ਐਵਾਰਡ ਦੀ ਚਮਕ ਪਿੱਛੇ ਗੰਦਗੀ ਦੀ ਹਕੀਕਤ, ਖੋਲਾਂਗੇ ਪੋਲ : ਧਨੇੜਾ ਐਵਾਰਡ ਦੀ ਚਮਕ ਪਿੱਛੇ ਗੰਦਗੀ ਦੀ ਹਕੀਕਤ, ਆਰਟੀਆਈ ਰਾਹੀਂ ਖੋਲਾਂਗੇ ਪੋਲ : ਧਨੇੜਾ
Publish Date: Thu, 12 Nov 2026 04:43 PM (IST)
Updated Date: Thu, 12 Nov 2026 04:45 PM (IST)
ਸੁਰਿੰਦਰ ਸਿੰਘ ਸੋਨੀ, ਪੰਜਾਬੀ ਜਾਗਰਣ, ਸ੍ਰੀ ਅਨੰਦਪੁਰ ਸਾਹਿਬ : ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਨੂੰ ਸੂਬੇ ਭਰ ਵਿੱਚੋਂ ਸਾਫ਼-ਸੁਥਰੇ ਸ਼ਹਿਰ ਵਜੋਂ ਪਹਿਲਾ ਸਥਾਨ ਮਿਲਣ ’ਤੇ ਵਿਸ਼ੇਸ਼ ਐਵਾਰਡ ਪ੍ਰਦਾਨ ਕੀਤੇ ਜਾਣ ਨੂੰ ਲੈ ਕੇ ਸਿਆਸੀ ਵਿਵਾਦ ਖੜ੍ਹਾ ਹੋ ਗਿਆ ਹੈ। ਭਾਰਤੀ ਜਨਤਾ ਪਾਰਟੀ ਦੇ ਮੰਡਲ ਪ੍ਰਧਾਨ ਰਤਨ ਕੁਮਾਰ ਧਨੇੜਾ ਨੇ ਇਸ ਐਵਾਰਡ ’ਤੇ ਸਵਾਲ ਚੁੱਕਦਿਆਂ ਇਸ ਨੂੰ ਸ਼ਹਿਰ ਵਾਸੀਆਂ ਨਾਲ ਕੋਝਾ ਮਜ਼ਾਕ ਕਰਾਰ ਦਿੱਤਾ ਹੈ। ਧਨੇੜਾ ਨੇ ਕਿਹਾ ਕਿ ਬੀਤੇ ਦਿਨੀਂ ਮਾਣਯੋਗ ਰਾਸ਼ਟਰਪਤੀ ਵੱਲੋਂ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਤੇ ਨਗਰ ਕੌਂਸਲ ਸ੍ਰੀ ਅਨੰਦਪੁਰ ਸਾਹਿਬ ਦੇ ਪ੍ਰਧਾਨ ਹਰਜੀਤ ਸਿੰਘ ਜੀਤਾ ਨੂੰ ਇਹ ਵਿਸ਼ੇਸ਼ ਐਵਾਰਡ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਸ਼ਹਿਰ ਦੀ ਅਸਲ ਸਥਿਤੀ ਇਸ ਐਵਾਰਡ ਦੇ ਬਿਲਕੁਲ ਉਲਟ ਹੈ। ਸ਼ਹਿਰ ਦੀ ਕੋਈ ਵੀ ਗਲੀ ਜਾਂ ਸੜਕ ਅਜਿਹੀ ਨਹੀਂ ਜਿੱਥੇ ਸਫ਼ਾਈ ਦੇ ਪੁਖ਼ਤਾ ਪ੍ਰਬੰਧ ਨਜ਼ਰ ਆਉਂਦੇ ਹੋਣ। ਉਨ੍ਹਾਂ ਖ਼ਾਸ ਤੌਰ ’ਤੇ ਕਚਹਿਰੀ ਰੋਡ ਦੀ ਉਦਾਹਰਣ ਦਿੰਦਿਆਂ ਕਿਹਾ ਕਿ ਇੱਥੇ ਸਰਕਾਰੀ ਸਕੂਲ, ਸਰਕਾਰੀ ਹਸਪਤਾਲ ਤੇ ਮਾਤਾ ਨੈਣਾ ਦੇਵੀ ਮੰਦਰ ਨੂੰ ਜਾਣ ਵਾਲਾ ਰਸਤਾ ਹੋਣ ਦੇ ਬਾਵਜੂਦ ਹਰ ਸਮੇਂ ਕੂੜੇ ਦੇ ਢੇਰ ਲੱਗੇ ਰਹਿੰਦੇ ਹਨ। ਵੱਡੇ ਅਧਿਕਾਰੀਆਂ ਦੀ ਆਵਾਜਾਈ ਵਾਲੀ ਇਸ ਸੜਕ ਦੀ ਮਾੜੀ ਹਾਲਤ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਕਰਦੀ ਹੈ। ਉਨ੍ਹਾਂ ਕਿਹਾ ਕਿ ਜਿਸ ਸ਼ਹਿਰ ’ਚ ਬਰਸਾਤੀ ਪਾਣੀ ਦੀ ਨਿਕਾਸੀ ਦਾ ਕੋਈ ਢੁੱਕਵਾਂ ਪ੍ਰਬੰਧ ਨਾ ਹੋਵੇ ਤੇ ਥੋੜ੍ਹੀ ਜਿਹੀ ਬਾਰਿਸ਼ ਹੋਣ ’ਤੇ ਹੀ ਕਿਸ਼ਤੀਆਂ ਚੱਲਣ ਵਰਗਾ ਮਾਹੌਲ ਬਣ ਜਾਵੇ, ਉਸ ਨੂੰ ਸਾਫ਼-ਸੁਥਰਾ ਸ਼ਹਿਰ ਕਿਵੇਂ ਕਿਹਾ ਜਾ ਸਕਦਾ ਹੈ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਰਗੇ ਪਵਿੱਤਰ ਅਸਥਾਨ ਦੇ ਆਲੇ-ਦੁਆਲੇ ਪਾਣੀ ਭਰ ਜਾਣ ਕਾਰਨ ਸ਼ਰਧਾਲੂਆਂ ਨੂੰ ਗੁਰੂ ਘਰ ਤੱਕ ਜਾਣ ਲਈ ਰਸਤਾ ਲੱਭਣਾ ਮੁਸ਼ਕਲ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪੂਰੇ ਸ਼ਹਿਰ ’ਚ ਮਿੱਟੀ-ਘੱਟਾ, ਗੰਦਗੀ, ਅਵਾਰਾ ਪਸ਼ੂਆਂ ਤੇ ਅਵਾਰਾ ਕੁੱਤਿਆਂ ਦਾ ਬੋਲਬਾਲਾ ਹੈ। ਉਨ੍ਹਾਂ ਤਨਜ਼ ਕੱਸਦਿਆਂ ਕਿਹਾ ਕਿ ਜੇਕਰ ਅਜਿਹੇ ਹਾਲਾਤ ਵਾਲੇ ਸ਼ਹਿਰ ਨੂੰ ਪੰਜਾਬ ਦਾ ਸਭ ਤੋਂ ਸੋਹਣਾ ਤੇ ਸਾਫ਼-ਸੁਥਰਾ ਸ਼ਹਿਰ ਐਲਾਨਿਆ ਗਿਆ ਹੈ ਤਾਂ ਬਾਕੀ ਸ਼ਹਿਰਾਂ ਦੀ ਹਾਲਤ ਦਾ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ। ਧਨੇੜਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਕਈ ਥਾਵਾਂ ’ਤੇ ਆਪਣੇ ਪੱਧਰ ’ਤੇ ਜੇਸੀਬੀ ਮਸ਼ੀਨ ਤੇ ਟਰੈਕਟਰ-ਟਰਾਲੀਆਂ ਦਾ ਪ੍ਰਬੰਧ ਕਰਕੇ ਸਫ਼ਾਈ ਕਰਵਾਈ ਗਈ ਹੈ। ਉਨ੍ਹਾਂ ਕਿਹਾ ਕਿ ਇਹ ਨਗਰ ਕੌਂਸਲ ਤੇ ਸਰਕਾਰੀ ਅਧਿਕਾਰੀਆਂ ਦੀ ਕਾਰਗੁਜ਼ਾਰੀ ’ਤੇ ਵੱਡਾ ਸਵਾਲ ਹੈ। ਅੰਤ ’ਚ ਉਨ੍ਹਾਂ ਕਿਹਾ ਕਿ ਇਹ ਐਵਾਰਡ ਕਿਸ ਆਧਾਰ ’ਤੇ ਦਿੱਤਾ ਗਿਆ ਤੇ ਸਫ਼ਾਈ ਸਬੰਧੀ ਸਰਵੇ ਕਿਸ ਤਰ੍ਹਾਂ ਕੀਤਾ ਗਿਆ, ਇਸ ਬਾਰੇ ਉਹ ਸੂਚਨਾ ਦੇ ਅਧਿਕਾਰ ਤਹਿਤ ਆਰਟੀਆਈ ਪਾ ਕੇ ਪੂਰੀ ਜਾਣਕਾਰੀ ਪ੍ਰਾਪਤ ਕਰਨਗੇ ਤੇ ਇਸ ਮਾਮਲੇ ਸਬੰਧੀ ਤੱਥਾਂ ਸਮੇਤ ਖੁਲਾਸੇ ਲੋਕਾਂ ਸਾਹਮਣੇ ਰੱਖਣਗੇ।