ਹੱਡੀਆਂ ਦੇ ਮਾਹਿਰ ਡਾਕਟਰ ਦੀ ਓਪੀਡੀ ਮੁੜ ਸ਼ੁਰੂ ਸਰਕਾਰੀ ਹਸਪਤਾਲ ਸਿੰਘਪੁਰ ਵਿਖੇ ਹੱਡੀਆਂ ਦੇ ਮਾਹਿਰ ਡਾਕਟਰ ਦੀ ਓਪੀਡੀ ਮੁੜ ਸ਼ੁਰੂ
Publish Date: Wed, 11 Nov 2026 04:11 PM (IST)
Updated Date: Wed, 11 Nov 2026 04:12 PM (IST)
ਵੱਡੇ ਆਪ੍ਰੇਸ਼ਨਾਂ ਸਮੇਤ ਹੱਡੀਆਂ ਤੇ ਜੋੜਾਂ ਦੇ ਇਲਾਜ ਦੀ ਮਿਲੇਗੀ ਸਹੂਲਤ ਵਿਧਾਇਕ ਦਿਨੇਸ਼ ਚੱਢਾ ਦੇ ਯਤਨਾਂ ਸਦਕਾ ਲੋਕਾਂ ਨੂੰ ਮਿਲਿਆ ਵੱਡਾ ਤੋਹਫ਼ਾ ਦਿਨੇਸ਼ ਹੱਲਣ, ਪੰਜਾਬੀ ਜਾਗਰਣ, ਨੂਰਪੁਰਬੇਦੀ : ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਦੇ ਵਿਸ਼ੇਸ਼ ਯਤਨਾਂ ਤੇ ਸਫ਼ਲ ਕੋਸ਼ਿਸ਼ਾਂ ਸਦਕਾ ਸਰਕਾਰੀ ਹਸਪਤਾਲ ਸਿੰਘਪੁਰ ਵਿਖੇ ਸਿਹਤ ਸਹੂਲਤਾਂ ’ਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸੇ ਲੜੀ ਤਹਿਤ ਹੁਣ ਸਰਕਾਰੀ ਹਸਪਤਾਲ ਸਿੰਘਪੁਰ ਵਿਖੇ ਹੱਡੀਆਂ ਦੇ ਮਾਹਿਰ ਡਾਕਟਰ ਦੀ ਓਪੀਡੀ ਮੁੜ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਨਾਲ ਇਲਾਕੇ ਦੇ ਲੋਕਾਂ ਨੂੰ ਹੱਡੀਆਂ ਤੇ ਜੋੜਾਂ ਨਾਲ ਸਬੰਧਤ ਬਿਮਾਰੀਆਂ ਦੇ ਇਲਾਜ ਲਈ ਵੱਡੀ ਰਾਹਤ ਮਿਲੇਗੀ। ਸਰਕਾਰੀ ਹਸਪਤਾਲ ਸਿੰਘਪੁਰ ਵਿਖੇ ਹੱਡੀਆਂ ਦੇ ਮਾਹਿਰ ਡਾਕਟਰ ਸਮੀਰ ਸਾਦਿਕ ਦੀ ਨਿਯੁਕਤੀ ਕੀਤੀ ਗਈ ਹੈ, ਜੋ ਰੋਜ਼ਾਨਾ ਤਿੰਨ ਘੰਟੇ ਆਪਣੀਆਂ ਸੇਵਾਵਾਂ ਪ੍ਰਦਾਨ ਕਰਨਗੇ। ਪੰਜਾਬ ਸਰਕਾਰ ਦੀ ਇੰਪੈਨਲਮੈਂਟ ਸਕੀਮ ਤਹਿਤ ਕੀਤੀ ਗਈ ਇਸ ਨਿਯੁਕਤੀ ਨਾਲ ਮਰੀਜ਼ਾਂ ਨੂੰ ਓਪੀਡੀ ’ਚ ਜਾਂਚ ਤੇ ਇਲਾਜ ਦੇ ਨਾਲ-ਨਾਲ ਲੋੜ ਅਨੁਸਾਰ ਵੱਖ-ਵੱਖ ਤਰ੍ਹਾਂ ਦੇ ਆਪ੍ਰੇਸ਼ਨਾਂ ਦੀ ਸਹੂਲਤ ਵੀ ਸਰਕਾਰੀ ਹਸਪਤਾਲ ’ਚ ਮਿਲ ਸਕੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਹਰਪ੍ਰੀਤ ਕੌਰ ਨੇ ਦੱਸਿਆ ਕਿ ਮਾਹਿਰ ਡਾਕਟਰ ਵੱਲੋਂ ਹੱਡੀਆਂ ਦੇ ਫ੍ਰੈਕਚਰ, ਜੋੜਾਂ ਦੀਆਂ ਸਮੱਸਿਆਵਾਂ, ਹਾਦਸਿਆਂ ਦੌਰਾਨ ਲੱਗੀਆਂ ਸੱਟਾਂ ਤੇ ਹੋਰ ਆਰਥੋਪੀਡਿਕ ਬਿਮਾਰੀਆਂ ਦਾ ਇਲਾਜ ਕੀਤਾ ਜਾਵੇਗਾ। ਇਸ ਤੋਂ ਇਲਾਵਾ ਮਰੀਜ਼ਾਂ ਦੀ ਲੋੜ ਅਨੁਸਾਰ ਗੋਡਿਆਂ ਦਾ ਜੋੜ ਬਦਲਣ (ਟੀਕੇਆਰ), ਚੂਲੇ ਦਾ ਜੋੜ ਬਦਲਣ (ਹਿੱਪ ਰਿਪਲੇਸਮੈਂਟ), ਟੁੱਟੀਆਂ ਹੱਡੀਆਂ ’ਚ ਰਾਡਾਂ, ਪਲੇਟਾਂ ਤੇ ਤਾਰਾਂ ਪਾਉਣ ਵਰਗੇ ਅਹਿਮ ਆਪ੍ਰੇਸ਼ਨਾਂ ਦੀ ਸਹੂਲਤ ਵੀ ਉਪਲਬਧ ਹੋਵੇਗੀ। ਇਸ ਦੇ ਨਾਲ ਹੀ ਫ੍ਰੈਕਚਰ ਦਾ ਪਲਾਸਟਰ, ਹੱਡੀਆਂ ਨੂੰ ਬਾਹਰੀ ਫਿਕਸੇਸ਼ਨ ਰਾਹੀਂ ਸਥਿਰ ਕਰਨਾ ਤੇ ਹੱਡੀਆਂ ਤੇ ਜੋੜਾਂ ਦੇ ਟੇਢੇਪਣ ਨੂੰ ਠੀਕ ਕਰਨ ਵਰਗੀਆਂ ਸੇਵਾਵਾਂ ਵੀ ਦਿੱਤੀਆਂ ਜਾਣਗੀਆਂ। ਸ਼ੂਗਰ ਦੇ ਮਰੀਜ਼ਾਂ ਦੇ ਪੈਰਾਂ ’ਚ ਹੋਣ ਵਾਲੇ ਇਨਫੈਕਸ਼ਨ ਦੇ ਇਲਾਜ ਦੀ ਸਹੂਲਤ ਵੀ ਇਸ ਸੇਵਾ ਦਾ ਹਿੱਸਾ ਹੋਵੇਗੀ। ਇਸ ਨਵੀਂ ਸਹੂਲਤ ਨਾਲ ਇਲਾਕੇ ਦੇ ਲੋਕਾਂ ਨੂੰ ਹੱਡੀਆਂ ਦੇ ਇਲਾਜ ਤੇ ਵੱਡੇ ਆਪ੍ਰੇਸ਼ਨਾਂ ਲਈ ਦੂਰ-ਦੁਰਾਡੇ ਦੇ ਹਸਪਤਾਲਾਂ ’ਚ ਜਾਣ ਦੀ ਲੋੜ ਘੱਟ ਪਵੇਗੀ ਤੇ ਉਨ੍ਹਾਂ ਨੂੰ ਸਰਕਾਰੀ ਹਸਪਤਾਲ ’ਚ ਹੀ ਮਾਹਿਰ ਡਾਕਟਰ ਦੀਆਂ ਸੇਵਾਵਾਂ ਮਿਲ ਸਕਣਗੀਆਂ।