ਦਿਨੇਸ਼ ਚੱਢਾ ਦੇ ਯਤਨਾਂ ਸਦਕਾ ਇਲਾਕੇ ਨੂੰ ਮਿਲੇਗਾ 30 ਬੈੱਡਾਂ ਦੇ ਨਵੇਂ ਹਸਪਤਾਲ ਦਾ ਤੋਹਫ਼ਾ ਵਿਧਾਇਕ ਦਿਨੇਸ਼ ਚੱਢਾ ਦੇ ਯਤਨਾਂ ਸਦਕਾ ਨੂਰਪੁਰਬੇਦੀ ਇਲਾਕੇ ਨੂੰ ਮਿਲੇਗਾ 30 ਬੈੱਡਾਂ ਦੇ ਨਵੇਂ ਹਸਪਤਾਲ ਦਾ ਤੋਹਫ਼ਾ
Publish Date: Thu, 12 Nov 2026 04:40 PM (IST)
Updated Date: Thu, 12 Nov 2026 04:42 PM (IST)
ਝਾਂਡੀਆਂ ਕਲਾਂ ਵਿਖੇ ਹਸਪਤਾਲ ਦੀ ਉਸਾਰੀ ਲਈ 13.62 ਕਰੋੜ ਰੁਪਏ ਦੀ ਪ੍ਰਸ਼ਾਸਕੀ ਪ੍ਰਵਾਨਗੀ ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ: ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਦੇ ਨਿਰੰਤਰ ਯਤਨਾਂ ਸਦਕਾ ਨੂਰਪੁਰਬੇਦੀ ਇਲਾਕੇ ਨੂੰ ਇੱਕ ਹੋਰ ਵੱਡਾ ਵਿਕਾਸਮਈ ਤੋਹਫ਼ਾ ਮਿਲਣ ਜਾ ਰਿਹਾ ਹੈ। ਧਾਮ ਝਾਂਡੀਆਂ ਕਲਾਂ ਵਿਖੇ 30 ਬੈੱਡਾਂ ਦਾ ਆਧੁਨਿਕ ਹਸਪਤਾਲ ਬਣਾਉਣ ਲਈ ਪੰਜਾਬ ਸਰਕਾਰ ਵੱਲੋਂ 13 ਕਰੋੜ 62 ਲੱਖ 47 ਹਜ਼ਾਰ ਰੁਪਏ ਦੀ ਪ੍ਰਸ਼ਾਸਕੀ ਪ੍ਰਵਾਨਗੀ ਦਿੱਤੀ ਗਈ ਹੈ। ਇਸ ਮਹੱਤਵਪੂਰਨ ਫ਼ੈਸਲੇ ਨਾਲ ਇਲਾਕੇ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਦੇ ਖੇਤਰ ’ਚ ਵੱਡੀ ਰਾਹਤ ਮਿਲਣ ਦੀ ਉਮੀਦ ਜਾਗੀ ਹੈ। ਇਸ ਸਬੰਧੀ ਪੰਜਾਬ ਸਰਕਾਰ ਦੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਜਾਰੀ ਪੱਤਰ ਅਨੁਸਾਰ ਪਿੰਡ ਝਾਂਡੀਆਂ ਕਲਾਂ ਵਿਖੇ 30 ਬੈੱਡਾਂ ਵਾਲੇ ਕਮਿਊਨਿਟੀ ਹੈਲਥ ਸੈਂਟਰ ਦੀ ਉਸਾਰੀ ਲਈ 1362.47 ਲੱਖ ਰੁਪਏ ਦੀ ਪ੍ਰਵਾਨਗੀ ਦਿੱਤੀ ਗਈ ਹੈ। ਇਹ ਪ੍ਰਾਜੈਕਟ ਇਲਾਕੇ ਦੇ ਸਿਹਤ ਢਾਂਚੇ ਨੂੰ ਮਜ਼ਬੂਤ ਕਰਨ ਵੱਲ ਇੱਕ ਅਹਿਮ ਕਦਮ ਸਾਬਤ ਹੋਵੇਗਾ। ਇਸ ਪ੍ਰਾਪਤੀ ’ਤੇ ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਸ੍ਰੀ ਵੇਦਾਂਤ ਆਚਾਰਿਆ ਸਵਾਮੀ ਚੇਤਨਾ ਨੰਦ ਜੀ ਮਹਾਰਾਜ ਭੂਰੀਵਾਲਿਆਂ ਦੀ ਅਪਾਰ ਕਿਰਪਾ ਸਦਕਾ ਇਹ ਕਾਰਜ ਨੇਪਰੇ ਚੜ੍ਹਨ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਲਾਕੇ ਦੇ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣਾ ਉਨ੍ਹਾਂ ਦੀ ਪਹਿਲ ਰਹੀ ਹੈ ਤੇ ਇਸ ਦਿਸ਼ਾ ’ਚ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਵਿਧਾਇਕ ਚੱਢਾ ਨੇ ਕਿਹਾ ਕਿ ਹੁਣ ਨੂਰਪੁਰਬੇਦੀ ਬਲਾਕ ’ਚ ਇੱਕ ਨਹੀਂ, ਸਗੋਂ ਦੋ ਹਸਪਤਾਲ ਹੋਣਗੇ, ਜਿਸ ਨਾਲ ਆਮ ਲੋਕਾਂ ਨੂੰ ਇਲਾਜ ਲਈ ਦੂਰ-ਦੁਰਾਡੇ ਦੇ ਸ਼ਹਿਰਾਂ ਵੱਲ ਭੱਜਣ ਦੀ ਮਜਬੂਰੀ ਤੋਂ ਕਾਫ਼ੀ ਹੱਦ ਤੱਕ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਵਿਕਾਸ ਦਾ ਅਸਲ ਮਕਸਦ ਸਿਰਫ਼ ਇਮਾਰਤਾਂ ਖੜ੍ਹੀਆਂ ਕਰਨਾ ਨਹੀਂ, ਸਗੋਂ ਲੋਕਾਂ ਦੇ ਜੀਵਨ ’ਚ ਸੁਖਾਲਾਪਣ ਲਿਆਉਣਾ ਹੈ। ਝਾਂਡੀਆਂ ਕਲਾਂ ਵਿਖੇ ਬਣਨ ਜਾ ਰਿਹਾ ਇਹ ਹਸਪਤਾਲ ਆਉਣ ਵਾਲੇ ਸਮੇਂ ’ਚ ਇਲਾਕੇ ਦੇ ਲੋਕਾਂ ਲਈ ਸਿਹਤ ਤੇ ਉਮੀਦ ਦਾ ਨਵਾਂ ਚਾਨਣ ਬਣੇਗਾ।