾ ਤੋਂ ਘਬਰਾਉਣ ਵਾਲੇ ਲੋਕ ਹੀ ਅਜਿਹੀਆਂ ਕੋਝੀਆਂ ਹਰਕਤਾਂ ਕਰਦੇ ਹਨ। ਉਨ੍ਹਾਂ ਕਿਹਾ ਕਿ ਪੋਸਟਰ ਪਾੜਨ ਨਾਲ ਨਾ ਤਾਂ ਕਿਸੇ ਆਗੂ ਦੀ ਸੋਚ ਨੂੰ ਖ਼ਤਮ ਕੀਤਾ ਜਾ ਸਕਦਾ ਹੈ ਤੇ ਨਾ ਹੀ ਉਸ ਦੀ ਲੋਕਾਂ ’ਚ ਬਣੀ ਪਛਾਣ ਨੂੰ ਮਿਟਾਇਆ ਜਾ ਸਕਦਾ ਹੈ। ਜੇਕਰ ਕਿਸੇ ਨੂੰ ਸੁਭਾਸ਼ ਸ਼ਰਮਾ ਜਾਂ ਭਾਰਤੀ ਜਨਤਾ ਪਾਰਟੀ ਦੀ ਵਿਚਾਰਧਾਰਾ ਨਾਲ ਕੋਈ ਇਤਰਾਜ਼ ਹੈ ਤਾਂ ਉਹ ਆਪਣਾ ਵਿਰੋਧ ਲੋਕਤੰਤਰਿਕ ਢੰਗ ਨਾਲ ਦਰਜ ਕਰਵਾਏ। ਅਜਿਹੀਆਂ ਸ਼ਰਾਰਤਾਂ ਕਰਕੇ ਸਮਾਜ ’ਚ ਨਫ਼ਰਤ ਤੇ ਆਪਸੀ ਤਣਾਅ ਦਾ ਮਾਹੌਲ ਪੈਦਾ ਕਰਨਾ ਕਿਸੇ ਵੀ ਪੱਖੋਂ ਉਚਿਤ ਨਹੀਂ ਹੈ। ਉਨ੍ਹਾਂ ਅੱਗੇ ਕਿਹਾ ਕਿ ਸਿਆਸੀ ਵਿਰੋਧ ਆਪਣੀ ਜਗ੍ਹਾ ਹੈ, ਪਰ ਸਿਆਸੀ ਸ਼ਿਸ਼ਟਾਚਾਰ ਤੇ ਸਮਾਜਿਕ ਮਰਿਆਦਾ ਨੂੰ ਕਾਇਮ ਰੱਖਣਾ ਹਰ ਵਿਅਕਤੀ ਦੀ ਜ਼ਿੰਮੇਵਾਰੀ ਹੈ। ਅਜਿਹੀਆਂ ਘਟਨਾਵਾਂ ਸਿਰਫ਼ ਇੱਕ ਪਾਰਟੀ ਜਾਂ ਆਗੂ ਦਾ ਹੀ ਨਹੀਂ, ਸਗੋਂ ਲੋਕਤੰਤਰਿਕ ਕਦਰਾਂ-ਕੀਮਤਾਂ ਦਾ ਵੀ ਅਪਮਾਨ ਹਨ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਘਟਨਾ ਨੂੰ ਗੰਭੀਰਤਾ ਨਾਲ ਲੈਂਦਿਆਂ ਜਾਂਚ ਕਰਵਾਈ ਜਾਵੇ ਤੇ ਪੋਸਟਰ ਪਾੜਨ ਵਾਲੇ ਸ਼ਰਾਰਤੀ ਅਨਸਰਾਂ ਦੀ ਪਛਾਣ ਕਰਕੇ ਉਨ੍ਹਾਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ, ਤਾਂ ਜੋ ਭਵਿੱਖ ’ਚ ਕੋਈ ਵੀ ਅਜਿਹੀ ਹਰਕਤ ਕਰਨ ਦੀ ਹਿੰਮਤ ਨਾ ਕਰ ਸਕੇ।