ਮੁੱਖ ਮਾਰਗਾਂ ’ਤੇ ਘੁੰਮਦੇ ਅਵਾਰਾ ਪਸ਼ੂ ਬਣ ਰਹੇ ਹਾਦਸਿਆਂ ਦਾ ਕਾਰਨ ਮੁੱਖ ਮਾਰਗਾਂ ’ਤੇ ਘੁੰਮਦੇ ਅਵਾਰਾ ਪਸ਼ੂ ਬਣਦੇ ਹਨ ਹਾਦਸਿਆਂ ਦਾ ਕਾਰਨ
Publish Date: Wed, 11 Nov 2026 06:07 PM (IST)
Updated Date: Wed, 11 Nov 2026 06:09 PM (IST)
ਨਰਿੰਦਰ ਸੈਣੀ, ਪੰਜਾਬੀ ਜਾਗਰਣ, ਸ੍ਰੀ ਕੀਰਤਪੁਰ ਸਾਹਿਬ : ਇਲਾਕੇ ’ਚ ਮੁੱਖ ਮਾਰਗਾਂ ’ਤੇ ਅਵਾਰਾ ਪਸ਼ੂਆਂ ਦੇ ਘੁੰਮਦੇ ਝੁੰਡਾਂ ਕਾਰਨ ਜਿਆਦਾਤਰ ਸੜਕੀ ਹਾਦਸੇ ਵਾਪਰਦੇ ਹਨ, ਪਰ ਪ੍ਰਸ਼ਾਸਨ ਇਨ੍ਹਾਂ ਨੂੰ ਰੋਕਣ ਲਈ ਨਾ ਕਾਮਯਾਬ ਸਾਬਤ ਹੋ ਰਿਹਾ ਹੈ। ਮੁੱਖ ਮਾਰਗਾਂ ’ਤੇ ਘੁੰਮਦੇ ਅਵਾਰਾ ਪਸ਼ੂਆਂ ਦੇ ਝੁੰਡ ਕਿਸਾਨਾਂ ਦੀਆਂ ਫਸਲਾਂ ਦਾ ਵੀ ਨੁਕਸਾਨ ਕਰ ਰਹੇ ਹਨ। ਸਰਹੱਦੀ ਇਲਾਕੇ ਕਾਰਨ ਨਜ਼ਦੀਕ ਲੱਗਦੇ ਹਿਮਾਚਲ ਪ੍ਰਦੇਸ਼ ਦੇ ਪਿੰਡਾਂ ਵਿੱਚੋਂ ਕਈ ਕਿਸਾਨ ਰਾਤ ਦੇ ਹਨੇਰੇ ’ਚ ਟਰੱਕਾਂ ’ਚ ਭਰ ਕੇ ਅਵਾਰਾਂ ਗਊਆਂ ਤੇ ਸਾਨਾਂ ਨੂੰ ਪੰਜਾਬ ਦੇ ਮੁੱਖ ਮਾਰਗਾਂ ’ਤੇ ਛੱਡ ਜਾਂਦੇ ਹਨ ਤੇ ਇਹ ਹੀ ਅਵਾਰਾ ਪਸ਼ੂਆਂ ਦੇ ਝੁੰਡ ਮੁੱਖ ਮਾਰਗਾਂ ’ਤੇ ਘੁੰਮਦੇ ਰਹਿੰਦੇ ਹਨ ਤੇ ਮੁੱਖ ਮਾਰਗਾਂ ’ਤੇ ਵਾਹਨਾ ਨਾਲ ਟਕਰਾ ਕੇ ਹਾਦਸੇ ਦਾ ਕਾਰਨ ਬਣਦੇ ਹਨ, ਜਿਆਦਾਤਰ ਖਤਰਾ ਇਨ੍ਹਾਂ ਅਵਾਰਾ ਪਸ਼ੂਆਂ ਤੋਂ ਦੋ ਪਹੀਆ ਵਾਹਨ ਚਾਲਕਾਂ ਨੂੰ ਹੁੰਦਾ ਹੈ, ਰਾਤ ਸਮੇਂ ਦੋ ਪਹੀਆ ਵਾਹਨ ਚਾਲਕ ਲਾਈਟਾਂ ਪੈਣ ਕਰਕੇ ਕਾਲੇ ਰੰਗ ਦੇ ਸਾਨ ਤੇ ਗਊਆਂ ਨੂੰ ਨਹੀਂ ਦੇਖ ਪਾਉਂਦੇ ਤੇ ਹਾਦਸਾ ਵਾਪਰ ਜਾਂਦਾ ਹੈ। ਬੇਸ਼ੱਕ ਇਲਾਕੇ ’ਚ ਵੱਡੀਆਂ ਗਊਸ਼ਾਲਾ ਬਣੀਆਂ ਹੋਈਆਂ ਹਨ, ਪਰ ਜਦੋਂ ਵੀ ਸਥਾਨਕ ਇਲਾਕਾ ਵਾਸੀ ਇਨ੍ਹਾਂ ਅਵਾਰਾ ਪਸ਼ੂਆਂ ਨੂੰ ਗਊਸ਼ਾਲਾ ’ਚ ਛੱਡ ਕੇ ਆਉਂਦੇ ਹਨ ਤਾਂ ਕੁਝ ਦਿਨਾਂ ਬਾਅਦ ਇਹ ਫਿਰ ਸੜਕਾਂ ’ਤੇ ਦਿਖਾਈ ਦਿੰਦੇ ਹਨ ਕਿਉਂਕਿ ਗਊਸ਼ਾਲਾ ਵਾਲੇ ਵੀ ਦੁੱਧ ਦੇਣ ਵਾਲੀਆਂ ਗਊਆਂ ਨੂੰ ਹੀ ਰੱਖਦੇ ਹਨ। ਇਹ ਨਾ ਅਵਾਰਾ ਪਸ਼ੂਆਂ ਕਾਰਨ ਇਲਾਕੇ ਦੇ ਕਿਸਾਨ ਵੀ ਪਰੇਸ਼ਾਨ ਹਨ ਜਿੱਥੇ ਕਿਤੇ ਵੀ ਕਿਸਾਨ ਦੇ ਖੇਤਾਂ ’ਚ 25 ਤੋਂ 30 ਅਵਾਰਾ ਪਸ਼ੂਆਂ ਦਾ ਝੁੰਡ ਖੇਤਾਂ ’ਚ ਫਸਲ ਨੂੰ ਪੈਂਦਾ ਹੈ ਤਾਂ ਫਸਲਾਂ ਦਾ ਉਜਾੜਾ ਕਰਕੇ ਰੱਖ ਦਿੰਦਾ ਹੈ। ਕਿਸਾਨਾਂ ਵੱਲੋਂ ਹੀ ਇਨ੍ਹਾਂ ਅਵਾਰਾ ਪਸ਼ੂਆਂ ਨੂੰ ਮੁੱਖ ਮਾਰਗਾਂ ’ਤੇ ਡੰਡਾ ਮਾਰ ਕੇ ਅੱਗੇ ਕਰ ਦਿੱਤਾ ਜਾਂਦਾ ਹੈ। ਸ੍ਰੀ ਕੀਰਤਪੁਰ ਸਾਹਿਬ ਦੇ ਆਸ ਪਾਸ ਦੇ ਇਲਾਕੇ ’ਚ ਸੈਂਕੜੇ ਅਵਾਰਾ ਪਸ਼ੂ ਘੁੰਮਦੇ ਹਨ ਜੋ ਬਾਜ਼ਾਰ ’ਚ ਕਈ ਦੁਕਾਨਦਾਰਾਂ ਦਾ ਨੁਕਸਾਨ ਵੀ ਕਰ ਚੁੱਕੇ ਹਨ। ਇਲਾਕੇ ਅੰਦਰ ਕਈ ਸਾਨ ਬਜ਼ੁਰਗਾਂ ਤੇ ਬੱਚਿਆਂ ਨੂੰ ਵੀ ਜ਼ਖਮੀ ਕਰ ਚੁੱਕੇ ਹਨ, ਪਰ ਪ੍ਰਸ਼ਾਸਨ ਵੱਲੋਂ ਇਨ੍ਹਾਂ ਦਾ ਕੋਈ ਸਥਾਈ ਹੱਲ ਨਹੀਂ ਲੱਭ ਸਕਿਆ। ਇਲਾਕਾ ਨਿਵਾਸੀਆਂ ਵੱਲੋਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਗਈ ਹੈ ਕਿ ਅਵਾਰਾ ਸਾਨ੍ਹਾਂ, ਗਊਆਂ ਤੇ ਅਵਾਰਾ ਕੁੱਤਿਆਂ ਦਾ ਸਥਾਈ ਹੱਲ ਕੀਤਾ ਜਾਵੇ ਤਾਂ ਜੋ ਕੋਈ ਹੋਰ ਵੱਡਾ ਹਾਦਸਾ ਨਾ ਵਾਪਰੇ।