ਵਿਦਿਆਰਥੀ ਪ੍ਰਦਰਸ਼ਨੀ ’ਚ ਬੱਚਿਆਂ ਨੇ ਦਿਖਾਈ ਆਪਣੀ ਪ੍ਰਤਿਭਾ ਬਲਾਕ ਪੱਧਰੀ ਵਿਦਿਆਰਥੀ ਪ੍ਰਦਰਸ਼ਨੀ ਵਿੱਚ ਬੱਚਿਆਂ ਨੇ ਦਿਖਾਈ ਆਪਣੀ ਪ੍ਰਤਿਭਾ
Publish Date: Thu, 12 Nov 2026 06:30 PM (IST)
Updated Date: Thu, 12 Nov 2026 06:33 PM (IST)
ਸੁਰਿੰਦਰ ਸਿੰਘ ਸੋਨੀ, ਪੰਜਾਬੀ ਜਾਗਰਣ, ਸ਼੍ਰੀ ਅਨੰਦਪੁਰ ਸਾਹਿਬ : ਪੀ.ਐੱਮ. ਸ਼੍ਰੀ ਸ਼ਹੀਦ ਸਿਪਾਹੀ ਪਰਗਨ ਸਿੰਘ ਸਰਕਾਰੀ ਹਾਈ ਸਕੂਲ ਮਟੌਰ ਵਿਖੇ ਬਲਾਕ ਸ੍ਰੀ ਅਨੰਦਪੁਰ ਸਾਹਿਬ ਦੇ ਵੱਖ-ਵੱਖ ਸਰਕਾਰੀ ਮਿਡਲ, ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਛੇਵੀਂ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਦੀ ਬਲਾਕ ਪੱਧਰੀ ਪ੍ਰਦਰਸ਼ਨੀ ਤੇ ਮੁਕਾਬਲੇ ਕਰਵਾਏ ਗਏ। ਇਸ ’ਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲੈਂਦਿਆਂ ਆਪਣੇ ਮਾਡਲਾਂ ਤੇ ਪ੍ਰੋਜੈਕਟਾਂ ਰਾਹੀਂ ਪ੍ਰਤਿਭਾ, ਸਿਰਜਣਾਤਮਕ ਸੋਚ ਤੇ ਗਿਆਨ ਦਾ ਪ੍ਰਦਰਸ਼ਨ ਕੀਤਾ। ਇਹ ਮੁਕਾਬਲੇ ਤਿੰਨ ਥੀਮਾਂ ਅਧੀਨ ਕਰਵਾਏ ਗਏ, ਜਿਨ੍ਹਾਂ ’ਚ ਅਸਲ ਜੀਵਨ ’ਚ ਗਿਆਨ ਦੀ ਵਰਤੋਂ, ਕਲਾ ਏਕੀਕ੍ਰਿਤ ਸਿੱਖਿਆ ਤੇ ਭਾਰਤੀ ਵਿਰਾਸਤ ਦੇ ਅਤੀਤ, ਵਰਤਮਾਨ ਤੇ ਭਵਿੱਖ ਦਾ ਸੁਮੇਲ ਸ਼ਾਮਲ ਸਨ। ਵਿਦਿਆਰਥੀਆਂ ਨੇ ਆਪਣੇ ਪ੍ਰੋਜੈਕਟਾਂ ਦੀ ਵਿਸਥਾਰਪੂਰਵਕ ਜਾਣਕਾਰੀ ਵੀ ਸਾਂਝੀ ਕੀਤੀ। ਮੁਕਾਬਲਿਆਂ ਦਾ ਮੁਲਾਂਕਣ ਜਸਵਿੰਦਰ ਸਿੰਘ, ਕਮਲਜੀਤ ਸਿੰਘ ਤੇ ਰਾਜੀਵ ਕੁਮਾਰ ਵੱਲੋਂ ਕੀਤਾ ਗਿਆ। ਜੱਜਾਂ ਨੇ ਨਿਰਧਾਰਤ ਮਾਪਦੰਡਾਂ ਅਨੁਸਾਰ ਵਿਦਿਆਰਥੀਆਂ ਦੀਆਂ ਪੇਸ਼ਕਾਰੀਆਂ ਦਾ ਮੁਲਾਂਕਣ ਕਰਕੇ ਹਰੇਕ ਥੀਮ ’ਚੋਂ ਪਹਿਲੇ, ਦੂਜੇ ਤੇ ਤੀਜੇ ਸਥਾਨ ਲਈ ਵਿਦਿਆਰਥੀਆਂ ਦੀ ਚੋਣ ਕੀਤੀ। ਜੇਤੂ ਵਿਦਿਆਰਥੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਸਕੂਲ ਦੇ ਮੁੱਖ ਅਧਿਆਪਕ ਗੁਰਜਤਿੰਦਰ ਪਾਲ ਸਿੰਘ ਨੇ ਕੀਤੀ। ਉਨ੍ਹਾਂ ਕਿਹਾ ਕਿ ਅਜਿਹੇ ਮੁਕਾਬਲੇ ਵਿਦਿਆਰਥੀਆਂ ’ਚ ਆਤਮ-ਵਿਸ਼ਵਾਸ, ਨਵੀਂ ਸੋਚ ਤੇ ਵਿਹਾਰਕ ਗਿਆਨ ਦਾ ਵਿਕਾਸ ਕਰਦੇ ਹਨ। ਮੰਚ ਸੰਚਾਲਨ ਕੁਲਵੰਤ ਸਿੰਘ ਵੱਲੋਂ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਸਕੂਲਾਂ ਦੇ ਅਧਿਆਪਕਾਂ ਸਮੇਤ ਸਕੂਲ ਦਾ ਸਮੂਹ ਸਟਾਫ਼ ਹਾਜ਼ਰ ਸੀ। ਅੰਤ ’ਚ ਮੁੱਖ ਅਧਿਆਪਕ ਤੇ ਸਟਾਫ਼ ਵੱਲੋਂ ਸਾਰਿਆਂ ਦਾ ਧੰਨਵਾਦ ਕੀਤਾ ਗਿਆ।