- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੜਕ ਹਾਦਸੇ ਵਿੱਚ ਕਾਰ ਸਵਾਰ ਦੋ ਔਰਤਾਂ ਅਤੇ ਦੋ ਛੋਟੀਆਂ ਬੱਚੀਆਂ ਜ਼ਖ਼ਮੀ

ਨਰਿੰਦਰ ਸੈਣੀ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ : ਸ਼ੁੱਕਰਵਾਰ ਸ਼ਾਮ ਨੂੰ ਸ੍ਰੀ ਕੀਰਤਪੁਰ ਸਾਹਿਬ ਮੰਡੀ ਮੁੱਖ ਕੌਮੀ ਮਾਰਗ 205 ’ਤੇ ਬਾਹੱਦ ਪਿੰਡ ਕਲਿਆਣਪੁਰ ਨੇੜੇ ਪਿੰਡ ਦਬੂੜ ਡਿਵਾਈਡਰ ਕੱਟ ’ਤੇ ਵਾਪਰੇ ਸੜਕ ਹਾਦਸੇ ’ਚ ਇੱਕ ਮਹਿੰਦਰਾ ਟੀਯੂਵੀ 300 ਕਾਰ ਦੇ ਹਾਈਵਾ ਟਿੱਪਰ ਦੀ ਲਪੇਟ ’ਚ ਆਉਣ ਕਾਰਨ ਕਾਰ ਸਵਾਰ ਦੋ ਔਰਤਾਂ ਤੇ ਦੋ ਛੋਟੀਆਂ ਬੱਚੀਆਂ ਦੇ ਜ਼ਖ਼ਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।
ਘਟਨਾ ਸਥਾਨ ’ਤੇ ਮੌਜੂਦ ਮਹਿੰਦਰਾ ਟੀਯੂਵੀ 300 ਕਾਰ ਦੇ ਚਾਲਕ ਬੰਟੀ ਨੇ ਦੱਸਿਆ ਕਿ ਉਹ ਮਾਤਾ ਨੈਣਾ ਦੇਵੀ ਜੀ ਮੰਦਰ ਦੇ ਇੱਕ ਪੁਜਾਰੀ ਦੇ ਪਰਿਵਾਰ ਨੂੰ ਲੈ ਕੇ ਬਿਲਾਸਪੁਰ ਤੋਂ ਚੰਡੀਗੜ੍ਹ ਨੂੰ ਜਾ ਰਿਹਾ ਸੀ। ਇਸ ਦੌਰਾਨ ਜਦੋਂ ਉਹ ਪਿੰਡ ਦਬੂੜ ਦੇ ਡਿਵਾਈਡਰ ਕੱਟ ਨੇੜੇ ਪਹੁੰਚੇ ਤਾਂ ਕਾਰ ਦੇ ਅੱਗੇ ਜਾ ਰਹੇ ਇੱਕ ਹਾਈਵਾ ਟਿੱਪਰ ਚਾਲਕ ਨੇ ਅਚਾਨਕ ਡਿਵਾਈਡਰ ਕੱਟ ਤੋਂ ਯੂ-ਟਰਨ ਲੈ ਲਿਆ। ਉਸ ਨੇ ਬ੍ਰੇਕ ਲਗਾ ਕੇ ਬਚਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਇਸ ਦੇ ਬਾਵਜੂਦ ਉਸ ਦੀ ਕਾਰ ਟਿੱਪਰ ਨਾਲ ਜਾ ਟਕਰਾਈ। ਜਿਸ ਕਾਰਨ ਕਾਰ ਸਵਾਰ ਦੋ ਔਰਤਾਂ ਤੇ ਦੋ ਛੋਟੀਆਂ ਬੱਚੀਆਂ ਨੂੰ ਕਾਫ਼ੀ ਗੰਭੀਰ ਸੱਟਾਂ ਲੱਗੀਆਂ।
ਹਾਦਸੇ ਤੋਂ ਬਾਅਦ ਮੌਕੇ ’ਤੇ ਇਕੱਠੇ ਹੋਏ ਸਥਾਨਕ ਲੋਕਾਂ ਨੇ ਤੁਰੰਤ ਸਾਰੇ ਜ਼ਖ਼ਮੀਆਂ ਨੂੰ ਹਾਦਸਾਗ੍ਰਸਤ ਕਾਰ ’ਚੋਂ ਬਾਹਰ ਕੱਢਿਆ ਤੇ ਇੱਕ ਨਿੱਜੀ ਵਾਹਨ ਰਾਹੀਂ ਇਲਾਜ ਲਈ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਪਹੁੰਚਾਇਆ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਥਾਣਾ ਸ੍ਰੀ ਕੀਰਤਪੁਰ ਸਾਹਿਬ ਦੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਸੂਚਨਾ ਮਿਲਣ ਤੋਂ ਬਾਅਦ ਮੌਕੇ ਉੱਪਰ ਥਾਣਾ ਸ਼੍ਰੀ ਕੀਰਤਪੁਰ ਸਾਹਿਬ ਦੇ ਐਸਐਚਓ ਇੰਸਪੈਕਟਰ ਰਾਹੁਲ ਸ਼ਰਮਾ ਅਤੇ ਏਐਸਆਈ ਗੁਰਮੀਤ ਸਿੰਘ ਪੁਲੀਸ ਪਾਰਟੀ ਨਾਲ ਪੁੱਜੇ ਤੇ ਉਨ੍ਹਾਂ ਵੱਲੋਂ ਘਟਨਾ ਸਥਾਨ ਦਾ ਜਾਇਜ਼ਾ ਲਿਆ ਤੇ ਦੋਵੇਂ ਵਾਹਨਾ ਨੂੰ ਆਪਣੇ ਕਬਜ਼ੇ ’ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।