ਮਨੁੱਖਤਾ ਦੀ ਸੇਵਾ ਹੀ ਸਭ ਤੋਂ ਵੱਡੀ ਦਿਆਲਤਾ ਮਨੁੱਖਤਾ ਦੀ ਸੇਵਾ ਹੀ ਸਭ ਤੋਂ ਵੱਡੀ ਦਿਆਲਤਾ: ਲੋੜਵੰਦਾਂ ਦੀ ਮਦਦ ਲਈ ਅੱਗੇ ਆਉਣ ਲੋਕ
Publish Date: Thu, 12 Nov 2026 04:28 PM (IST)
Updated Date: Thu, 12 Nov 2026 04:30 PM (IST)
ਲੋੜਵੰਦਾਂ ਦੀ ਮਦਦ ਲਈ ਅੱਗੇ ਆਉਣ ਲੋਕ ਸੁਰਿੰਦਰ ਸਿੰਘ ਸੋਨੀ, ਪੰਜਾਬੀ ਜਾਗਰਣ, ਸ਼੍ਰੀ ਅਨੰਦਪੁਰ ਸਾਹਿਬ : ਮਨੁੱਖਤਾ ਦੀ ਸੇਵਾ ਕਰਨਾ ਦੁਨੀਆ ਦਾ ਸਭ ਤੋਂ ਉੱਤਮ ਕਾਰਜ ਹੈ। ਕਿਸੇ ਲੋੜਵੰਦ ਦੀ ਮਦਦ ਕਰਨਾ, ਦੁਖੀ ਵਿਅਕਤੀ ਦੇ ਦੁੱਖ ’ਚ ਸ਼ਰੀਕ ਹੋਣਾ ਤੇ ਕਿਸੇ ਬੇਸਹਾਰਾ ਦੇ ਚਿਹਰੇ ’ਤੇ ਮੁਸਕਾਨ ਲਿਆਉਣਾ ਹੀ ਅਸਲ ਦਿਆਲਤਾ ਹੈ। ਅਜੋਕੇ ਸਮੇਂ ’ਚ ਜਦੋਂ ਸਮਾਜ ਵੱਖ-ਵੱਖ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ, ਅਜਿਹੇ ’ਚ ਮਨੁੱਖਤਾ, ਹਮਦਰਦੀ ਤੇ ਆਪਸੀ ਸਹਿਯੋਗ ਦੀ ਭਾਵਨਾ ਨੂੰ ਮਜ਼ਬੂਤ ਕਰਨਾ ਬੇਹੱਦ ਜ਼ਰੂਰੀ ਹੈ। ਸਮਾਜ ਸੇਵੀ ਤੇ ਭਾਜਪਾ ਆਗੂ ਅਮਰ ਸੋਢੀ ਨੇ ਕਿਹਾ ਕਿ ਸਮਾਜ ਦੀ ਅਸਲ ਤਰੱਕੀ ਸਿਰਫ਼ ਆਰਥਿਕ ਵਿਕਾਸ ਨਾਲ ਨਹੀਂ, ਸਗੋਂ ਲੋਕਾਂ ਦੇ ਆਪਸੀ ਪਿਆਰ, ਸਤਿਕਾਰ ਤੇ ਇੱਕ-ਦੂਜੇ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਨਾਲ ਹੁੰਦੀ ਹੈ। ਉਨ੍ਹਾਂ ਕਿਹਾ ਕਿ ਹਰ ਸਮਰੱਥ ਵਿਅਕਤੀ ਨੂੰ ਆਪਣੇ ਆਲੇ-ਦੁਆਲੇ ਰਹਿੰਦੇ ਲੋੜਵੰਦ ਪਰਿਵਾਰਾਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ। ਛੋਟਾ ਜਿਹਾ ਸਹਿਯੋਗ ਵੀ ਕਿਸੇ ਲੋੜਵੰਦ ਦੀ ਜ਼ਿੰਦਗੀ ’ਚ ਵੱਡਾ ਬਦਲਾਅ ਲਿਆ ਸਕਦਾ ਹੈ। ਡਾ. ਸਾਰੀਕਾ ਜਸਵਾਲ ਨੇ ਕਿਹਾ ਕਿ ਦਿਆਲਤਾ ਦਾ ਸਿਹਤ ਤੇ ਸਮਾਜ ਦੋਵਾਂ ਨਾਲ ਡੂੰਘਾ ਸਬੰਧ ਹੈ। ਕਿਸੇ ਮਰੀਜ਼ ਨਾਲ ਹਮਦਰਦੀ ਭਰਿਆ ਵਿਵਹਾਰ ਕਰਨਾ, ਉਸ ਦੀ ਗੱਲ ਧਿਆਨ ਨਾਲ ਸੁਣਨਾ ਤੇ ਲੋੜ ਸਮੇਂ ਸਹੀ ਮਾਰਗਦਰਸ਼ਨ ਦੇਣਾ ਵੀ ਮਨੁੱਖਤਾ ਦੀ ਸੇਵਾ ਦਾ ਅਹਿਮ ਹਿੱਸਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਬੱਚਿਆਂ ’ਚ ਵੀ ਦੂਜਿਆਂ ਦੀ ਮਦਦ ਕਰਨ, ਬਜ਼ੁਰਗਾਂ ਦਾ ਸਤਿਕਾਰ ਕਰਨ ਤੇ ਹਰ ਮਨੁੱਖ ਨਾਲ ਪਿਆਰ ਨਾਲ ਪੇਸ਼ ਆਉਣ ਦੀਆਂ ਕਦਰਾਂ-ਕੀਮਤਾਂ ਪੈਦਾ ਕਰਨੀਆਂ ਚਾਹੀਦੀਆਂ ਹਨ। ਸਰਕਾਰੀ ਮਟੋਰ ਸਕੂਲ ਦੇ ਮੁੱਖ ਅਧਿਆਪਕ ਗੁਰ ਜਤਿੰਦਰ ਪਾਲ ਸਿੰਘ ਨੇ ਕਿਹਾ ਕਿ ਬੱਚਿਆਂ ਨੂੰ ਕਿਤਾਬੀ ਸਿੱਖਿਆ ਦੇ ਨਾਲ-ਨਾਲ ਚੰਗੇ ਸੰਸਕਾਰ ਤੇ ਸਮਾਜਿਕ ਜ਼ਿੰਮੇਵਾਰੀਆਂ ਬਾਰੇ ਜਾਣੂ ਕਰਵਾਉਣਾ ਵੀ ਬਹੁਤ ਜ਼ਰੂਰੀ ਹੈ। ਸਕੂਲ ਉਹ ਥਾਂ ਹੈ ਜਿੱਥੇ ਬੱਚੇ ਸਾਂਝ, ਸਹਿਣਸ਼ੀਲਤਾ, ਅਨੁਸ਼ਾਸਨ ਤੇ ਸੇਵਾ ਦੀ ਭਾਵਨਾ ਸਿੱਖਦੇ ਹਨ। ਜੇਕਰ ਨਵੀਂ ਪੀੜ੍ਹੀ ’ਚ ਦੂਜਿਆਂ ਦੀ ਮਦਦ ਕਰਨ ਦਾ ਜਜ਼ਬਾ ਪੈਦਾ ਹੋ ਜਾਵੇ ਤਾਂ ਇੱਕ ਬਿਹਤਰ ਤੇ ਸੰਵੇਦਨਸ਼ੀਲ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ ਹੈ। ਤਿੰਨਾਂ ਸ਼ਖ਼ਸੀਅਤਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਦਿਆਲਤਾ ਨੂੰ ਸਿਰਫ਼ ਕਿਸੇ ਇੱਕ ਵਿਸ਼ੇਸ਼ ਦਿਨ ਤੱਕ ਸੀਮਤ ਨਾ ਰੱਖਿਆ ਜਾਵੇ, ਸਗੋਂ ਇਸ ਨੂੰ ਆਪਣੇ ਰੋਜ਼ਾਨਾ ਜੀਵਨ ਦਾ ਹਿੱਸਾ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਲੋੜਵੰਦ ਦੀ ਮਦਦ, ਬਜ਼ੁਰਗਾਂ ਦਾ ਸਤਿਕਾਰ, ਬੱਚਿਆਂ ਦੀ ਹੌਸਲਾ ਅਫ਼ਜ਼ਾਈ ਤੇ ਦੁਖੀ ਮਨੁੱਖ ਨਾਲ ਖੜ੍ਹਨਾ ਹੀ ਮਨੁੱਖਤਾ ਦੀ ਸੱਚੀ ਸੇਵਾ ਹੈ।